
ਸਮਾਰਟ ਵਿਲੇਜ ਸਕੀਮ: 100 ਕਰੋੜ ਦੀ ਲਾਗਤ ਨਾਲ ਬਦਲੀ ਜਾਵੇਗੀ ਪਿੰਡਾਂ ਦੀ ਕਾਇਆਕਲਪ
ਵਿਕਾਸ ਕਾਰਜਾਂ ’ਤੇ 58 ਕਰੋੜ ਰੁਪਏ ਖਰਚੇ, ਕੁੱਲ 1462 ਪ੍ਰਾਜੈਕਟ ਹੋਏ ਸੈਕਸ਼ਨ, 1140 ਕੰਮ ਜਾਰੀ
ਪੰਜਾਬ ਅਰਬਨ ਪ੍ਰੋਗਰਾਮ ਤਹਿਤ 30.55 ਕਰੋੜ ਦੀ ਲਾਗਤ ਨਾਲ 87 ਪ੍ਰਾਜੈਕਟ ਉਲੀਕੇ, 63 ਪ੍ਰਾਜੈਕਟਾਂ ਸਬੰਧੀ ਕੰਮ ਸ਼ੁਰੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੂਨ:
ਸਮਾਰਟ ਵਿਲੇਜ ਸਕੀਮ ਫੇਜ਼-2 ਤਹਿਤ ਮੁਹਾਲੀ ਜ਼ਿਲ੍ਹੇ ਵਿੱਚ 103 ਕਰੋੜ ਰੁਪਏ ਦੀ ਲਾਗਤ ਵਾਲੇ 1462 ਪ੍ਰਾਜੈਕਟ ਸੈਕਸ਼ਨ ਹੋਏ ਸਨ। ਜਿਨ੍ਹਾਂ ’ਚੋਂ 1140 ਪ੍ਰਾਜੈਕਟਾਂ ਦਾ ਕੰਮ ਜਾਰੀ ਹੈ ਅਤੇ ਹੁਣ ਤੱਕ ਇਨ੍ਹਾਂ ਪ੍ਰਾਜੈਕਟਾਂ ’ਤੇ 58 ਕਰੋੜ ਰੁਪਏ ਖ਼ਰਚੇ ਜਾ ਚੁੱਕੇ ਹਨ। ਇਹ ਜਾਣਕਾਰੀ ਅੱਜ ਇੱਥੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਆਸ਼ਿਕਾ ਜੈਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਕਾਸ ਸਕੀਮਾਂ ਦੀ ਸਮੀਖਿਆ ਬਾਰੇ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਅਰਬਨ ਇਨਵਾਰਨਮੈਂਟ ਇੰਪਰੂਵਮੈਂਟ ਪ੍ਰੋਗਰਾਮ ਫੇਜ਼-2 ਤਹਿਤ ਕਰੀਬ 30.55 ਕਰੋੜ ਰੁਪਏ ਦੀ ਲਾਗਤ ਨਾਲ 87 ਪ੍ਰੋਜੈਕਟ ਉਲੀਕੇ ਗਏ ਹਨ ਅਤੇ 63 ਪ੍ਰਾਜੈਕਟਾਂ ਸਬੰਧੀ ਕੰਮ ਸ਼ੁਰੂ ਹੋ ਚੁੱਕਿਆ ਹੈ ਅਤੇ 4 ਕਰੋੜ 40 ਲੱਖ ਰੁਪਏ ਖ਼ਰਚੇ ਜਾ ਚੁੱਕੇ ਹਨ।
ਸ੍ਰੀਮਤੀ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਯੋਗ ਲਾਭਪਾਤਰੀਆਂ ਦੇ ਯੂਡੀਆਈਡੀ ਕਾਰਡ ਵੀ ਬਣਾਏ ਜਾ ਰਹੇ ਹਨ ਅਤੇ ਹੁਣ ਤੱਕ 5525 ਕਾਰਡ ਬਣਾਏ ਜਾ ਚੁੱਕੇ ਹਨ। ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰੀ ਸਕੀਮਾਂ ਦਾ ਲਾਭ ਯੋਗ ਲਾਭਪਾਤਰੀਆਂ ਤੱਕ ਪੁੱਜਦਾ ਕਰਨ ਸਮੇਤ ਸਾਰੇ ਵਿਕਾਸ ਕੰਮ ਸਮੇਂ ਸਿਰ ਮੁਕੰਮਲ ਕੀਤੇ ਜਾਣੇ ਯਕੀਨੀ ਬਣਾਏ ਜਾਣ। ਏਡੀਸੀ ਨੇ ਦੱਸਿਆ ਕਿ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਾਉਣ ਲਈ ਪੰਜਾਬ ਸਰਕਾਰ ਵੱਲੋਂ ਸਮਾਰਟ ਵਿਲੇਜ ਸਕੀਮ ਚਲਾਈ ਜਾ ਰਹੀ ਹੈ। ਜਿਸ ਤਹਿਤ ਪਿੰਡਾਂ ਵਿੱਚ ਕਰੋੜਾਂ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।
ਪਿੰਡਾਂ ਵਿੱਚ ਸੀਵਰੇਜ ਸਿਸਟਮ, ਟੋਭਿਆਂ ਦੀ ਕਾਇਆਕਲਪ, ਗਲੀਆਂ, ਨਾਲੀਆਂ ਪੱਕੀਆਂ ਕਰਨਾ, ਪਾਰਕਾਂ ਦਾ ਨਿਰਮਾਣ, ਖੇਡ ਮੈਦਾਨ, ਸਟੇਡੀਅਮ, ਜਿਮਨੇਜ਼ੀਅਮ, ਕਮਿਊਨਿਟੀ ਹਾਲ, ਗ੍ਰਾਮ ਸਭਾ ਹਾਲ, ਧਰਮਸ਼ਾਲਾ, ਸਟਰੀਟ ਲਾਈਟਾਂ, ਪਿੰਡਾਂ ਦੀਆਂ ਪ੍ਰਮੁੱਖ ਥਾਵਾਂ ’ਤੇ ਸੀਸੀਟੀਵੀ ਕੈਮਰੇ ਲਗਾਉਣੇ, ਬੱਸ ਸ਼ੈਲਟਰਾਂ ਦੀ ਉਸਾਰੀ, ਸ਼ਮਸ਼ਾਨਘਾਟ/ਕਬਿਰਸਤਾਨ, ਜਲ ਸਪਲਾਈ, ਕਮਿਊਨਿਟੀ ਲਾਇਬਰੇਰੀ, ਕੂੜਾ ਕਰਕਟ ਦੀ ਸੁਚੱਜੀ ਸੰਭਾਲ, ਕਮਿਊਨਿਟੀ ਇਮਾਰਤਾਂ ਨੂੰ ਵਿਲੱਖਣ ਸਮਰੱਥਾ ਵਾਲੇ ਵਿਅਕਤੀਆਂ ਲਈ ਯੋਗ ਬਣਾਉਣਾ, ਸਕੂਲ, ਸਿਵਲ ਡਿਸਪੈਂਸਰੀ ਇਸ ਸਕੀਮ ਦਾ ਹਿੱਸਾ ਹਨ।
ਪੰਜਾਬ ਅਰਬਨ ਇਨਵਾਰਨਮੈਂਟ ਇੰਪਰੂਵਮੈਂਟ ਪ੍ਰੋਗਰਾਮ ਫੇਜ਼-2 ਤਹਿਤ ਸ਼ਹਿਰੀ ਖੇਤਰਾਂ ਦੇ ਢਾਂਚੇ ਦੇ ਵਿਕਾਸ, ਸ਼ਹਿਰੀ ਆਬਾਦੀ ਨੂੰ ਸੁਚੱਜੇ ਢੰਗ ਨਾਲ ਸੇਵਾਵਾਂ ਮੁਹੱਈਆ ਕਰਵਾਉਣ, ਵਾਟਰ ਸਪਲਾਈ, ਸੀਵਰੇਜ, ਪਾਣੀ ਦੇ ਨਿਕਾਸੀ ਸਾਧਨਾਂ ਦੀ ਸਫ਼ਾਈ ਆਦਿ ਸਮੇਤ ਸ਼ਹਿਰੀ ਖੇਤਰ ਦੇ ਵਿਕਾਸ ਲਈ ਵੱਖ-ਵੱਖ ਪ੍ਰਾਜੈਕਟਾਂ ’ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿਚਲੇ ਉਨ੍ਹਾਂ ਦਿਵਿਆਂਗ ਵਿਅਕਤੀਆਂ ਨੂੰ ਵਿਲੱਖਣ ਪਛਾਣ ਪੱਤਰ ਯੂਡੀਆਈਡੀ ਬਣਾਉਣ ਦੀ ਅਪੀਲ ਕੀਤੀ, ਜਿਨ੍ਹਾਂ ਨੇ ਇਹ ਹਾਲੇ ਤੱਕ ਇਹ ਪਛਾਣ ਪੱਤਰ ਨਹੀ ਬਣਵਾਏ।
ਉਨ੍ਹਾਂ ਦੱਸਿਆ ਕਿ ਦਿਵਿਆਂਗ ਵਿਅਕਤੀਆਂ ਨੂੰ ਸਰਕਾਰ ਦੀਆਂ ਵੱਖ-ਵੱਖ ਸਰਕਾਰੀ ਸਕੀਮਾਂ ਜਾਂ ਸਹੂਲਤਾਂ ਦਾ ਲਾਭ ਦੇਣ ਲਈ ਵਿਲੱਖਣ ਪਛਾਣ ਪੱਤਰ (ਯੂਡੀਆਈਡੀ) ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਕਾਰਡ ਸਬੰਧੀ ਦਿਵਿਆਂਗ ਵਿਅਕਤੀ ਆਪਣੇ ਨਿੱਜੀ ਕੰਪਿਊਟਰ, ਸਾਇਬਰ ਕੈਫੇ, ਗਰਾਮ ਸੁਵਿਧਾ ਕੇਂਦਰ, ਸੇਵਾ ਕੇਂਦਰ, ਸਿਹਤ ਕੇਂਦਰ, ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਲਾਏ ਜਾਂਦੇ ਕੈਂਪਾਂ ਰਾਹੀਂ ਪੋਰਟਲ http://www.swavlambancard.gov.in/ ’ਤੇ ਰਜਿਸਟਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਵਿਲੱਖਣ ਪਛਾਣ ਪੱਤਰ ਉਹ ਦਿਵਿਆਂਗ ਪ੍ਰਾਪਤ ਕਰ ਸਕਦੇ ਹਨ। ਜਿਨ੍ਹਾਂ ਕੋਲ ਸਿਹਤ ਵਿਭਾਗ ਵੱਲੋਂ ਆਫਲਾਈਨ ਜਾਰੀ ਕੀਤਾ ਦਿਵਿਆਂਗਤਾ ਸਰਟੀਫਿਕੇਟ ਹੈ। ਇਸ ਮੌਕੇ ਏਡੀਸੀ (ਵਿਕਾਸ) ਰਾਜੀਵ ਗੁਪਤਾ, ਕਮਿਸ਼ਨਰ ਕਮਲ ਗਰਗ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।