Nabaz-e-punjab.com

ਐਰੋਸਿਟੀ ਦੇ ਅਲਾਟੀ ਮੁੱਢਲੀਆਂ ਸਹੂਲਤਾਂ ਨੂੰ ਤਰਸੇ, ਗਮਾਡਾ ਦੀ ਅਣਦੇਖੀ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਨਾ ਕੋਈ ਮਾਰਕੀਟ, ਨਾ ਸੜਕਾਂ ਬਣੀਆਂ, ਪਾਰਕਾਂ ਦਾ ਵੀ ਬੁਰਾ ਹਾਲ, ਸ਼ਰਾਬ ਦਾ ਠੇਕਾ ਖੋਲ੍ਹਣ ਦਾ ਵੀ ਕੀਤਾ ਵਿਰੋਧ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਈ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਮੁਹਾਲੀ ਕੌਮਾਂਤਰੀ ਏਅਰਪੋਰਟ ਨੇੜੇ ਵਸਾਈ ਜਾ ਰਹੀ ਐਰੋਸਿਟੀ ਦੇ ਅਲਾਟੀ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ। ਏਅਰਪੋਰਟ ਨੇੜੇ ਆਪਣੇ ਸੁਪਨਿਆਂ ਦਾ ਘਰ ਬਣਾਉਣ ਲਈ ਆਪਣੇ ਜੀਵਨ ਭਰ ਦੀ ਪੂੰਜੀ ਖ਼ਰਚ ਕਰਕੇ ਪਲਾਟ ਖਰੀਦਣ ਵਾਲੇ ਲੋਕਾਂ ਨੂੰ ਅਤਿ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ ਸੀ ਲੇਕਿਨ ਪ੍ਰਸ਼ਾਸਨ ਨੇ ਲੋਕਾਂ ਨੂੰ ਸਹੂਲਤਾਂ ਤਾਂ ਕੀ ਦੇਣੀਆਂ ਸਨ, ਉਲਟਾ ਇੱਥੇ ਨਿਯਮਾਂ ਦੇ ਖ਼ਿਲਾਫ਼ ਖੋਲ੍ਹੇ ਜਾ ਰਹੇ ਸ਼ਰਾਬ ਦੇ ਠੇਕੇ ਵਿਰੁੱਧ ਅਲਾਟੀ ਸੜਕਾਂ ’ਤੇ ਉਤਰ ਆਏ ਹਨ।
ਇਸ ਮੌਕੇ ਐਰੋਸਿਟੀ ਵਿਕਾਸ ਤੇ ਭਲਾਈ ਕਮੇਟੀ ਦੇ ਪ੍ਰਧਾਨ ਰਵਿੰਦਰ ਸਿੰਘ ਤੁਲੀ, ਮੁੱਖ ਸਰਪ੍ਰਸਤ ਨਰੇਸ਼ ਅਰੋੜਾ, ਜਨਰਲ ਸਕੱਤਰ ਕੁਲਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਜਸਪਿੰਦਰ ਕੌਰ, ਰਮਿੰਦਰ ਕੌਰ, ਇਕਬਾਲ ਸਿੰਘ, ਵਿਜੈ ਗੁਪਤਾ ਨੇ ਦੱਸਿਆ ਕਿ ਐਰੋਸਿਟੀ ਵਿੱਚ ਇਸ ਸਮੇਂ ਵੱਡੀ ਗਿਣਤੀ ਵਿੱਚ ਅਲਾਟੀਆਂ ਨੇ ਮਕਾਨ ਬਣਾ ਕੇ ਰਹਿਣਾ ਸ਼ੁਰੂ ਕਰ ਦਿੱਤਾ ਹੈ ਲੇਕਿਨ ਇੱਥੇ ਮੁੱਢਲੀਆਂ ਸਹੂਲਤਾਂ ਦੀ ਭਾਰੀ ਘਾਟ ਦੇ ਚੱਲਦਿਆਂ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਐਰੋਸਿਟੀ ਵਿੱਚ ਪਾਰਕਾਂ ਵਿੱਚ ਬੈਠਣ ਲਈ ਬੈਂਚ ਅਤੇ ਬੱਚਿਆਂ ਦੇ ਖੇਡਣ ਲਈ ਝੁੱਲੇ ਨਹੀਂ ਲਗਾਏ ਗਏ ਅਤੇ ਸੜਕਾਂ ਦੀ ਹਾਲਤ ਕਾਫੀ ਖਸਤਾ ਬਣੀ ਹੋਈ ਹੈ, ਇੱਥੇ ਨਾ ਹੀ ਕੋਈ ਮਾਰਕੀਟ ਹੈ। ਇਸ ਤੋਂ ਇਲਾਵਾ ਵੇਰਕਾ ਬੂਥ ਦੀ ਵੀ ਵਿਵਸਥਾ ਨਹੀਂ ਕੀਤੀ ਗਈ ਹੈ। ਇੱਥੇ ਗੁਰਦੁਆਰਾ ਸਾਹਿਬ ਅਤੇ ਮੰਦਰ ਲਈ ਵੀ ਥਾਂ ਨਿਸ਼ਚਿਤ ਨਹੀਂ ਕੀਤੀ ਜਾ ਰਹੀ ਹੈ।
ਪੀੜਤ ਅਲਾਟੀਆਂ ਨੇ ਕਿਹਾ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੀ ਮੰਗ ਕਰਦੇ ਆ ਰਹੇ ਹਨ ਪ੍ਰੰਤੂ ਗਮਾਡਾ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਐਰੋਸਿਟੀ ਵਿੱਚ ਮਾਰਕੀਟ ਬਣਾਈ ਗਈ ਹੈ ਸਗੋਂ ਸਾਰੇ ਕੰਮ ਛੱਡ ਕੇ ਇੱਥੇ ਸ਼ਰਾਬ ਦਾ ਠੇਕਾ ਖੋਲ੍ਹਣ ਨੂੰ ਤਵੱਜੋ ਦਿੱਤੀ ਜਾ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੁੱਡਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਤੋਂ ਨਿੱਜੀ ਦਖ਼ਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਐਰੋਸਿਟੀ ਦੇ ਸਰਬਪੱਖੀ ਵਿਕਾਸ ਵੱਲ ਧਿਆਨ ਦਿੱਤਾ ਜਾਵੇ ਅਤੇ ਇੱਥੇ ਖੁੱਲ੍ਹ ਰਿਹਾ ਸ਼ਰਾਬ ਦਾ ਠੇਕਾ ਤੁਰੰਤ ਬੰਦ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ’ਤੇ ਗੌਰ ਨਹੀਂ ਕੀਤਾ ਤਾਂ ਸਮੂਹ ਅਲਾਟੀਆਂ ਵੱਲੋਂ ਸੰਘਰਸ਼ ਵਿੱਢਿਆ ਜਾਵੇਗਾ।
(ਬਾਕਸ ਆਈਟਮ)
ਉਧਰ, ਗਮਾਡਾ ਦੇ ਅਸਟੇਟ ਅਫ਼ਸਰ (ਐਰੋਸਿਟੀ) ਰੋਹਿਤ ਗੁਪਤਾ ਨੇ ਕਿਹਾ ਕਿ ਐਰੋਸਿਟੀ ਵਿੱਚ ਵੱਖ ਵੱਖ ਵਿਕਾਸ ਕੰਮ ਜੰਗੀ ਪੱਧਰ ’ਤੇ ਚਲ ਰਹੇ ਹਨ। ਕਈ ਹਿੱਸਿਆਂ ਵਿੱਚ ਵਿਕਾਸ ਦੇ ਕੰਮ ਮੁਕੰਮਲ ਕਰ ਲਏ ਹਨ ਅਤੇ ਬਾਕੀ ਥਾਵਾਂ ’ਤੇ ਚਲ ਰਹੇ ਵਿਕਾਸ ਕਾਰਜਾਂ ਨੂੰ ਛੇਤੀ ਅਤੇ ਮਿੱਥੇ ਸਮੇਂ ਵਿੱਚ ਮੁਕੰਮਲ ਕਰਨ ਲਈ ਇੰਜੀਨੀਅਰਿੰਗ ਵਿੰਗ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸ਼ਰਾਬ ਦਾ ਠੇਕਾ ਖੋਲ੍ਹਣ ਬਾਰੇ ਅਧਿਕਾਰੀ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਜਾਂਚ ਕਰਨਗੇ। ਜੇਕਰ ਠੇਕੇ ਲਈ ਥਾਂ ਅਲਾਟ ਕਰਨ ਵਿੱਚ ਕੋਈ ਉਣਤਾਈ ਸਾਹਮਣੇ ਆਈ ਤਾਂ ਉਸ ਨੂੰ ਤੁਰੰਤ ਮੌਕੇ ਦੇ ਹਾਲਾਤਾਂ ਮੁਤਾਬਕ ਠੀਕ ਕਰ ਦਿੱਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

CM lays foundation stone of expansion of the DAC, Moga by constructing third and fourth floor

CM lays foundation stone of expansion of the DAC, Moga by constructing third and fourth fl…