Nabaz-e-punjab.com

ਸਮਾਜ ਸੇਵੀ ਆਗੂਆਂ ਤੇ ਖੇਡ ਪ੍ਰੇਮੀਆਂ ਨੇ ਮੁਹਾਲੀ ਵਿੱਚ ਆਪਣੇ ਪੱਧਰ ’ਤੇ ਤਿਆਰ ਕੀਤਾ ਖੇਡ ਮੈਦਾਨ

ਸੰਤ ਬਾਬਾ ਮਹਿੰਦਰ ਸਿੰਘ ਲੰਬਿਆਂ ਵਾਲੇ ਵੱਲੋਂ ਸਮਾਜ ਸੇਵੀ ਸਤਵੀਰ ਸਿੰਘ ਧਨੋਆ ਦਾ ਵਿਸ਼ੇਸ਼ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੂਨ:
ਸੰਤ ਬਾਬਾ ਮਹਿੰਦਰ ਸਿੰਘ ਤੋਂ ਅਸ਼ੀਰਵਾਦ ਲੈ ਕੇ ਅਕਾਲੀ ਕੌਂਸਲਰ ਸਤਵੀਰ ਸਿੰਘ ਧਨੋਆ ਅਤੇ ਹੋਰਨਾਂ ਸਮਾਜ ਸੇਵੀਆਂ ਅਤੇ ਖੇਡ ਪ੍ਰੇਮੀਆਂ ਵੱਲੋਂ ਇੱਥੋਂ ਦੇ ਫੇਜ਼-8 ਸਥਿਤ ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਲੰਬਿਆਂ ਦੇ ਸਾਹਮਣੇ ਉਜਾੜ ਦਾ ਰੂਪ ਧਾਰ ਚੁੱਕੇ ਇਕ ਮੈਦਾਨ ਨੂੰ ਖੇਡ ਗਰਾਉਂਡ ਲਈ ਤਿਆਰ ਕੀਤਾ ਗਿਆ ਹੈ। ਇਸ ਕਾਰਜ ਨੂੰ ਨੇਪਰੇ ਚਾੜ੍ਹਨ ਵਿੱਚ ਸਮਾਜ ਸੇਵੀ ਅਵਤਾਰ ਸਿੰਘ ਵਾਲੀਆ, ਅਕਾਲੀ ਕੌਂਸਲਰ ਗੁਰਮੀਤ ਸਿੰਘ ਵਾਲੀਆ, ਪਰਮਜੀਤ ਸਿੰਘ ਕਾਹਲੋਂ ਅਤੇ ਬਲਜੀਤ ਸਿੰਘ, ਮਲਕੀਤ ਸਿੰਘ ਅਤੇ ਸੀਨੀਅਰ ਕੋਚ ਸਵਰਨ ਸਿੰਘ ਨੇ ਵੀ ਆਪਣਾ ਯੋਗਦਾਨ ਪਾਇਆ। ਇਨ੍ਹਾਂ ਉੱਦਮੀ ਆਗੂਆਂ ਨੇ ਮੁਹਾਲੀ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਦੇ ਕਿਸੇ ਵੀ ਤਰ੍ਹਾਂ ਦੇ ਸਹਿਯੋਗ ਤੋਂ ਬਿਨਾਂ ਖਾਲੀ ਪਈ ਥਾਂ ਦੀ ਸੰਭਾਲ ਕਰਕੇ ਖੇਡ ਮੈਦਾਨ ਦਾ ਰੂਪ ਦਿੱਤਾ ਗਿਆ ਹੈ।
ਅਕਾਲੀ ਕੌਂਸਲਰ ਧਨੋਆ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਸਰਕਾਰ ਵੱਲੋਂ ਗਮਾਡਾ ਰਾਹੀਂ ਦੁਸਹਿਰਾ ਗਰਾਉਂਡ ਅਤੇ ਖੇਡ ਮੈਦਾਨ ਵਾਲੀ ਜ਼ਮੀਨ ਸਰਮਾਏਦਾਰਾਂ ਨੂੰ ਕੌਡੀਆਂ ਦੇ ਭਾਅ ਵੇਚ ਦਿੱਤੀ ਗਈ ਹੈ। ਜਿਸ ਕਾਰਨ ਸ਼ਹਿਰ ਦੇ ਹੋਣਹਾਰ ਖਿਡਾਰੀ ਇਕਲੌਤੇ ਮੁਫ਼ਤ ਖੇਡ ਮੈਦਾਨ ਤੋਂ ਵਿਰਵੇ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਮੁਹਾਲੀ ਦੇ ਖੇਡ ਮੈਦਾਨ ਨੇ ਕੌਮੀ ਪੱਧਰ ਦੇ ਕਈ ਖਿਡਾਰੀ ਪੈਦਾ ਕੀਤੇ ਹਨ ਪ੍ਰੰਤੂ ਹੁਣ ਇਹ ਥਾਂ ਲਾਲਚੀ ਸਿਸਟਮ ਅਤੇ ਸਰਮਾਏਦਾਰੀ ਦੀ ਭੇਟ ਚੜ੍ਹ ਚੁੱਕੀ ਹੈ। ਨੌਜਵਾਨਾਂ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਕਤ ਥਾਂ ਦੀ ਸਫ਼ਾਈ ਕਰਵਾ ਕੇ ਖਿਡਾਰੀਆਂ ਦੇ ਵਰਤੋਯੋਗ ਬਣਾਇਆ ਗਿਆ ਹੈ।
ਅਕਾਲੀ ਆਗੂ ਪਰਮਜੀਤ ਸਿੰਘ ਕਾਹਲੋਂ ਅਤੇ ਗੁਰਮੀਤ ਸਿੰਘ ਵਾਲੀਆ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਖੇਡ ਪ੍ਰਤਿਭਾ ਦੀ ਕਮੀ ਨਹੀਂ ਹੈ ਅਤੇ ਬੱਚੇ ਅਤੇ ਨੌਜਵਾਨ ਵੱਡੇ ਮੁਕਾਬਲਿਆਂ ਵਿੱਚ ਮੱਲ੍ਹਾਂ ਮਾਰ ਸਕਦੇ ਹਨ ਪਰ ਕਥਿਤ ਭ੍ਰਿਸ਼ਟਾਚਾਰੀ ਸਿਸਟਮ ਉਨ੍ਹਾਂ ਦੀ ਇਸ ਚਾਹਤ ਦੇ ਰਾਹ ਵਿੱਚ ਰੋੜੇ ਅਟਕਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡਾ ਗੁਆਂਢੀ ਸੂਬਾ ਹਰਿਆਣਾ ਖੇਡਾਂ ਵਿੱਚ ਲਗਾਤਾਰ ਮੱਲ੍ਹਾਂ ਮਾਰ ਰਿਹਾ ਹੈ ਅਤੇ ਪੰਜਾਬ ਤੋਂ ਕਾਫੀ ਅੱਗੇ ਨਿਕਲ ਗਿਆ ਹੈ। ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਗੁਆਂਢੀ ਸੂਬਿਆਂ ਤੋਂ ਹੀ ਸਬਕ ਲੈ ਕੇ ਖੇਡਾਂ ਪ੍ਰਤੀ ਸਕਾਰਾਤਮਿਕ ਨੀਤੀਆਂ ਬਣਾਈ ਜਾਵੇ ਤਾਂ ਜੋ ਪੰਜਾਬ ਦੇ ਨੌਜਵਾਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਮੱਲ੍ਹਾਂ ਮਾਰ ਸਕਣ। ਇਸ ਮੌਕੇ ਅਕਾਲੀ ਕੌਂਸਲਰ ਹਰਪਾਲ ਸਿੰਘ ਚੰਨਾ, ਪ੍ਰਧਾਨ ਜਗਦੀਪ ਸਿੰਘ, ਸੁਰਜੀਤ ਸਿੰਘ, ਦਰਸ਼ਨ ਸਿੰਘ, ਬਲਜੀਤ ਸਿੰਘ ਸਾਲਾਪੁਰ, ਕਮਲਜੀਤ ਸਿੰਘ, ਨੌਜਵਾਨ ਆਗੂ ਇੰਦਰਬੀਰ ਸਿੰਘ ਧਨੋਆ ਸਮੇਤ ਪਤਵੰਤੇ ਸੱਜਣ ਹਾਜ਼ਰ ਸਨ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…