
ਮੁਲਾਜ਼ਮਾਂ ਦੇ ਹੱਕਾਂ ਦੀ ਲੜਾਈ ਲੜਨ ਵਾਲੇ ਜੋਧਿਆਂ ਨੂੰ ਸਮਾਜ ਹਮੇਸ਼ਾ ਯਾਦ ਰੱਖੇਗਾ: ਡਾ. ਯੋਗਰਾਜ
ਸਿੱਖਿਆ ਬੋਰਡ ਦੇ ਚੇਅਰਮੈਨ ਨੇ ਕਰਤਾਰ ਸਿੰਘ ਰਾਣੂ ਯਾਦਗਾਰੀ ਟਰੱਸਟ ਦਾ ਕਲੰਡਰ ਰਿਲੀਜ਼ ਕੀਤਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜਨਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਅੱਜ ਮੁਲਾਜ਼ਮ ਲਹਿਰ ਦੇ ਮੋਢੀ ਆਗੂ ਕਰਤਾਰ ਸਿੰਘ ਰਾਣੂ ਯਾਦਗਾਰੀ ਟਰੱਸਟ ਵੱਲੋਂ ਕਿਸਾਨੀ ਸੰਘਰਸ਼ ਨੂੰ ਤਿਆਰ ਕੀਤਾ ਨਵੇਂ ਸਾਲ ਦਾ ਕਲੰਡਰ ਰਿਲੀਜ਼ ਕੀਤਾ। ਉਨ੍ਹਾਂ ਕਿਹਾ ਕਿ ਆਮ ਲੋਕਾਂ ਅਤੇ ਸਾਥੀ ਮੁਲਾਜ਼ਮਾਂ ਦੇ ਹੱਕਾਂ ਲਈ ਹੱਕ ਸੱਚ ਦੀ ਲੜਾਈ ਲੜਨ ਵਾਲੇ ਜੋਧਿਆਂ ਨੂੰ ਸਮਾਜ ਵਿੱਚ ਹਮੇਸ਼ਾ ਯਾਦ ਰੱਖਿਆਂ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰਾਣੂ ਭਾਵੇਂ ਸਰੀਰਕ ਤੌਰ ’ਤੇ ਸੰਸਾਰ ਵਿੱਚ ਨਹੀਂ ਹਨ ਪ੍ਰੰਤੂ ਉਨ੍ਹਾਂ ਦੇ ਕਿਰਤੀ ਸਮਾਜ ਲਈ ਪਾਏ ਯੋਗਦਾਨ ਸਦਕਾ ਹਮੇਸ਼ਾ ਉਹ ਹਮੇਸ਼ਾ ਧਰੂ ਤਾਰੇ ਵਾਂਗ ਚਮਕਦੇ ਰਹਿਣਗੇ।
ਇਸ ਮੌਕੇ ਕਰਤਾਰ ਸਿੰਘ ਰਾਣੂ ਟਰੱਸਟ ਦੀ ਚੇਅਰਮੈਨ ਅਮਰਜੀਤ ਕੌਰ, ਪ੍ਰਧਾਨ ਜਰਨੈਲ ਸਿੰਘ ਚੁੰਨੀ, ਪਬਲੀਕੇਸ਼ਨ ਅਫ਼ਸਰ ਅਸ਼ੋਕ ਪੁਰੀ, ਸ਼ੇਰ ਸਿੰਘ, ਵਿੱਤ ਸਕੱਤਰ ਸਿਕੰਦਰ ਸਿੰਘ, ਕਮਿੱਕਰ ਸਿੰਘ ਗਿੱਲ ਅਤੇ ਹਰਬੰਸ ਬਾਗੜੀ ਹਾਜ਼ਰ ਸਨ। ਟਰੱਸਟ ਦੇ ਨੁਮਾਇੰਦਿਆਂ ਨੇ ਬੋਰਡ ਮੁਖੀ ਨੂੰ ਸਕੂਲ ਬੋਰਡ ਦੇ ਮਰਹੂਮ ਮੁਲਾਜ਼ਮ ਆਗੂ ਕਰਤਾਰ ਸਿੰਘ ਰਾਣੂ ਦੇ ਜੀਵਨ ਵਿੱਚ ਬੋਰਡ ਮੁਲਾਜ਼ਮਾਂ ਲਈ ਪਾਏ ਗਏ ਯੋਗਦਾਨ ਅਤੇ ਕਿਰਤੀ ਜਮਾਤ ਦੇ ਸੰਘਰਸ਼ਾਂ ਦੇ ਲੇਖੇ ਲਾਏ ਜੀਵਨ ਦੀਆਂ ਕੁੱਝ ਯਾਦਾਂ ਵੀ ਸਾਂਝੀਆਂ ਕੀਤੀਆਂ। ਡਾ. ਯੋਗਰਾਜ ਨੇ ਕਿਹਾ ਕਿ ਕਿਰਤੀਆਂ ਲਈ ਲੜਨ ਵਾਲੇ ਯੋਧੇ ਮਰਨ ਉਪਰੰਤ ਵੀ ਹਮੇਸ਼ਾ ਜਿਊਂਦੇ ਰਹਿੰਦੇ ਹਨ। ਕਿਸਾਨੀ ਸੰਘਰਸ਼ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੇਸ਼ ਦਾ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਅੰਦੋਲਨ ਹੈ।