Nabaz-e-punjab.com

ਸਮਾਜ ਸੇਵੀ ਮਹਿਲਾ ਨੇ ਅੌਰਤਾਂ ਪ੍ਰਤੀ ਵਿਤਕਰੇ ਖ਼ਿਲਾਫ਼ ਸਿਆਸੀ ਪਾਰਟੀਆਂ ਦੇ ਮੁਖੀਆਂ ਨੂੰ ਲਿਖੀ ਖੁੱਲ੍ਹੀ ਚਿੱਠੀ

ਅੌਰਤਾਂ ਨੂੰ ਢੁਕਵੀਂ ਨੁਮਾਇੰਦਗੀ ਨਾ ਦੇਣ ’ਤੇ ਵੀ ਚੁੱਕੇ ਸਵਾਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਪਰੈਲ:
ਤੰਬਾਕੂ ਵਿਰੁੱਧ ਸੰਘਰਸ਼ਸ਼ੀਲ ਸਮਾਜ ਸੇਵੀ ਸੰਸਥਾ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਅਤੇ ਗਰਲਜ਼ ਰਾਇਜ਼ ਫ਼ਾਰ ਮੁਹਾਲੀ ਦੀ ਪ੍ਰਧਾਨ ਅਤੇ ਮੁਹਾਲੀ ਤੋਂ ਆਜ਼ਾਦ ਕੌਂਸਲਰ ਬੀਬੀ ਉਪਿੰਦਰਪ੍ਰੀਤ ਕੌਰ ਗਿੱਲ ਨੇ ਹੁਕਮਰਾਨ ਕਾਂਗਰਸ ਪਾਰਟੀ ਸਮੇਤ ਮੁੱਖ ਵਿਰੋਧੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ (ਆਪ) ਅਤੇ ਭਾਜਪਾ ਦੇ ਪ੍ਰਧਾਨਾਂ ਨੂੰ ਇੱਕ ਖੁੱਲ੍ਹੀ ਚਿੱਠੀ ਲਿਖ ਕੇ ਇਨ੍ਹਾਂ ਪਾਰਟੀਆਂ ਦੇ ਆਗੂਆਂ ਵੱਲੋਂ ਅੌਰਤਾਂ ਪ੍ਰਤੀ ਅਪਣਾਏ ਜਾ ਰਹੇ ਵਿਤਕਰੇ ਭਰੇ ਰਵੱਈਏ ਦੀ ਸਖ਼ਤ ਨਿਖੇਧੀ ਕੀਤੀ ਹੈ।
ਅੱਜ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਇਨ੍ਹਾਂ ਵੱਖੋ-ਵੱਖ ਪਾਰਟੀ ਦੇ ਪ੍ਰਧਾਨਾਂ ਨੂੰ ਪੁੱਛਿਆ ਹੈ ਕਿ ਪਿਛਲੇ ਕਈ ਦਹਾਕਿਆਂ ਵਿੱਚ ਅੌਰਤਾਂ ਦੀ ਮੁੱਖਧਾਰਾ ਸਿਆਸਤ ਵਿੱਚ ਮਜ਼ਬੂਤੀ ਲਈ ਕੀ-ਕੀ ਕਦਮ ਚੁੱਕੇ ਹਨ? ਉਨ੍ਹਾਂ ਕਿਹਾ ਕਿ ਜੇਕਰ ਪਿਛਲੀਆਂ ਦੋ ਲੋਕ ਸਭਾ ਚੋਣਾਂ ਦੌਰਾਨ ਪਾਰਲੀਮੈਂਟ ਵਿੱਚ ਪੰਜਾਬ ਤੋਂ ਅੌਰਤਾਂ ਦੀ ਗਿਣਤੀ ’ਤੇ ਝਾਤ ਮਾਰੀ ਜਾਵੇ ਤਾਂ ਇਹ ਗਿਣਤੀ 13 ’ਚੋਂ 3 ਅਤੇ ਹੁਣ 1 ਅੌਰਤ ਰਹਿ ਗਈ ਹੈ। ਇਸ ਵਿੱਚ ਕੋਈ ਹੈਰਾਨੀ ਨਹੀਂ ਕਿ ਇਹ ਤਿੰਨੇ ਨਾਂ ਉਨ੍ਹਾਂ ਪਰਿਵਾਰਾਂ ਨਾਲ ਸਬੰਧਤ ਹਨ। ਜਿਨ੍ਹਾਂ ਦੇ ਪੁਰਸ਼ ਦਾ ਸੂਬੇ ਦੀ ਸਿਆਸਤ ਵਿੱਚ ਤਕੜਾ ਦਬਦਬਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿੱਚ ਮਹਾਰਾਣੀ ਪ੍ਰਨੀਤ ਕੌਰ, ਹਰਸਿਮਰਤ ਕੌਰ ਬਾਦਲ ਅਤੇ ਪਰਮਜੀਤ ਕੌਰ ਗੁਲਸ਼ਨ ਦੇ ਨਾਂ ਸ਼ਾਮਲ ਹਨ। ਇਹ ਅੌਰਤਾਂ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ ਹਨ। ਇਨ੍ਹਾਂ ’ਚੋਂ ਇੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਦੂਜੀ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਤੀਜੀ ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ ਦੀ ਪਤਨੀ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਤੋਂ ਕੀ ਇਹ ਅਰਥ ਕੱਢਿਆ ਜਾਵੇ ਕਿ ਪ੍ਰਭਾਵਸ਼ਾਲੀ ਸਿਆਸੀ ਪਾਰਟੀਆਂ ਨਾਲ ਸਬੰਧਤ ਅੌਰਤਾਂ ਤੋਂ ਇਲਾਵਾ ਹੋਰ ਅੌਰਤਾਂ ਨੂੰ ਨਾ ਤਾਂ ਹਲਕਾ ਪੱਧਰ ’ਤੇ ਯੋਗ ਨੁਮਾਇੰਦਗੀ ਦੇਣ ਦੇ ਯੋਗ ਸਮਝਿਆਂ ਜਾਂਦਾ ਹੈ ਅਤੇ ਨਾ ਹੀ ਸੂਬੇ ਦੀ ਆਵਾਜ਼ ਨੂੰ ਪਾਰਲੀਮੈਂਟ ਵਿੱਚ ਪਹੁੰਚਾਉਣ ਦੇ ਯਤਨ ਹੋ ਰਹੇ ਹਨ? ਉਂਜ ਐਤਕੀਂ ਬੀਬੀ ਪਰਮਜੀਤ ਕੌਰ ਖਾਲੜਾ ਚੋਣ ਮੈਦਾਨ ਹਨ। ਇਹ ਇਕ ਚੰਗੀ ਗੱਲ ਹੈ।
ਉਨ੍ਹਾਂ ਚਿੱਠੀ ਵਿੱਚ ਦਾਅਵਾ ਕੀਤਾ ਹੈ ਕਿ ਪਾਰਲੀਮੈਂਟ ਵਿੱਚ ਸਾਡੇ ਚੁਣੇ ਹੋਏ ਨੁਮਾਇੰਦੇ ਵੀ ਇਹ ਨਹੀਂ ਚਾਹੁੰਦੇ ਕਿ ਅੌਰਤ ਪੁਰਸ ਬਰਾਬਰ ਹੋਵੇ। ਉਨ੍ਹਾਂ ਕਿਹਾ ਕਿ ਅੌਰਤ ਰਿਜ਼ਰਵੇਸ਼ਨ ਬਿੱਲ ਪਾਰਲੀਮੈਂਟ ਵਿੱਚ ਪੈਂਡਿੰਗ ਪਿਆ ਹੈ ਜੋ ਕਿ ਅੌਰਤਾਂ ਨੂੰ ਪਾਰਲੀਮੈਂਟ ਦੇ ਹੇਠਲੇ ਸਦਨ ਲੋਕ ਸਭਾ ਅਤੇ ਸਾਰੀਆਂ ਰਾਜ ਅਸੈਂਬਲੀਆਂ ਵਿੱਚ 33 ਫੀਸਦੀ ਰਾਖਵਾਂਕਰਨ ਮੁਹੱਈਆ ਕਰਵਾਉਂਦਾ ਹੈ।
ਬੀਬੀ ਉਪਿੰਦਰਪ੍ਰੀਤ ਕੌਰ ਨੇ ‘ਮੇਰੀ ਸੋਚ ਮੇਰੀ ਵੋਟ’ ਦੇ ਨਾਂ ਹੇਠ ਚਲਾਈ ਮੁਹਿੰਮ ਅਨੁਸਾਰ ਅੌਰਤਾਂ ਨੂੰ ਅਪੀਲ ਕੀਤੀ ਕਿ ਉਹ ਆਜ਼ਾਦਾਨਾ ਤੌਰ ’ਤੇ ਆਪਣੀ ਇੱਛਾ ਅਨੁਸਾਰ ਵੋਟਾਂ ਪਾਉਣ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਰਾਖਵੇਂਕਰਨ ਦਾ ਅਸਲ ਮਕਸਦ ਉਦੋਂ ਹੋਰ ਵੀ ਧੁੰਦਲਾ ਪੈ ਜਾਂਦਾ ਹੈ ਜਦੋਂ ਸਰਪੰਚੀ ਜਾਂ ਕੌਂਸਲਰ ਦੀਆਂ ਚੋਣਾਂ ਜਿੱਤਣ ਵਾਲੀਆਂ ਜ਼ਿਆਦਾਤਰ ਅੌਰਤਾਂ ‘ਰਬੜ ਦੀਆਂ ਮੋਹਰਾਂ’ ਬਣ ਕੇ ਰਹਿ ਜਾਂਦੀਆਂ ਹਨ। ਉਹ ਸਿਰਫ਼ ਆਪਣੇ ਪਤੀ, ਪਿਤਾ, ਭਰਾ ਜਾਂ ਪੁੱਤਰ ਦੀਆਂ ਸੀਟਾਂ ਹੀ ਬਚਾਉਂਦੀਆਂ ਹਨ। ਬੀਬੀ ਉਪਿੰਦਰਪ੍ਰੀਤ ਕੌਰ ਨੇ ਇਸ ਗੱਲ ਦਾ ਵੀ ਝੋਰਾ ਕੀਤਾ ਕਿ ਕਿਸੇ ਵੀ ਸਿਆਸੀ ਪਾਰਟੀ ਨੇ ਆਪਣੇ ਯੂਥ ਵਿੰਗ ਵਿੱਚ ਅੌਰਤ ਨੂੰ ਨੁਮਾਇੰਦਗੀ ਨਹੀਂ ਦਿੱਤੀ ਅਤੇ ਕਿਸੇ ਵੀ ਸਿਆਸੀ ਪਾਰਟੀ ਨੇ ਕਦੇ ਵੀ ਯੂਥ ਵਿੰਗ ਦੀ ਵਾਗਡੋਰ ਕਿਸੇ ਅੌਰਤ ਨੂੰ ਨਹੀਂ ਸੌਂਪੀ। ਉਂਜ ਬੀਬੀ ਉਪਿੰਦਰਪ੍ਰੀਤ ਨੇ ਡੀਜੀਪੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਾਲ ਮੁਹਾਲੀ ਸਮੇਤ ਹੋਰਨਾਂ ਸ਼ਹਿਰਾਂ ਦੇ ਪੁਲੀਸ ਥਾਣਿਆਂ ਵਿੱਚ ਮਹਿਲਾ ਪੁਲੀਸ ਅਫ਼ਸਰਾਂ ਨੂੰ ਐਸਐਚਓ ਲਗਾਇਆ ਗਿਆ ਹੈ। ਇਹ ਇਕ ਚੰਗੀ ਸ਼ੁਰੂਆਤ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…