Nabaz-e-punjab.com

ਸਮਾਜ ਸੇਵੀ ਆਗੂ ਐਸਪੀ ਸਿੰਘ ਓਬਰਾਏ ਦੁਬਈ ’ਚ ਫਸੇ ਅੱਠ ਨੌਜਵਾਨਾਂ ਨੂੰ ਲੈ ਕੇ ਵਤਨ ਪਰਤੇ

ਵਿਦੇਸ਼ ’ਚ ਫਸੇ ਹੋਰ 21 ਨੌਜਵਾਨਾਂ ਦੀ ਛੇਤੀ ਹੋਵੇਗੀ ਵਤਨ ਵਾਪਸੀ:ਓਬਰਾਏ

ਓਬਰਾਏ ਦੀ ਮਾਪਿਆਂ ਨੂੰ ਅਪੀਲ: ਟਰੈਵਲ ਏਜੰਟ ਦੀ ਪੂਰੀ ਜਾਂਚ ਤੋਂ ਬਾਅਦ ਹੀ ਆਪਣੇ ਬੱਚੇ ਬਾਹਰ ਭੇਜਣ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਫਰਵਰੀ:
ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਦੇ ਉਪਰਾਲਿਆਂ ਸਦਕਾ ਅੱਜ ਅੱਠ ਭਾਰਤੀ ਨੌਜਵਾਨ ਸਹੀ ਸਲਾਮਤ ਆਪਣੇ ਘਰ ਪਰਤ ਸਕੇ ਹਨ। ਉੱਘੇ ਸਮਾਜ ਸੇਵਕ ਤੇ ਸੰਸਥਾ ਦੇ ਮੁਖੀ ਡਾ. ਐਸਪੀ ਸਿੰਘ ਓਬਰਾਏ ਦੁਬਈ ’ਚ ਫਸੇ ਇਨ੍ਹਾਂ ਨੌਜਵਾਨਾਂ ਨੂੰ ਆਪਣੇ ਨਾਲ ਲੈ ਕੇ ਅੱਜ ਮੁਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੇ। ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ ਗਏ ਪੀੜਤ ਨੌਜਵਾਨ ਕੰਪਨੀ ਦੀ ਧੋਖਾਧੜੀ ਕਾਰਨ ਦਰਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੂੰ ਦੁਬਈ ਦੀ ਇਕ ਕੰਪਨੀ ਨੇ ਸਕਿਉਰਿਟੀ ਦੇ ਕੰਮ ਲਈ ਸੱਦਿਆ ਸੀ ਪਰ ਕੁਝ ਮਹੀਨੇ ਬਾਅਦ ਹੀ ਕੰਪਨੀ ਮਾਲਕ ਆਪਣੀ ਕੰਪਨੀ ਬੰਦ ਕਰ ਕੇ ਕਿੱਧਰੇ ਭੱਜ ਗਿਆ। ਜਿਸ ਕਾਰਨ ਛੇ ਮਹੀਨਿਆਂ ਦੇ ਕੰਮ ਦੀ ਤਨਖ਼ਾਹ ਵੀ ਨਹੀਂ ਦਿੱਤੀ ਗਈ। ਜਿਸ ਕਾਰਨ ਉਨ੍ਹਾਂ ਨੂੰ ਸਿਰ ’ਤੇ ਛੱਤ ਖੁੱਸਣ ਦੇ ਨਾਲ-ਨਾਲ ਭੁੱਖੇ ਪੇਟ ਹੀ ਦਿਨ ਰਾਤ ਕੱਟਣ ਲਈ ਮਜਬੂਰ ਹੋਣਾ ਪਿਆ ਹੈ।
ਸ੍ਰੀ ਓਬਰਾਏ ਨੇ ਦੱਸਿਆ ਕਿ ਦੁਬਈ ’ਚੋਂ ਉਨ੍ਹਾਂ ਨਾਲ ਵਾਪਸ ਪਰਤੇ ਨੌਜਵਾਨਾਂ ਵਿੱਚ 1 ਅੰਮ੍ਰਿਤਸਰ, 1 ਮੁਕੇਰੀਆਂ, 1 ਰੂਪਨਗਰ, 1 ਦਿੱਲੀ, 1 ਕਰਨਾਲ ਅਤੇ 3 ਕੁਰੂਕਸ਼ੇਤਰ ਨਾਲ ਸਬੰਧਤ ਹਨ ਜਦੋਂਕਿ ਹਾਲੇ ਵੀ 29 ਨੌਜਵਾਨ ਦੁਬਈ ਵਿੱਚ ਫਸੇ ਹੋਏ ਹਨ। ਜਿਨ੍ਹਾਂ ਵਿੱਚ ਪੰਜਾਬ ਦੇ 18, ਹਰਿਆਣਾ ਦੇ 7, ਹਿਮਾਚਲ ਦੇ 3 ਅਤੇ ਇਕ ਨੌਜਵਾਨ ਦਿੱਲੀ ਦਾ ਵਸਨੀਕ ਹੈ। ਇਨ੍ਹਾਂ ਨੌਜਵਾਨਾਂ ਨੂੰ ਵੀ ਜਲਦੀ ਹੀ ਵਾਪਸ ਲਿਆਂਦਾ ਜਾਵੇਗਾ। ਉਨ੍ਹਾਂ ਪੰਜਾਬ ਦੇ ਕੁਲ 18 ਨੌਜਵਾਨਾਂ ’ਚੋਂ 13 ਨੌਜਵਾਨ ਇਕੱਲੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਹਨ। ਡਾਕਟਰ ਓਬਰਾਏ ਨੇ ਦੱਸਿਆ ਕਿ ਜਿੰਨਾ ਚਿਰ ਤੱਕ ਬਾਕੀ ਨੌਜਵਾਨ ਆਪਣੇ ਘਰ ਵਾਪਸ ਪਰਤ ਜਾਂਦੇ, ਉਦੋਂ ਤੱਕ ਦੁਬਈ ਵਿੱਚ ਉਨ੍ਹਾਂ ਦੀ ਰਿਹਾਇਸ਼ ਅਤੇ ਖਾਣੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ।
ਇਸ ਮੌਕੇ ਡਾਕਟਰ ਓਬਰਾਏ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਦੇਖਾ-ਦੇਖੀ ਬਾਹਰ ਨੂੰ ਨਾ ਭੱਜਣ ਸਗੋਂ ਆਪਣੇ ਦੇਸ਼ ਵਿੱਚ ਹੀ ਰੁਜ਼ਗਾਰ ਜਾਂ ਸਵੈ ਰੁਜ਼ਗਾਰ ਨੂੰ ਤਰਜੀਹ ਦੇਣ। ਉਨ੍ਹਾਂ ਨੇ ਮਾਪਿਆਂ ਨੂੰ ਵੀ ਜ਼ੋਰਦਾਰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਤੋਂ ਪਹਿਲਾਂ ਸਬੰਧਤ ਦੇਸ਼ ਦੇ ਹਾਲਾਤਾਂ ਅਤੇ ਟਰੈਵਲ ਏਜੰਟਾਂ ਬਾਰੇ ਪੂਰੀ ਤਰ੍ਹਾਂ ਛਾਣਬੀਣ ਕੀਤੀ ਜਾਵੇ ਤਾਂ ਉਮਰ ਭਰ ਦੀ ਜਮ੍ਹਾਂ ਪੂੰਜੀ ਖ਼ਰਚਣ ਦੇ ਬਾਵਜੂਦ ਵੀ ਉਨ੍ਹਾਂ ਦੇ ਬੱਚਿਆਂ ਨੂੰ ਬੇਗਾਨੇ ਮੁਲਕ ਵਿੱਚ ਖੱਜਲ-ਖ਼ੁਆਰ ਨਾ ਹੋਣਾ ਪਵੇ।
ਡਾਕਟਰ ਓਬਰਾਏ ਨੇ ਦੱਸਿਆ ਕਿ ਉਕਤ ਨੌਜਵਾਨਾਂ ਨੇ ਕਿਸੇ ਤਰ੍ਹਾਂ ਉਨ੍ਹਾਂ ਨਾਲ ਤਾਲਮੇਲ ਕਰਕੇ ਆਪਬੀਤੀ ਸੁਣਾਈ। ਇਸ ਤੋਂ ਬਾਅਦ ਉਨ੍ਹਾਂ ਨੇ ਪੀੜਤ ਨੌਜਵਾਨਾਂ ਨੂੰ ਆਪਣੇ ਖ਼ਰਚੇ ’ਤੇ ਵਾਪਸ ਭਾਰਤ ਲੈ ਕੇ ਆਉਣ ਦਾ ਫੈਸਲਾ ਲਿਆ। ਉਨ੍ਹਾਂ ਦੱਸਿਆ ਕਿ ਦੁਬਈ ਵਿੱਚ ਫਸੇ ਹੋਰ 29 ਨੌਜਵਾਨਾਂ ਸਬੰਧੀ ਲੋੜੀਂਦੀ ਕਾਗਜੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਵੀ ਜਲਦੀ ਵਾਪਸ ਲਿਆਂਦਾ ਜਾਵੇਗਾ। ਇਸ ਮੌਕੇ ਪੀੜਤ ਨੌਜਵਾਨਾਂ ਨੇ ਉਨ੍ਹਾਂ ਨੂੰ ਵੱਖ ਵੱਖ ਟਰੈਵਲ ਏਜੰਟਾਂ ਨੇ ਵਿਦੇਸ਼ ਵਿੱਚ ਸੈੱਟ ਕਰਨ ਦੇ ਸੁਪਨੇ ਦਿਖਾ ਕੇ ਉਨ੍ਹਾਂ ਕੋਲੋਂ 3 ਤੋਂ 4 ਲੱਖ ਰੁਪਏ ਲੈ ਕੇ ਦੁਬਈ ਭੇਜ ਦਿੱਤਾ ਸੀ ਲੇਕਿਨ ਉੱਥੇ ਪਹੁੰਚ ਕੇ ਉਨ੍ਹਾਂ ਨੂੰ ਠੱਗੇ ਜਾਣ ਦਾ ਪਤਾ ਲੱਗਾ ਪ੍ਰੰਤੂ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਉਨ੍ਹਾਂ ਤੋਂ 14 ਤੋਂ 14 ਘੰਟੇ ਕੰਮ ਕਰਵਾਇਆ ਜਾਂਦਾ ਸੀ ਅਤੇ ਕਦੇ ਵੀ ਸਮੇਂ ਸਿਰ ਤਨਖ਼ਾਹ ਨਹੀਂ ਦਿੱਤੀ ਅਤੇ ਹੁਣ ਪਿਛਲੇ ਛੇ ਮਹੀਨਿਆਂ ਤੋਂ ਉਨ੍ਹਾਂ ਨੂੰ ਛਨਖ਼ਾਹ ਦੇ ਰੂਪ ਵਿੱਚ ਇਕ ਧੇਲਾ ਵੀ ਨਹੀਂ ਦਿੱਤਾ ਗਿਆ। ਜਿਸ ਕਾਰਨ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਅਤੇ ਕਦੇ ਕੜਾਕੇ ਦੀ ਠੰਢ ਵਿੱਚ ਸੜਕਾਂ ਕਿਨਾਰੇ ਅਤੇ ਪੁਲਾਂ ਥੱਲੇ ਰਾਤਾਂ ਗੁਜਾਰਨੀਆਂ ਪਈਆਂ ਹਨ। ਗੁਰਦੁਆਰਾ ’ਚੋਂ ਉਨ੍ਹਾਂ ਨੂੰ ਡਾ. ਐਸਪੀ ਸਿੰਘ ਓਬਰਾਏ ਬਾਰੇ ਦੱਸਿਆ ਗਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਓਬਰਾਏ ਨਾਲ ਮੁਲਾਕਾਤ ਕੀਤੀ। ਇਸ ਤਰ੍ਹਾਂ ਉਹ ਆਪਣੇ ਵਤਨ ਪਰਤ ਸਕੇ ਹਨ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…