
ਜੁਗਾੜੂ ਰੇਹੜੀਆਂ ਨੂੰ ਮਾਨਤਾ ਦੇਣ ਵਿਰੁੱਧ ‘ਆਪ’ ਸਰਕਾਰ ’ਤੇ ਭੜਕੇ ਛੋਟਾ ਹਾਥੀ ਤੇ ਹੋਰ ਵਾਹਨ ਚਾਲਕ
ਛੋਟਾ ਹਾਥੀ ਤੇ ਹੋਰ ਛੋਟੇ ਵਾਹਨ ਚਾਲਕਾਂ ਨੇ ਡੀਸੀ ਨੂੰ ਮੰਗ ਪੱਤਰ ਸੌਂਪਆਂ, ਸੰਘਰਸ਼ ਵਿੱਢਣ ਦਾ ਐਲਾਨ
ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾ ਰਹੇ ਨੇ ‘ਜੁਗਾੜੂ ਵਾਹਨ’: ਗੁਰਮੇਲ ਸਿੰਘ ਤੇ ਸ਼ੇਰ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਪਰੈਲ:
ਮੁੱਖ ਮੰਤਰੀ ਭਗਵੰਤ ਮਾਨ ਦੇ ਨਿੱਜੀ ਦਖ਼ਲ ਤੋਂ ਬਾਅਦ ਪੰਜਾਬ ਪੁਲੀਸ ਨੇ ‘ਜੁਗਾੜੂ ਰੇਹੜੀਆਂ’ ’ਤੇ ਲਾਈ ਪਾਬੰਦੀ ਦੇ ਹੁਕਮ ਵਾਪਸ ਲੈ ਕੇ ‘ਆਪ’ ਸਰਕਾਰ ਨੇ ਬਾਕੀ ਕਮਰਸ਼ੀਅਲ ਵਾਹਨ ਚਾਲਕਾਂ ਦੀ ਨਾਰਾਜ਼ਗੀ ਮੁੱਲ ਲੈ ਗਈ ਹੈ। ‘ਜੁਗਾੜੂ ਰੇਹੜੀਆਂ’ ਨੂੰ ਆਰਜ਼ੀ ਮਾਨਤਾ ਦੇਣ ਵਿਰੁੱਧ ਛੋਟਾ ਹਾਥੀ ਅਤੇ ਹੋਰ ਵਾਹਨ ਚਾਲਕਾਂ ਨੇ ‘ਆਪ’ ਸਰਕਾਰ ਵਿਰੁੱਧ ਮੋਰਚਾ ਖੋਲ੍ਹਦਿਆਂ ਹੁਕਮਰਾਨਾਂ ’ਤੇ ਪੰਜਾਬ ਪੁਲੀਸ ਦੇ ਕੰਮਾਂ ਵਿੱਚ ਬੇਲੋੜਾ ਦਖ਼ਲ ਦੇਣ ਦਾ ਦੋਸ਼ ਲਾਇਆ ਹੈ। ਗੋਲਡਨ ਲੋਡਿੰਗ ਫੋਰ ਵੀਲ੍ਹਰ ਟੈਂਪੂ ਯੂਨੀਅਨ ਦੇ ਪ੍ਰਧਾਨ ਸ਼ੇਰ ਸਿੰਘ ਅਤੇ ਗੁਰਮੇਲ ਸਿੰਘ ਚੱਪੜਚਿੜੀ ਦੀ ਅਗਵਾਈ ਹੇਠ ਛੋਟੇ ਵਾਹਨ ਚਾਲਕਾਂ ਨੇ ਮੁਹਾਲੀ ਵਿਖੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਅਤੇ ਖੇਤਰੀ ਟਰਾਂਸਪੋਰਟ ਅਥਾਰਟੀ (ਆਰਟੀਏ) ਦੇ ਸਕੱਤਰ ਸੁਖਵਿੰਦਰ ਕੁਮਾਰ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ। ਉਨ੍ਹਾਂ ਮੰਗ ਕੀਤੀ ਕਿ ‘ਜੁਗਾੜੂ ਰੇਹੜੀਆਂ’ ’ਤੇ ਪੂਰਨ ਪਾਬੰਦੀ ਲਾਈ ਜਾਵੇ ਅਤੇ ਸਰਕਾਰੀ ਨੇਮਾਂ ਅਤੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਗੁਰਮੇਲ ਸਿੰਘ ਚੱਪੜਚਿੜੀ ਅਤੇ ਸ਼ੇਰ ਸਿੰਘ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਕਮਰਸ਼ੀਅਲ ਵਾਹਨ ਖ਼ਰੀਦਦਾ ਹੈ ਤਾਂ ਉਸ ’ਤੇ ਵਾਹਨ ਦੀ ਖ਼ਰੀਦ ਤੋਂ ਲੈ ਕੇ ਆਰਸੀ ਬਣਾਉਣ ਤੱਕ ਕਈ ਟੈਕਸ ਵਸੂਲੇ ਜਾਂਦੇ ਹਨ ਪ੍ਰੰਤੂ ਮੋਟਰ ਸਾਈਕਲ ਨੂੰ ‘ਜੁਗਾੜੂ ਵਾਹਨ’ ਵਜੋਂ ਵਰਤਣ ਵਾਲਿਆਂ ’ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ। ਚਾਲਕਾਂ ਨੇ ਕਿਹਾ ਕਿ ਉਨ੍ਹਾਂ ਨੇ ਕਰਜ਼ਾ ਲੈ ਕੇ ਛੋਟਾ ਹਾਥੀ ਅਤੇ ਹੋਰ ਚਾਰ ਪਹੀਆ ਵਾਹਨ ਖ਼ਰੀਦੇ ਸਨ ਪ੍ਰੰਤੂ ਜੁਗਾੜੂ ਰੇਹੜੀਆਂ ਚੱਲਣ ਕਾਰਨ ਉਨ੍ਹਾਂ ਦਾ ਕੰਮ ਕਾਫ਼ੀ ਪ੍ਰਭਾਵਿਤ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਬੈਂਕ ਦੀਆਂ ਕਿਸ਼ਤਾਂ ਮੋੜਨੀਆਂ ਵੀ ਅੌਖੀ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਜੁਗਾੜੂ ਰੇਹੜੀਆਂ ਕਾਰਨ ਨਿੱਤ ਦਿਨ ਸੜਕ ਹਾਦਸੇ ਵੀ ਵਾਪਰ ਰਹੇ ਹਨ।
ਉਨ੍ਹਾਂ ਕਿਹਾ ਕਿ ਅਜਿਹੇ ਵਾਹਨ ਕਿਸੇ ਕਾਨੂੰਨ ਦੇ ਘੇਰੇ ਵਿੱਚ ਨਹੀਂ ਆਉਂਦੇ ਹਨ ਪਰ ਅਧਿਕਾਰੀਆਂ ਦੀ ਮਿਲੀਭੁਗਤ ਅਤੇ ਅਣਦੇਖੀ ਕਾਰਨ ਇਹ ਜੁਗਾੜੂ ਵਾਹਨ ਬੇਖ਼ੌਫ਼ ਸੜਕਾਂ ’ਤੇ ਦੌੜ ਰਹੇ ਹਨ। ਉਨ੍ਹਾਂ ਨੇ ਡੀਸੀ ਰਾਹੀਂ ਪੰਜਾਬ ਸਰਕਾਰ ਨੂੰ 15 ਦਿਨ ਦਾ ਅਲਟੀਮੇਟਮ ਦਿੰਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ‘ਜੁਗਾੜੂ ਰੇਹੜੀਆਂ’ ਨੂੰ ਗੈਰਕਾਨੂੰਨੀ ਕਰਾਰ ਦੇ ਕੇ ਉਨ੍ਹਾਂ ਨੂੰ ਬੰਦ ਨਹੀਂ ਕੀਤਾ ਗਿਆ ਤਾਂ ਉਹ ਲੜੀਵਾਰ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਇਸ ਮੌਕੇ ਜਰਨੈਲ ਸਿੰਘ, ਹਰਪਾਲ ਸਿੰਘ, ਗੁਰਚਰਨ ਸਿੰਘ, ਸਵਰਨ ਸਿੰਘ, ਰਣਜੋਧ ਸਿੰਘ, ਅਜੈ ਕੁਮਾਰ, ਮਨਮੋਹਨ ਸਿੰਘ, ਸੁਰੇਸ਼ ਕੁਮਾਰ, ਮਨਦੀਪ ਸਿੰਘ, ਰਣਜੀਤ ਸਿੰਘ ਅਤੇ ਹੋਰ ਵਾਹਨ ਚਾਲਕ ਹਾਜ਼ਰ ਸਨ।