nabaz-e-punjab.com

ਪਾਬੰਦੀ ਦੇ ਬਾਵਜੂਦ ਮੁਹਾਲੀ ਵਿੱਚ ਜਨਤਕ ਥਾਵਾਂ ’ਤੇ ਸ਼ਰ੍ਹੇਆਮ ਸਿਗਰਟਨੋਸ਼ੀ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਗਸਤ:
ਜਨਤਕ ਥਾਂਵਾਂ ਉਪਰ ਪਾਬੰਦੀ ਦੇ ਬਾਵਜੂਦ ਅਜੇ ਵੀ ਮੁਹਾਲੀ ਸ਼ਹਿਰ ਵਿੱਚ ਤੰਬਾਕੂਨੋਸ਼ੀ, ਸਿਗਰਟਨੋਸ਼ੀ ਦਾ ਰੁਝਾਨ ਜਾਰੀ ਹੈ। ਸਾਰਾ ਦਿਨ ਹੀ ਸ਼ਹਿਰ ਦੇ ਹਰ ਇਲਾਕੇ ਵਿਚ ਹੀ ਵੱਖ ਵੱਖ ਵਰਗਾਂ ਨਾਲ ਸਬੰਧਿਤ ਲੋਕ ਧੱੜਲੇ ਨਾਲ ਸਿਗਰਟਾਂ ਬੀੜੀਆਂ ਪੀ ਕੇ ਧੂੰਏ ਦੇ ਛੱਲੇ ਉਡਾਉਂਦੇ ਰਹਿੰਦੇ ਹਨ ਪਰ ਉਹਨਾਂ ਨੂੰ ਰੋਕਣ ਵਾਲਾ ਕੋਈ ਵੀ ਨਹੀਂ ਹੁੰਦਾ, ਜਿਸ ਕਰਕੇ ਇਹ ਸਿਗਰਟਾਂ ਬੀੜੀਆਂ ਪੀਣ ਵਾਲੇ ਲੋਕ ਸ਼ਰੇਆਮ ਧੂੰਆਂ ਉਡਾ ਕੇ ਖੁਦ ਤਾਂ ਬਿਮਾਰ ਹੁੰਦੇ ਹੀ ਹਨ ਅਤੇ ਹੋਰਨਾਂ ਨੂੰ ਵੀ ਬਿਮਾਰ ਕਰ ਰਹੇ ਹਨ।
ਅੱਜ ਇੱਥੇ ਕਲਗੀਧਰ ਸੇਵਕ ਜਥਾ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇਪੀ ਨੇ ਕਿਹਾ ਕਿ ਹਰ ਦਿਨ ਹੀ ਵੇਖਣ ਵਿਚ ਆਉਂਦਾ ਹੈ ਕਿ ਸਵੇਰੇ ਕੰਮਾਂ ਕਾਰਾਂ ਉਪਰ ਜਾਂਦੇ ਮਜਦੂਰ, ਚਾਹ ਦੀਆਂ ਰੇਹੜੀਆਂ ਜਾਂ ਦੁਕਾਨਾਂ ਉਪਰ ਖੜੇ ਲੋਕ ਅਕਸਰ ਹੀ ਬੀੜੀ ਸਿਗਰਟ ਪੀਂਦੇ ਰਹਿੰਦੇ ਹਨ। ਇਹ ਲੋਕ ਚਾਹ ਬਣਨ ਤੱਕ ਕਈ ਵਾਰ ਦੋ ਦੋ ਸਿਗਰਟਾਂ ਪੀ ਜਾਂਦੇ ਹਨ। ਸ਼ਹਿਰ ਦੀ ਹਰ ਮਾਰਕੀਟ ਵਿੱਚ ਹੀ ਅਨੇਕਾਂ ਹੀ ਚਾਹ ਵੇਚਣ ਵਾਲੇ ਅਤੇ ਹੋਰ ਸਮਾਨ ਵੇਚਣ ਵਾਲੇ ਆਪਣੇ ਖੋਖੇ ਜਿਹੇ ਜਾਂ ਕੁੱਝ ਸਮਾਨ ਰੱਖ ਕੇ ਬੈਠੇ ਹਨ। ਜਿਹਨਾਂ ਉਪਰ ਸਾਰਾ ਦਿਨ ਹੀ ਚਾਹ ਪੀਣ ਦੇ ਬਹਾਨੇ ਵੱਡੀ ਗਿਣਤੀ ਲੋਕ ਬੀੜੀ ਸਿਗਰਟ ਪੀਂਦੇ ਵੇਖੇ ਜਾਂਦੇ ਹਨ ਪ੍ਰੰਤੂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਬਿਲਕੁਲ ਚੁੱਪ ਧਾਰ ਲਈ ਹੈ।
ਇਸ ਤੋਂ ਇਲਾਵਾ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਦੀਆਂ ਪਾਰਕਿੰਗਾਂ ਵਿਚ ਖੜੇ ਵਾਹਨਾਂ ਵਿਚ ਬੈਠੇ ਨੌਜਵਾਨ ਵੀ ਅਕਸਰ ਹੀ ਬੀੜੀ ਸਿਗਰਟ ਪੀਂਦੇ ਦਿਖਾਈ ਦਿੰਦੇ ਹਨ। ਸਿਗਰਟ ਅਤੇ ਬੀੜੀ ਦਾ ਧੂੰਆਂ ਬਹੁਤ ਜਹਿਰੀਲਾ ਹੁੰਦਾ ਹੈ ਇਹ ਬੀੜੀ ਸਿਗਰਟ ਪੀਣ ਵਾਲੇ ਵਿਅਕਤੀ ਦੇ ਨਾਲ ਨਾਲ ਉਸ ਕੋਲ ਖੜੇ ਵਿਅਕਤੀ ਉਪਰ ਵੀ ਮਾਰੂ ਅਸਰ ਕਰਦਾ ਹੈ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਲਗਾਤਾਰ ਬੀੜੀ ਸਿਗਰਟ ਪੀਣ ਨਾਲ ਕੈਂਸਰ ਤੇ ਟੀ ਬੀ ਵਰਗੇ ਰੋਗ ਹੋ ਜਾਂਦੇ ਹਨ ਪਰ ਇਸ ਸਭ ਦੇ ਬਾਵਜੂਦ ਵੱਡੀ ਗਿਣਤੀ ਲੋਕ ਸ਼ਰੇਆਮ ਬੀੜੀ ਸਿਗਰਟ ਪੀਂਦੇ ਵੇਖੇ ਜਾਂਦੇ ਹਨ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਜਨਤਕ ਥਾਵਾਂ ਉਪਰ ਬੀੜੀ ਸਿਗਰਟ ਪੀਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…