ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਰਹਿਣ ਪੰਜਾਬੀ ਲੋਕ ਗਾਇਕ: ਐਸਐਸਪੀ ਚਾਹਲ

ਜ਼ਿਲ੍ਹਾ ਪੁਲੀਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਕੀਤੀ ਪੰਜਾਬੀ ਗਾਇਕਾਂ\ਕਲਾਕਾਰਾਂ ਨਾਲ ਅਹਿਮ ਮੀਟਿੰਗ

ਗਾਇਕਾਂ ਨੇ ਬੰਦੂਕ, ਗੈਂਗਸਟਰ ਅਤੇ ਨਸ਼ਿਆਂ ਦਾ ਗੁਣਗਾਣ ਕਰਨ ਵਾਲੇ ਗੀਤ ਨਾ ਗਾਉਣ ਦਾ ਦਿੱਤਾ ਭਰੋਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਾਰਚ:
ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ ਸੁਰੇਸ਼ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੁਲੀਸ ਵੱਲੋਂ ਪੰਜਾਬੀ ਗਾਇਕਾਂ/ਕਲਾਕਾਰਾਂ ਨਾਲ ਮੀਟਿੰਗ ਕੀਤੀ ਗਈ। ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਮੀਟਿੰਗ ਕਰਵਾਉਣ ਦੇ ਮੁੱਖ ਮੰਤਵ ਬਾਰੇ ਦੱਸਦਿਆਂ ਕਿਹਾ ਕਿ ਕੁਝ ਗਾਇਕ ਆਪਣੇ ਗਾਣਿਆਂ ਅਤੇ ਵੀਡੀਓ ਰਾਹੀਂ ਪੰਜਾਬ ਵਿੱਚ ਨਸ਼ਾ, ਗੈਂਗਸਟਰਾਂ ਅਤੇ ਬੰਦੂਕਾਂ ਦੇ ਸਭਿਆਚਾਰ ਨੂੰ ਉਤਸ਼ਾਹਿਤ ਕਰ ਰਹੇ ਹਨ। ਜਿਸ ਨਾਲ ਨੌਜਵਾਨਾਂ ’ਤੇ ਮਾੜਾ ਪ੍ਰਭਾਵ ਪੈਂਦਾ ਹੈ ਤੇ ਇਸ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਇਹ ਪਹਿਲ ਕਦਮੀ ਕੀਤੀ ਹੈ ਤਾਂ ਜੋ ਇਸ ਮਾੜੇ ਰੁਝਾਨ ਨੂੰ ਠੱਲ੍ਹ ਪਾਈ ਜਾ ਸਕੇ।
ਮੀਟਿੰਗ ਵਿੱਚ ਗਾਇਕ ਸੁਰਜੀਤ ਖਾਨ, ਗਿੱਲ ਹਰਦੀਪ, ਅਨਮੋਲ ਗਗਨ ਮਾਨ, ਰਾਜਬੀਰ ਢਿਲੋਂ, ਸ਼ਮਿੰਦਰ ਸ਼ਮੀ, ਸਮੀਰ ਸਮੇਤ ਹੋਰ ਕਲਾਕਾਰ ਵੀ ਮੌਜੂਦ ਸਨ। ਕਲਾਕਾਰਾਂ ਨੇ ਕਿਹਾ ਕਿ ਗਾਇਕਾਂ ਵੱਲੋਂ ਗਾਣਿਆਂ ਅਤੇ ਵੀਡੀਓ ਰਾਹੀਂ ਪੰਜਾਬ ਵਿੱਚ ਨਸ਼ਾ, ਗੈਂਗਸਟਰਾਂ ਅਤੇ ਬੰਦੂਕਾਂ ਦੇ ਸਭਿਆਚਾਰ ਨੂੰ ਉਤਸ਼ਾਹਿਤ ਕਰਨਾ ਬਹੁਤ ਗ਼ਲਤ ਹੈ ਤੇ ਪੰਜਾਬ ਅਤੇ ਪੰਜਾਬ ਦੀ ਜਵਾਨੀ ਦੇ ਹਿੱਤ ਵਿੱਚ ਅਜਿਹੇ ਗਾਣਿਆਂ ’ਤੇ ਰੋਕ ਲੱਗਣੀ ਜ਼ਰੂਰੀ ਹੈ। ਉਨ੍ਹਾਂ ਨੇ ਇਸ ਸਬੰਧੀ ਪੰਜਾਬ ਪੁਲਿਸ ਵਲੋਂ ਕੀਤੀ ਗਈ ਇਸ ਪਹਿਲ ਕਦਮੀ ਦੀ ਭਰਪੂਰ ਸ਼ਲਾਘਾ ਕੀਤੀ। ਕਲਾਕਾਰਾਂ ਨੇ ਬੰਦੂਕ, ਗੈਂਗਸਟਰ ਅਤੇ ਨਸ਼ਿਆਂ ਦਾ ਗੁਣਗਾਨ ਕਰਨ ਵਾਲੇ ਗੀਤ ਨਾ ਗਾਉਣ ਦਾ ਭਰੋਸਾ ਵੀ ਦਿੱਤਾ।
ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਚਾਹਲ ਨੇ ਕਿਹਾ ਕਿ ਗਾਇਕਾਂ ਨੂੰ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਗੈਰ ਸਮਾਜਿਕ ਗਾਣੇ ਗਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਗਾਇਕ ਅਤੇ ਕਲਾਕਾਰ ਅੱਗੇ ਵੱਧ ਕੇ ਸੂਬੇ ਵਿੱਚ ਇਕ ਸਕਰਾਤਮਕ ਮਾਹੌਲ ਤਿਆਰ ਕਰਨ ਤਾਂ ਜੋ ਸੂਬੇ ਦਾ ਨੌਜਵਾਨ ਭਟਕ ਨਾ ਸਕੇ ਅਤੇ ਨੌਜਵਾਨਾਂ ਵਿੱਚ ਅਜਿਹੇ ਗੀਤਾਂ ਦੇ ਪੈਂਦੇ ਮਾੜੇ ਪ੍ਰਭਾਵ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਦੀ ਨੈਤਿਕ ਜਿੰਮੇਵਾਰੀ ਹੈ ਕਿ ਅਸੀਂ ਇਹ ਯਕੀਨੀ ਬਣਾਈਏ ਕਿ ਨੌਜਵਾਨ ਹਮੇਸ਼ਾਂ ਸਹੀ ਰਾਹ ’ਤੇ ਚੱਲਣ ਤੇ ਅੱਗੇ ਵੱਧ ਕੇ ਪੰਜਾਬ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣ। ਮੀਟਿੰਗ ਵਿੱਚ ਐਸਪੀ (ਜਾਂਚ) ਹਰਬੀਰ ਸਿੰਘ ਅਟਵਾਲ, ਐਸਪੀ (ਸਿਟੀ) ਜਗਜੀਤ ਸਿੰਘ ਜੱਲ੍ਹਾ, ਡੀ.ਐਸ.ਪੀ (ਸਿਟੀ-2) ਰਮਨਦੀਪ ਸਿੰਘ, ਡੀ.ਐਸ.ਪੀ (ਟਰੈਫ਼ਿਕ) ਗੁਰਵਿੰਦਰਪਾਲ ਸਿੰਘ, ਹੌਲਦਾਰ ਰਾਕੇਸ਼ ਕੁਮਾਰ ਸਮੇਤ ਹੋਰ ਪੁਲੀਸ ਅਧਿਕਾਰੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…