
ਸੋਹਾਣਾ ਗੁਰਮਤਿ ਸਮਾਗਮ ਦੇ ਦੂਜੇ ਦਿਨ ਪੰਥ ਪ੍ਰਸਿੱਧ ਉੱਘੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ
ਸੀਨੀਅਰ ਪੱਤਰਕਾਰ ਗੁਰਪ੍ਰੀਤ ਨਿਆਮੀਆਂ ਦੀ ਤੀਜੀ ਕਿਤਾਬ ਰਿਲੀਜ਼, 215 ਸ਼ਰਧਾਲੂਆਂ ਨੇ ਕੀਤਾ ਖੂਨਦਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਮਾਰਚ:
ਇੱਥੋਂ ਦੇ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ ਸੋਹਾਣਾ ਵਿਖੇ ਸਾਲਾਨਾ ਗੁਰਮਤਿ ਸਮਾਗਮ ਦੇ ਦੂਜੇ ਦਿਨ ਵੱਡੀ ਗਿਣਤੀ ਵਿੱਚ ਪੰਜਾਬ ਸਮੇਤ ਗੁਆਂਢੀ ਸੂਬਿਆਂ ਦੀ ਸੰਗਤ ਨੇ ਸ਼ਮੂਲੀਅਤ ਕੀਤੀ। ਟਰੱਸਟੀ ਗੁਰਮੀਤ ਸਿੰਘ ਅਤੇ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਆਦਰਸ਼ ਸੂਰੀ ਨੇ ਦੱਸਿਆ ਕਿ ਅੱਜ ਸਮਾਗਮ ਦੀ ਅਰੰਭਤਾ ਸਵੇਰੇ 4:30 ਵਜੇ ਅੰਮ੍ਰਿਤ ਵੇਲੇ ਭਾਈ ਦਵਿੰਦਰ ਸਿੰਘ ਖਾਲਸਾ ਖੰਨੇ ਵਾਲਿਆਂ ਦੇ ਸਿਮਰਨ ਸਾਧਨਾ ਨਾਲ ਨਾਲ ਹੋਈ। ਉਪਰੰਤ ਗੁਰਸ਼ਬਦ ਪ੍ਰਚਾਰ ਸਭਾ ਸੋਹਾਣਾ, ਗਿਆਨੀ ਜਸਵੰਤ ਸਿੰਘ ਪਰਵਾਨਾ, ਭਾਈ ਰਾਜਪਾਲ ਸਿੰਘ, ਜਸਪਾਲ ਸਿੰਘ ਅਤੇ ਸੁਰਜੀਤ ਸਿੰਘ, ਭਾਈ ਮਹਿੰਦਰਪਾਲ ਸਿੰਘ ਚੰਡੀਗੜ੍ਹ ਵਾਲੇ, ਗੁਰਦੁਆਰਾ ਸ੍ਰੀ ਨਾਢਾ ਸਾਹਿਬ ਦਾ ਜਥਾ, ਅਕਾਲ ਸਹਾਇ ਨਿਸ਼ਕਾਮ ਸਤਿਸੰਗ ਸਭਾ ਦਿੱਲੀ, ਭਾਈ ਜਗਤਾਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਗਿਆਨੀ ਮਲਕੀਤ ਸਿੰਘ, ਭਾਈ ਸਤਿੰਦਰਬੀਰ ਸਿੰਘ, ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲੇ, ਭਾਈ ਦਵਿੰਦਰ ਸਿੰਘ ਸੋਢੀ, ਭਾਈ ਗੁਰਮਿੰਦਰ ਸਿੰਘ ਲਾਲ ਲੁਧਿਆਣੇ ਵਾਲੇ, ਬੀਬੀ ਜਸਪ੍ਰੀਤ ਕੌਰ ਲਖਨਊ ਵਾਲੇ, ਭਾਈ ਪਿੰਦਰਪਾਲ ਸਿੰਘ, ਭਾਈ ਕਰਨੈਲ ਸਿੰਘ, ਭਾਈ ਵਿਨੀਤ ਸਿੰਘ ਦਿੱਲੀ ਵਾਲਿਆਂ ਦੇ ਜਥਿਆਂ ਨੇ ਸਾਰਾ ਦਿਨ ਕਥਾ, ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ।
ਖੂਨਦਾਨ ਕੈਂਪ ਵਿੱਚ 215 ਸ਼ਰਧਾਲੂਆਂ ਨੇ ਖੂਨਦਾਨ ਕੀਤਾ ਜਦਕਿ 1036 ਵਿਅਕਤੀਆਂ ਦਾ ਮੁਫ਼ਤ ਚੈੱਕਅਪ ਕੀਤਾ ਗਿਆ। ਇਸ ਮੌਕੇ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਨਿਆਮੀਆਂ ਦੀ ਤੀਜੀ ਕਿਤਾਬ ‘ਗੁਰਬਾਣੀ ਜੀਵਨ ਰਹੱਸ’ ਨੂੰ ਰਿਲੀਜ਼ ਕੀਤਾ ਗਿਆ ਅਤੇ ਪ੍ਰਬੰਧਕਾਂ ਵੱਲੋਂ ਪੰਥ ਪ੍ਰਸਿੱਧ ਉੱਘੀਆਂ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।

ਟਰੱਸਟੀ ਅਮਰਦੀਪ ਸਿੰਘ, ਸੁਖਦੀਪ ਸਿੰਘ ਅਤੇ ਸਰਬਜੀਤ ਸਿੰਘ ਨੇ ਦੱਸਿਆ ਕਿ ਭਲਕੇ 27 ਮਾਰਚ ਨੂੰ ਅਖੀਰਲੇ ਦਿਨ ਸਮਾਗਮ ਦੀ ਅਰੰਭਤਾ ਅੰਮ੍ਰਿਤ ਵੇਲੇ ਸਾਢੇ 4 ਵਜੇ ਭਾਈ ਦਵਿੰਦਰ ਸਿੰਘ ਖਾਲਸਾ ਖੰਨੇ ਵਾਲਿਆਂ ਦੇ ਸਿਮਰਨ ਸਾਧਨਾ ਨਾਲ ਹੋਵੇਗੀ। ਉਪਰੰਤ ਆਸਾ ਕੀ ਵਾਰ ਭਾਈ ਤਜਿੰਦਰ ਸਿੰਘ ਸ਼ਿਮਲੇ ਵਾਲੇ, ਗੁਰਸ਼ਬਦ ਵਿਚਾਰ ਲਈ ਗਿਆਨੀ ਜਸਵੰਤ ਸਿੰਘ ਪਰਵਾਨਾ, ਬੀਬੀ ਮਨਦੀਪ ਕੌਰ ਖਾਲਸਾ ਲੁਧਿਆਣਾ ਵਾਲੇ, ਭਾਈ ਇੰਦਰਪ੍ਰੀਤ ਸਿੰਘ ਸੋਹਾਣਾ ਵਾਲੇ, ਭਾਈ ਪ੍ਰਦੀਪ ਸਿੰਘ, ਐਜੂਕੇਟ ਪੰਜਾਬ ਪ੍ਰਾਜੈਕਟ ਦਾ ਕੀਰਤਨੀ ਜਥਾ, ਭਾਈ ਜੋਰਾ ਸਿੰਘ, ਗਿਆਨੀ ਅਮਰਜੀਤ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਭਾਈ ਸਿਮਰਨਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਗਿਆਨੀ ਗੁਰਦੇਵ ਸਿੰਘ ਆਸਟ੍ਰੇਲੀਆ ਵਾਲੇ, ਭਾਈ ਜਬਰਤੋੜ ਸਿੰਘ, ਮੀਰੀ ਪੀਰੀ ਜਥਾ ਜਗਾਧਰੀ ਵਾਲੇ, ਗੁਰਸ਼ਬਦ ਪ੍ਰਚਾਰ ਸਭਾ ਸੋਹਾਣਾ ਗਿਆਨੀ ਹਰਪਾਲ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਫਤਹਿਗੜ੍ਹ ਸਾਹਿਬ ਅਤੇ ਭਾਈ ਅਨੰਤਵੀਰ ਸਿੰਘ ਅਮਰੀਕਾ ਵਾਲੇ ਰਾਤ 9:30 ਵਜੇ ਤੋਂ 11 ਵਜੇ ਤੱਕ ਇਲਾਹੀ ਬਾਣੀ ਨਾਲ ਸੰਗਤ ਨੂੰ ਨਿਹਾਲ ਕਰਨਗੇ।