Share on Facebook Share on Twitter Share on Google+ Share on Pinterest Share on Linkedin ਐਸਐਮਓ ਡਾ. ਮੁਲਤਾਨੀ ਦੀ ਬਦਲੀ: ਸਮਾਜ ਸੇਵੀ ਤੇ ਵਿਰੋਧੀਆਂ ਨੇ ਸਿਹਤ ਮੰਤਰੀ ’ਤੇ ਸੇਧਿਆ ਨਿਸ਼ਾਨਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਥੋਕ ਵਿੱਚ ਕੀਤੀਆਂ ਐਸਐਮਓਜ਼ ਦੀਆਂ ਬਦਲੀਆਂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੂਨ: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ 64 ਸੀਨੀਅਰ ਮੈਡੀਕਲ ਅਫ਼ਸਰਾਂ (ਐਸਐਮਓਜ਼) ਦੀਆਂ ਬਦਲੀਆਂ ਅਤੇ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਜਿਨ੍ਹਾਂ ਵਿੱਚ 41 ਸੀਨੀਅਰ ਮੈਡੀਕਲ ਅਫ਼ਸਰ ਪਦਉੱਨਤ ਹਨ ਅਤੇ ਸੂਬੇ ਦੇ ਵੱਖ ਵੱਖ ਹਸਪਤਾਲਾਂ ਵਿੱਚ 48 ਅਸਾਮੀਆਂ ਖਾਲੀ ਪਈਆਂ ਸਨ। ਜਿਸ ਕਾਰਨ ਇਨ੍ਹਾਂ ਹਸਪਤਾਲਾਂ ਵਿੱਚ ਇਲਾਜ ਲਈ ਆਉਂਦੇ ਮਰੀਜ਼ਾਂ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਸੀ। ਹਾਲਾਂਕਿ ਸਿਹਤ ਮੰਤਰੀ ਨੇ ਆਪਣੇ ਹੁਕਮਾਂ ਵਿੱਚ ਲਿਖਿਆ ਹੈ ਕਿ ਰਾਜ ਵਿੱਚ ਚੰਗੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਅਤੇ ਲੋਕ ਹਿੱਤ ਨੂੰ ਮੁੱਖ ਰੱਖਦਿਆਂ ਪਦਉੱਨਤ ਸੀਨੀਅਰ ਮੈਡੀਕਲ ਅਫ਼ਸਰਾਂ ਅਤੇ ਮੈਡੀਕਲ ਅਫ਼ਸਰਾਂ ਦੀਆਂ ਬਦਲੀਆਂ ਅਤੇ ਤਾਇਨਾਤੀਆਂ ਕੀਤੀਆਂ ਗਈਆਂ ਹਨ ਪ੍ਰੰਤੂ ਜ਼ਿਲ੍ਹਾ ਮੁਹਾਲੀ ਅਧੀਨ ਆਉਂਦੇ ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਦੇ ਇੰਚਾਰਜ ਐਸਐਮਓ ਡਾ. ਦਲੇਰ ਸਿੰਘ ਮੁਲਤਾਨੀ ਦੀ ਬਦਲੀ ਨੂੰ ਲੈ ਕੇ ਸਮਾਜ ਸੇਵੀ ਸੰਸਥਾਵਾਂ ਅਤੇ ਵਿਰੋਧੀਆਂ ਨੇ ਸਿਹਤ ਮੰਤਰੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਡਾ. ਮੁਲਤਾਨੀ ਦੀ ਬਦਲੀ ਸਿਆਸੀ ਬਦਲਾਖੋਰੀ ਦੇ ਚੱਲਦਿਆਂ ਕੋਹਾਂ ਦੂਰ ਕੀਤੀ ਗਈ ਹੈ। ਡਾ. ਮੁਲਤਾਨੀ ਨੂੰ ਇੱਥੋਂ ਬਦਲ ਕੇ ਕਮਿਊਨਿਟੀ ਹੈਲਥ ਸੈਂਟਰ ਫਾਜ਼ਿਲਕਾ ਦਾ ਐਮਐਸਓ ਲਗਾਇਆ ਗਿਆ ਹੈ। ਇੱਥੇ ਐਸਐਮਓ ਦੀ ਅਸਾਮੀ ਕਾਫੀ ਸਮੇਂ ਤੋਂ ਖਾਲੀ ਪਈ ਸੀ। ਜਦੋਂਕਿ ਉਨ੍ਹਾਂ ਦੀ ਥਾਂ ਡਾ. ਦਿਲਬਾਗ ਸਿੰਘ ਨੂੰ ਬੂਥਗੜ੍ਹ ਦਾ ਨਵਾਂ ਐਸਐਮਓ ਲਾਇਆ ਗਿਆ ਹੈ। ਇਸ ਸਬੰਧੀ ਸੰਪਰਕ ਕਰਨ ’ਤੇ ਡਾ. ਮੁਲਤਾਨੀ ਨੇ ਕਿਹਾ ਕਿ ਐਸਐਮਓਜ਼ ਅਤੇ ਡਾਕਟਰਾਂ ਦੀਆਂ ਬਦਲੀਆਂ ਕਰਨ ਦਾ ਸਰਕਾਰ ਨੂੰ ਪੂਰਾ ਹੱਕ ਹੈ। ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਤੇ ਡਾ. ਅਬਦੁਲ ਮਜੀਦ ਨੇ ਕਿਹਾ ਕਿ ਡਾ. ਮੁਲਤਾਨੀ ਲੰਮੇ ਅਰਸੇ ਤੋਂ ਵੱਖ ਵੱਖ ਹਸਪਤਾਲਾਂ ਵਿੱਚ ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਡਿਊਟੀ ਨਿਭਾਉਂਦੇ ਆ ਰਹੇ ਹਨ ਅਤੇ ਪਿੱਛੇ ਜਿਹੇ ਉਨ੍ਹਾਂ ਨੇ ਸਰਕਾਰੀ ਦਵਾਈਆਂ ਦੀ ਖਰੀਦ ਵਿੱਚ ਘਪਲੇਬਾਜ਼ੀ ਅਤੇ ਖੰਘ ਦੀ ਦਵਾਈ ਵਿੱਚ ਨਸ਼ੇ ਦੀ ਵਧੇਰੇ ਮਾਤਰਾ ਹੋਣ ਦਾ ਖੁਲਾਸਾ ਕੀਤਾ ਸੀ ਅਤੇ ਸਰਕਾਰੀ ਹਸਪਤਾਲਾਂ ਦੀ ਨਵੀਂ ਬਣੀ ਇਮਾਰਤਾਂ ਦਾ ਉਦਘਾਟਨ ਕਿਸੇ ਸੱਤਾਧਾਰੀ ਆਗੂ ਜਾਂ ਮੰਤਰੀ ਤੋਂ ਨਾ ਕਰਵਾ ਕੇ ਕਿਸੇ ਚੌਥਾ ਦਰਜਾ ਕਰਮਚਾਰੀ ਤੋਂ ਕਰਵਾ ਕੇ ਸਿਆਸੀ ਆਗੂਆਂ ਅਤੇ ਸਰਕਾਰਾਂ ਨਾਲ ਮੱਥਾ ਲਗਾਉਂਦੇ ਰਹੇ ਹਨ। ਉਨ੍ਹਾਂ ਮੰਤਰੀ ਨੂੰ ਕਿਹਾ ਕਿ ਉਹ ਬੂਥਗੜ੍ਹ ਹਸਪਤਾਲ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲੈਣਾ ਜ਼ਰੂਰ ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਡਾ. ਮੁਲਤਾਨੀ ਨੇ ਬਿਨਾਂ ਸਰਕਾਰੀ ਫੰਡ ਤੋਂ ਹਸਪਤਾਲ ਦੀ ਇਮਾਰਤ ਕਿੰਨਾ ਖ਼ੂਬਸੂਰਤ ਅਤੇ ਬਾਹਰੋਂ ਹਰਿਆ ਭਰਿਆ ਬਣਾਇਆ ਗਿਆ ਹੈ, ਜੋ ਕਿ ਕਿਸੇ ਸੈਰਗਾਹ ਵਜੋਂ ਘੱਟ ਨਹੀਂ ਹੈ ਜਦੋਂਕਿ ਮੰਤਰੀ ਦੇ ਸ਼ਹਿਰ ਦੇ ਜ਼ਿਲ੍ਹਾ ਪੱਧਰੀ ਹਸਪਤਾਲ ਫੇਜ਼-6 ਦੀ ਹਾਲਤ ਬਹੁਤ ਚੰਗੀ ਨਹੀਂ ਹੈ। ਇੱਥੇ ਸਫ਼ਾਈ ਦਾ ਬੂਰਾ ਹਾਲ ਹੈ। ਪਾਰਕਿੰਗ ਅਤੇ ਹੋਰ ਆਲੇ ਦੁਆਲੇ ਵੱਡੀ ਮਾਤਰਾ ਵਿੱਚ ਕਾਂਗਰਸ ਘਾਹ ਉੱਗਿਆ ਹੋਇਆ ਹੈ ਅਤੇ ਬਾਥਰੂਮ ਵੀ ਵਰਤੋਂ ਯੋਗ ਨਹੀਂ ਹਨ। ਜ਼ਿਲ੍ਹਾ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਕੁਲਦੀਪ ਕੌਰ ਕੰਗ ਨੇ ਕਿਹਾ ਕਿ ਸਿਹਤ ਮੰਤਰੀ ਨੇ ਡਾ. ਮੁਲਤਾਨੀ ਦੀ ਬਦਲੀ ਦੇ ਮਾਮਲੇ ਵਿੱਚ ਸਾਰੇ ਕਾਇਦੇ ਕਾਨੂੰਨ ਛਿੱਕੇ ’ਤੇ ਟੰਗ ਦਿੱਤੇ ਹਨ। ਉਨ੍ਹਾਂ ਕਿਹਾ ਕਿ ਡਾ. ਮੁਲਤਾਨੀ 5 ਮਹੀਨੇ ਬਾਅਦ ਸੇਵਾਮੁਕਤ ਹੋ ਰਹੇ ਹਨ। ਸਰਕਾਰੀ ਨੇਮਾਂ ਅਨੁਸਾਰ ਜਦੋਂ ਕੋਈ ਅਫ਼ਸਰ ਜਾਂ ਮੁਲਾਜ਼ਮ ਸੇਵਾਮੁਕਤੀ ਦੇ ਨੇੜੇ ਹੋਵੇ ਤਾਂ ਉਸ ਨੂੰ ਦੂਰ ਦੁਰਾਡੇ ਨਹੀਂ ਬਦਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੰਤਰੀ ਵਿਕਾਸ ਕੰਮ ਘੱਟ ਅਤੇ ਖੁੰਦਕਾਂ ਜ਼ਿਆਦਾ ਕੱਢ ਰਹੇ ਹਨ। (ਬਾਕਸ ਆਈਟਮ) ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਾਰੇ ਡਾਕਟਰਾਂ ਦੀਆਂ ਬਦਲੀਆਂ ਪਾਰਦਰਸ਼ੀ ਢੰਗ ਨਾਲ ਕੀਤੀਆਂ ਗਈਆਂ ਹਨ। ਕਈ ਪਦਉੱਨਤ ਐਸਐਮਓ ਆਪਣੀ ਤਾਇਨਾਤੀ ਨੂੰ ਉਡੀਕ ਰਹੇ ਸੀ ਅਤੇ ਕਾਫੀ ਹਸਪਤਾਲਾਂ ਵਿੱਚ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਸਨ ਪ੍ਰੰਤੂ ਪਿਛਲੀ ਅਕਾਲੀ ਸਰਕਾਰ ਨੇ ਸਿਹਤ ਸਹੂਲਤਾਂ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਲੋੜ ਅਨੁਸਾਰ ਹੋਰ ਨਵੇਂ ਡਾਕਟਰਾਂ ਦੀ ਭਰਤੀ ਪ੍ਰਕਿਰਿਆ ਜਾਰੀ ਹੈ। ਡਾ. ਮੁਲਤਾਨੀ ਦੀ ਬਦਲੀ ਦੇ ਮਾਮਲੇ ਵਿੱਚ ਸਿਹਤ ਮੰਤਰੀ ਨੇ ਕਿਹਾ ਕਿ ਡਾ. ਮੁਲਤਾਨੀ ਬਹੁਤ ਸੂਝਵਾਨ ਅਤੇ ਸਿਆਣੇ ਡਾਕਟਰ ਹਨ। ਇਸ ਲਈ ਉਨ੍ਹਾਂ ਦੇ ਤਜ਼ੁਰਬੇ ਦਾ ਹੋਰਨਾਂ ਇਲਾਕਿਆਂ ਵਿੱਚ ਲਾਭ ਲਿਆ ਜਾਵੇਗਾ। ਜਿਸ ਕਾਰਨ ਉਨ੍ਹਾਂ ਦੀ ਬਦਲੀ ਫਾਜ਼ਿਲਕਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਬੁਨਿਆਦੀ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ