ਸੋਹਾਣਾ ਆਈ ਤੇ ਜਨਰਲ ਹਸਪਤਾਲ ਵਿੱਚ ਮੁੜ ਪਰਤੀਆਂ ਰੌਣਕਾਂ, ਸਿਹਤ ਸੇਵਾਵਾਂ ਬਹਾਲ

ਸੰਵੇਦਨਸ਼ੀਲ ਏਰੀਆ ਨੂੰ ਰੋਜ਼ਾਨਾ ਕੀਤਾ ਜਾਵੇਗਾ ਸੈਨੇਟਾਈਜ਼: ਆਦਰਸ਼ ਸੂਰੀ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਗਸਤ:
ਇੱਥੋਂ ਦੇ ਅੱਖਾਂ ਅਤੇ ਜਨਰਲ ਹਸਪਤਾਲ ਸੋਹਾਣਾ ਨੇ ਮਰੀਜ਼ਾਂ ਲਈ ਮੁੜ ਸਿਹਤ ਸੇਵਾਵਾਂ ਬਹਾਲ ਕਰ ਦਿੱਤੀਆਂ ਹਨ। ਇਹ ਟਰਾਈਸਿਟੀ ਚੰਡੀਗੜ੍ਹ ਅਤੇ ਪੰਜਾਬ ਭਰ ਦੇ ਡਾਇਲੈਸਿਸ ਦੇ ਮਰੀਜ਼ਾਂ ਲਈ ਲਈ ਖ਼ੁਸ਼ੀ ਵਾਲੀ ਖ਼ਬਰ ਹੈ। ਇੱਥੇ ਇਹ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਆਈ ਹਸਪਤਾਲ ਵਿੱਚ ਕਈ ਡਾਕਟਰਾਂ ਅਤੇ ਮੈਡੀਕਲ ਸਟਾਫ਼ ਮੈਂਬਰਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਦੀਆਂ ਅਗਵਾਈ ਲੀਹਾਂ ’ਤੇ ਹਸਪਤਾਲ ਵਿੱਚ ਓਪੀਡੀ ਸਮੇਤ ਸਮੁੱਚਾ ਮੈਡੀਕਲ ਕੰਪਲੈਕਸ ਨੂੰ ਬੰਦ ਕਰ ਦਿੱਤਾ ਗਿਆ ਸੀ। ਜਿਸ ਕਾਰਨ ਡਾਇਲੈਸਿਸ ਦੇ ਮਰੀਜ਼ਾਂ ਨੂੰ ਭਾਰੀ ਅੌਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਚੀਫ਼ ਐਗਜ਼ੀਕਿਊਟਿਵ ਅਫ਼ਸਰ ਡਾ. ਗਗਨਦੀਪ ਸਿੰਘ ਸਚਦੇਵਾ ਅਤੇ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਆਦਰਸ਼ ਕੁਮਾਰ ਸੂਰੀ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਤੋਂ ਬਚਾਅ ਲਈ ਰੋਜ਼ਾਨਾ ਹਸਪਤਾਲ ਦੇ ਸੰਵੇਦਨਸ਼ੀਲ ਏਰੀਆ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ ਅਤੇ ਹਸਪਤਾਲ ਵਿੱਚ ਤਾਇਨਾਤ ਨਰਸਿੰਗ ਸਟਾਫ਼ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਕਿਸੇ ਵੀ ਮਰੀਜ਼ ਦਾ ਇਲਾਜ ਕਰਨ ਵੇਲੇ ਕਰੋਨਾ ਮਹਾਮਾਰੀ ਨਾਲ ਸਬੰਧਤ ਸਾਵਧਾਨੀਆਂ ਜ਼ਰੂਰ ਅਪਣਾਉਣ। ਉਨ੍ਹਾਂ ਦਾਅਵਾ ਕੀਤਾ ਕਿ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ, ਡਾਕਟਰਾਂ ਅਤੇ ਨਰਸਿੰਗ ਸਟਾਫ਼ ਵਿਚਕਾਰ ਜ਼ਰੂਰੀ ਫਾਸਲਾ ਯਕੀਨੀ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਇਸ ਮਹਾਮਾਰੀ ਤੋਂ ਬਚਾਅ ਕਰਨ ਲਈ ਹਸਪਤਾਲ ਨੇ ਇੱਥੇ ਆਉਣ ਵਾਲੇ ਮਰੀਜ਼ਾਂ, ਪੈਰਾ ਮੈਡੀਕਲ ਸਟਾਫ਼ ਲਈ ਵੱਡੇ ਪੱਧਰ ’ਤੇ ਪੀਪੀਈ ਕਿੱਟਾਂ ਅਤੇ ਹੋਰ ਜ਼ਰੂਰੀ ਸਮਾਨ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਸਾਰੇ ਵਾਰਡਾਂ ਵਿੱਚ ਏਅਰ ਕਰਾਸ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਹਸਪਤਾਲ ਵਿੱਚ ਇਲਾਜ ਲਈ ਆਉਣ ਵਾਲੇ ਲੋਕਾਂ ਵਿੱਚ ਸ਼ੱਕੀ ਮਰੀਜ਼, ਜਿਸ ਵਿੱਚ ਖਾਂਸੀ ਜ਼ੁਕਾਮ ਅਤੇ ਸਾਹ ਲੈਣ ਵਿੱਚ ਦਿੱਕਤ ਹੋਵੇ ਆਦਿ ਲੱਛਣਾਂ ਵਾਲੇ ਵਿਅਕਤੀਆਂ ਦੀ ਤੁਰੰਤ ਫਲੂ ਕਾਰਨਰ ਰਾਹੀਂ ਮੈਡੀਕਲ ਅਫ਼ਸਰਾਂ ਦੀ ਨਿਗਰਾਨੀ ਹੇਠ ਮੈਡੀਕਲ ਜਾਂਚ ਕੀਤੀ ਜਾਂਦੀ ਹੈ। ਅਤਿ ਜ਼ਰੂਰੀ ਹਾਲਾਤਾਂ ਵਿੱਚ ਉਸ ਦਾ ਕਰੋਨਾ ਬਾਰੇ ਨਮੂਨਾ ਵੀ ਲਿਆ ਜਾਂਦਾ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…