
ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਵਿੱਚ ਪੰਜਾਬ ਸਮਾਰਟ ਕਨੈਕਟ ਸਕੀਮ ਦੀ ਕੀਤੀ ਸ਼ੁਰੂਆਤ
ਨੌਜਵਾਨਾਂ ਨੂੰ ਅਤਿ-ਆਧੁਨਿਕ ਸਮਾਰਟ ਫੋਨ ਸੌਂਪੇ
*ਕਿਹਾ, ਡਿਜੀਟਲ ਸਾਖਰਤਾ ਵਿੱਚ ਆਵੇਗਾ ਇੰਕਲਾਬ
ਕਿਹਾ, ਫੋਨ ਨੌਜਵਾਨਾਂ ਨੂੰ ਆਨਲਾਈਨ ਸਿਖਲਾਈ, ਆਨਲਾਈਨ ਨਾਗਰਿਕ ਸੇਵਾਵਾਂ ਅਤੇ ਰੁਜ਼ਗਾਰ ਦੇ ਮੌਕੇ ਹਾਸਲ ਕਰਨ ਦੇ ਬਣਾਏਗਾ ਯੋਗ
ਸਕੀਮ ਦੇ ਪਹਿਲੇ ਪੜਾਅ ਵਿਚ ਮੁਹਾਲੀ ‘ਚ 5686 ਫੋਨ ਵੰਡੇ ਜਾਣਗੇ
ਨਬਜ਼-ਏ-ਪੰਜਾਬ ਬਿਊਰੋ, ਐਸ ਏ ਐਸ ਨਗਰ, 12 ਅਗਸਤ:
ਮੁਹਾਲੀ ਵਿੱਚ ਪੰਜਾਬ ਸਮਾਰਟ ਕਨੈਕਟ ਯੋਜਨਾ ਦੀ ਸ਼ੁਰੂਆਤ ਕਰਦਿਆਂ ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਇੱਕ ਮਹੱਤਵਪੂਰਨ ਉਪਰਾਲੇ ਵਜੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਯੋਜਿਤ ਇੱਕ ਸਧਾਰਨ ਪ੍ਰੋਗਰਾਮ ਵਿੱਚ ਸਰਕਾਰੀ ਸਕੂਲਾਂ ਦੇ ਬਾਰ੍ਹਵੀਂ ਜਮਾਤ ਦੇ ਪੰਦਰਾਂ ਵਿਦਿਆਰਥੀਆਂ ਨੂੰ ਸਮਾਰਟ ਫੋਨ ਸੌਂਪੇ। ਕੋਵਿਡ ਸਬੰਧੀ ਸੁਰੱਖਿਆ ਪ੍ਰੋਟੋਕੋਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸੇ ਵਿਆਪਕ ਸਮਾਰੋਹ ਦਾ ਆਯੋਜਨ ਨਹੀਂ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤਾ ਇਕ ਹੋਰ ਵਾਅਦਾ ਪੂਰਾ ਕੀਤਾ ਹੈ। ਪੰਜਾਬ ਸਮਾਰਟ ਕਨੈਕਟ ਸਕੀਮ ਦੇ ਪਹਿਲੇ ਪੜਾਅ ਵਿਚ ਸੂਬੇ ਦੇ ਯੋਗ ਨੌਜਵਾਨਾਂ ਨੂੰ ਤਕਰੀਬਨ 1.75 ਲੱਖ ਫੋਨ ਵੰਡੇ ਜਾਣਗੇ ਅਤੇ ਮੁਹਾਲੀ ‘ਚ 5686 ਫੋਨ ਵੰਡੇ ਜਾਣਗੇ । ਉਹਨਾਂ ਕਿਹਾ ਕਿ ਦਿੱਤੇ ਜਾਣ ਵਾਲੇ ਫੋਨਾਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਵਿਦਿਆਰਥੀਆਂ ਦੇ ਦਾਖਲੇ ਦੀ ਪ੍ਰਕਿਰਿਆ ਅਜੇ ਚੱਲ ਰਹੀ ਹੈ।
ਸਮਾਰਟ ਫੋਨਾਂ ਦੀ ਸਹੂਲਤ ਬਾਰੇ ਗੱਲ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਕੋਵਿਡ-19 ਦੇ ਮੁਸ਼ਕਲ ਸਮੇਂ ਵਿੱਚ ਇਹ ਫੋਨ ਵਿਦਿਆਰਥੀ ਨੂੰ ਡਿਜੀਟਲ ਸਿਖਲਾਈ ਦੀ ਸਹੂਲਤ ਦੇਣਗੇ ਅਤੇ ਆਪਣੇ ਕੋਰਸ ਨਾਲ ਸਬੰਧਤ ਜਾਣਕਾਰੀ ਪ੍ਰਾਪਤ ਕਰਨ ਦੇ ਯੋਗ ਬਣਾਉਣਗੇ। ਹੁਣ ਨੌਜਵਾਨਾਂ ਕੋਲ ਆਨਲਾਈਨ ਨਾਗਰਿਕ ਸੇਵਾਵਾਂ ਪ੍ਰਾਪਤ ਕਰਨ ਦੇ ਸਾਧਨ ਹੋਣਗੇ। ਉਹ ਸਰਕਾਰਾ ਦੀ ਪ੍ਰਮੁੱਖ ਸਕੀਮ ਘਰ-ਘਰ ਰੋਜ਼ਗਾਰ ਅਤੇ ਕਰੋਬਾਰ ਅਧੀਨ ਰੁਜ਼ਗਾਰ ਦੇ ਮੌਕੇ, ਰੋਜਗਾਰ ਮੇਲੇ ਅਤੇ ਭਰਤੀ ਮੁਹਿੰਮਾਂ ਦਾ ਲਾਭ ਲੈਣ ਦੇ ਯੋਗ ਹੋਣਗੇ। ਇਸ ਤੋਂ ਇਲਾਵਾ, ਡਿਜੀਟਲ ਸਾਖਰਤਾ ਵਿੱਚ ਸੁਧਾਰ ਦੇ ਨਾਲ, ਨੌਜਵਾਨ ਡਿਜੀਟਲ ਭੁਗਤਾਨ, ਬੀਮਾ, ਆਨਲਾਈਨ ਬੈਂਕਿੰਗ ਆਦਿ ਦਾ ਵੀ ਲਾਭ ਲੈ ਸਕਣਦੇ।
ਯੋਜਨਾ ਨੂੰ ਲਾਗੂ ਕਰਨ ਦੇ ਸਮੇਂ ਬਾਰੇ ਗੱਲ ਕਰਦਿਆਂ ਮੰਤਰੀ ਨੇ ਕਿਹਾ ਕਿ ਸਾਲ 2020-21 ਦੌਰਾਨ ਨੌਜਵਾਨਾਂ ਨੂੰ ਸਮਾਰਟ ਫੋਨਾਂ ਦੀ ਵੰਡ ਨਵੰਬਰ, 2020 ਤੱਕ ਮੁਕੰਮਲ ਹੋ ਜਾਵੇਗੀ।
ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ 50,000 ਸਮਾਰਟ ਫੋਨਾਂ ਦੀ ਪਹਿਲੀ ਖੇਪ ਪ੍ਰਾਪਤ ਕਰ ਲਈ ਹੈ ਅਤੇ ਬਾਕੀ ਫੋਨ ਵੀ ਜਲਦ ਪ੍ਰਾਪਤ ਕਰ ਲਏ ਜਾਣਗੇ। ਉਹਨਾਂ ਕਿਹਾ ਕਿ ਸੰਜੋਗ ਦੀ ਗੱਲ ਇਹ ਹੈ ਕਿ 12 ਅਗਸਤ ਜਿਸ ਦਿਨ ਨੌਜਵਾਨਾਂ ਨੂੰ ਫੋਨ ਦੇ ਕੇ ਉਹਨਾਂ ਦਾ ਸ਼ਕਤੀਕਰਨ ਕੀਤਾ ਗਿਆ ਉਸ ਦਿਨ ਕੌਮਾਂਤਰੀ ਯੁਵਕ ਦਿਵਸ ਹੈ।
ਜ਼ਿਕਰਯੋਗ ਹੈ ਕਿ ਵੱਡੇ ਇਕੱਠਾਂ ਤੋਂ ਬਚਣ ਲਈ ਇਹ ਸਕੀਮ ਪੰਜਾਬ ਅਤੇ ਚੰਡੀਗੜ੍ਹ ਦੀਆਂ 26 ਵੱਖ-ਵੱਖ ਥਾਵਾਂ ‘ਤੇ ਸੂਬਾ ਪੱਧਰ ‘ਤੇ ਲਾਂਚ ਕੀਤੀ ਗਈ ਹੈ। ਹਰੇਕ ਕਸਬੇ / ਜ਼ਿਲ੍ਹੇ ਵਿਚ ਪੜ੍ਹ੍ ਰਹੇ ਸਿਰਫ 15 ਵਿਦਿਆਰਥੀਆਂ ਨੂੰ ਹਰੇਕ ਸਥਾਨ ‘ਤੇ ਬੁਲਾ ਕੇ ਸਮਾਰਟ ਫੋਨ ਦਿਤੇ ਜਾ ਰਹੇ ਹਨ।
ਪੰਜਾਬ ਦੇ ਨੌਜਵਾਨ ਲਈ ਸਮਾਰਟ ਫੋਨ ਦੀ ਸਪੁਰਦਗੀ ਲਈ ਮੈਸਰਜ਼ ਲਾਵਾ ਨੂੰ ਇੰਪਲੀਮੈਂਟੇਸ਼ਨ ਪਾਰਟਨਰ ਵਜੋਂ ਚੁਣਿਆ ਗਿਆ ਹੈ।
ਸਮਾਰਟਫੋਨਾਂ ਵਿਚ ਐਮਸੇਵਾ ਅਤੇ ਕੈਪਟਨਕਨੈਕਟ ਐਪਸ ਪਹਿਲਾ ਹੀ ਇੰਸਟਾਲ ਹੋਣਗੀਆਂ।
ਇਸ ਪ੍ਰਾਜੈਕਟ ਦੀ ਕੁਲ ਲਾਗਤ ਲਗਭਗ 92 ਕਰੋੜ ਰੁਪਏ ਹੈ।