ਸੋਹਾਣਾ ਫਾਊਂਡੇਸ਼ਨ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੇਟੀ ਬਚਾਓ-ਬੇਟੀ ਪੜਾਓ ਦਾ ਹੋਕਾ
ਮੁੰਡਿਆਂ ਨਾਲੋਂ ਮਾਪਿਆਂ ਦਾ ਵੱਧ ਖਿਆਲ ਰੱਖਦੀਆਂ ਨੇ ਧੀਆਂ:ਪਰਵਿੰਦਰ ਸੋਹਾਣਾ
ਨਬਜ਼-ਏ-ਪੰਜਾਬ, ਮੁਹਾਲੀ, 14 ਜਨਵਰੀ:
ਸੋਹਾਣਾ ਫਾਊਂਡੇਸ਼ਨ ਵੱਲੋਂ ਸ਼੍ਰੋਮਣੀ ਅਕਾਲੀ ਦਲ, ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਦੀ ਅਗਵਾਈ ਹੇਠ ਨਵਜੰਮੀਆਂ ਧੀਆਂ ਦੀ ਪਹਿਲੀ ਲੋਹੜੀ ਨੂੰ ਸਮਰਪਿਤ ਪ੍ਰਭਾਵਸ਼ਾਲੀ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਦੋ ਦਰਜਨ ਨਵਜੰਮੀਆਂ ਧੀਆਂ, ਛੋਟੀਆਂ ਬੱਚੀਆਂ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਕੇ ਬੇਟੀ ਬਚਾਓ-ਬੇਟੀ ਪੜਾਓ ਦਾ ਹੋਕਾ ਦਿੱਤਾ ਗਿਆ।
ਇਸ ਮੌਕੇ ਬੋਲਦਿਆਂ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਧੀਆਂ ਹਰ ਖੇਤਰ ਵਿੱਚ ਮੁੰਡਿਆਂ ਦੇ ਬਰਾਬਰ ਕੰਮ ਕਰ ਰਹੀਆਂ ਹਨ ਅਤੇ ਕਈ ਖੇਤਰਾਂ ਵਿੱਚ ਮੁੰਡਿਆਂ ਤੋਂ ਅੱਗੇ ਲੰਘ ਕੇ ਮਾਪਿਆਂ ਦਾ ਨਾਂ ਰੋਸ਼ਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਧੀ ਜੰਮਣ ’ਤੇ ਮਾਯੂਸ ਹੋਣ ਦੀ ਲੋੜ ਨਹੀਂ ਸਗੋਂ ਮੁੰਡੇ ਤੋਂ ਵੱਧ ਖੁਸ਼ੀ ਮਨਾਉਣੀ ਚਾਹੀਦੀ ਹੈ ਕਿਉਂਕਿ ਮੁੰਡਿਆਂ ਨਾਲੋਂ ਧੀਆਂ ਮਾਪਿਆਂ ਦਾ ਵੱਧ ਖਿਆਲ ਰੱਖਦੀਆਂ ਹਨ।
ਪਰਵਿੰਦਰ ਸੋਹਾਣਾ ਨੇ ਕਿਹਾ ਕਿ ਸੋਹਾਣਾ ਫਾਊਂਡੇਸ਼ਨ ਵੱਲੋਂ ਭਵਿੱਖ ਵਿੱਚ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਉਣ ਸਮੇਤ ਨਸ਼ਿਆਂ, ਭਰੂਣ ਹੱਤਿਆ, ਦਹੇਜ ਪ੍ਰਥਾ ਅਤੇ ਹੋਰ ਵੱਖ-ਵੱਖ ਸਮਾਜਿਕ ਲਾਹਨਤਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਮੈਡੀਕਲ ਤੇ ਖੂਨਦਾਨ ਕੈਂਪ ਕੈਂਪ ਲਗਾਏ ਜਾਣਗੇ। ਸਮਾਗਮ ਦੌਰਾਨ ਮਸ਼ਹੂਰ ਪੰਜਾਬੀ ਗਾਇਕ ਬਿੱਲ ਸਿੰਘ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਸੰਤ ਸਰੋਜ ਦੇਵੀ, ਨੰਬਰਦਾਰ ਹਰਵਿੰਦਰ ਸਿੰਘ, ਦਵਿੰਦਰ ਸਿੰਘ ਬੌਬੀ, ਕੌਂਸਲਰ ਹਰਜਿੰਦਰ ਕੌਰ ਬੈਦਵਾਨ, ਬੰਤ ਸਿੰਘ, ਅਮਰਜੀਤ ਸਿੰਘ, ਨਵਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਪਾਲ ਸਿੰਘ, ਤਰਨਜੀਤ ਸਿੰਘ ਗਰੇਵਾਲ, ਸਰਬਜੀਤ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।