
ਸੋਹਾਣਾ ਹਸਪਤਾਲ ਵੱਲੋਂ ਛਾਤੀ ਦੇ ਕੈਂਸਰ ਦੀ ਜਾਂਚ ਲਈ ਮੁਫ਼ਤ ਮੋਬਾਈਲ ਮੈਮੋਗਰਾਫ਼ੀ ਬੱਸ ਦੀ ਸ਼ੁਰੂਆਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਈ:
ਇੱਥੋਂ ਦੇ ਸੋਹਾਣਾ ਹਸਪਤਾਲ ਵੱਲੋਂ ਛਾਤੀ ਦੇ ਕੈਂਸਰ ਤੋਂ ਪ੍ਰਭਾਵਿਤ ਟਰਾਈਸਿਟੀ ਦੀਆਂ ਅੌਰਤਾਂ ਦੀ ਮੈਮੋਗਰਾਫ਼ੀ ਲਈ ਅਤਿ-ਆਧੁਨਿਕ ਮੁਫ਼ਤ ਮੋਬਾਈਲ ਮੈਮੋਗਰਾਫ਼ੀ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਦਾ ਉਦਘਾਟਨ ਅੱਜ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਚੈਰੀਟੇਬਲ ਟਰੱਸਟ (ਅੱਖਾਂ ਦਾ ਹਸਪਤਾਲ) ਦੇ ਚੇਅਰਮੈਨ ਭਾਈ ਦਵਿੰਦਰ ਸਿੰਘ ਨੇ ਮੋਬਾਈਲ ਬੱਸ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਟਰੱਸਟ ਦੇ ਸਕੱਤਰ ਭਾਈ ਗੁਰਮੀਤ ਸਿੰਘ ਅਤੇ ਸੋਹਾਣਾ ਹਸਪਤਾਲ ਦੇ ਸੀਈਓ ਡਾਕਟਰ ਗਗਨਦੀਪ ਸਿੰਘ ਹਾਜ਼ਰ ਸਨ।
ਇਸ ਮੌਕੇ ਭਾਈ ਗੁਰਮੀਤ ਸਿੰਘ ਨੇ ਕਿਹਾ ਕਿ ਕੈਂਸਰ ਪੀੜਤਾਂ ਲਈ ਮੋਬਾਈਲ ਬੱਸ ਸ਼ੁਰੂ ਹੋਣ ਨਾਲ ਹੁਣ 40 ਸਾਲ ਤੋਂ ਵੱਧ ਦੀ ਉਮਰ ਦੀਆਂ ਅੌਰਤਾਂ ਨੂੰ ਛਾਤੀ ਦੇ ਕੈਂਸਰ ਤੋਂ ਰਾਹਤ ਲੈਣ ਲਈ ਮੈਮੋਗ੍ਰਾਫੀ ਕਰਵਾਉਣ ਲਈ ਆਪਣੇ ਘਰ ਤੋਂ ਬਾਹਰ ਦੂਰ ਨਹੀਂ ਜਾਣਾ ਪਵੇਗਾ, ਬਲਕਿ ਇਹ ਸਹੂਲਤ ਉਨ੍ਹਾਂ ਨੂੰ ਆਪਣੇ ਘਰ ਦੇ ਨੇੜੇ ਹੀ ਮੁਫ਼ਤ ਵਿੱਚ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਸਾਲ ਮੋਬਾਈਲ ਯੂਨਿਟ ਰਾਹੀਂ 50 ਹਜ਼ਾਰ ਤੋਂ ਵੱਧ ਅੌਰਤਾਂ ਦੀ ਮੁਫ਼ਤ ਜਾਂਚ ਕਰਨ ਦਾ ਟੀਚਾ ਮਿਥਿਆ ਗਿਆ ਹੈ।
ਇਸ ਮੌਕੇ ਹਸਪਤਾਲ ਦੇ ਮੈਡੀਕਲ ਟੈਕਨਾਲੋਜੀ ਵਿਭਾਗ ਦੇ ਸੀਨੀਅਰ ਕੰਸਲਟੈਂਟ ਡਾ. ਸੰਦੀਪ ਕੱਕੜ ਨੇ ਕਿਹਾ ਕਿ ਇੱਕ ਸਟੱਡੀ ਵਿੱਚ ਸਾਹਮਣੇ ਆਇਆ ਹੈ ਕਿ ਮੁੰਬਈ ਅਤੇ ਨਵੀਂ ਦਿੱਲੀ ਦੇ ਮੁਕਾਬਲੇ ਟ੍ਰਾਈਸਿਟੀ ਦੀਆਂ ਅੌਰਤਾਂ ਛਾਤੀ ਦੇ ਕੈਂਸਰ ਤੋਂ ਜ਼ਿਆਦਾ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਭਾਰ ਦਾ ਵਧਣਾ, ਕਸਰਤ ਦੀ ਕਮੀ, ਹਾਰਮੋਨਾਂ ਵਿੱਚ ਤਬਦੀਲੀ, ਗਰਭ ਰੋਕੂ ਗੋਲੀਆਂ ਦੀ ਜ਼ਿਆਦਾ ਵਰਤੋਂ, ਦਿਮਾਗੀ ਦਬਾਅ, ਦੇਰ ਰਾਤ ਤੱਕ ਡਿਊਟੀ ਕਰਨਾ ਆਦਿ ਛਾਤੀ ਦੇ ਕੈਂਸਰ ਦੀਆਂ ਸੰਭਾਵਨਾਵਾਂ ਨੂੰ ਵਧਾਉਂਦਾ ਹੈ। ਉਨ੍ਹਾਂ ਕਿਹਾ ਕਿ ਮੈਮੋਗ੍ਰਾਫ਼ੀ ਬੱਸ ਵਿੱਚ ਇੱਕ ਕੈਂਸਰ ਮਾਹਰ ਦੇ ਨਾਲ ਸਮੁੱਚਾ ਟੈਕਨੀਕਲ ਸਟਾਫ਼ ਮੌਜੂਦ ਰਹੇਗਾ।
ਡਾ. ਕੱਕੜ ਨੇ ਕਿਹਾ ਕਿ ਭਾਰਤ ਵਿੱਚ ਹਰ ਚਾਰ ਮਿੰਟ ਵਿੱਚ ਇੱਕ ਅੌਰਤ ਛਾਤੀ ਦੇ ਕੈਂਸਰ ਤੋਂ ਪੀੜਤ ਹੋ ਰਹੀ ਹੈ ਅਤੇ ਹਰ 13 ਮਿੰਟ ਵਿੱਚ ਅੌਰਤ ਦੀ ਇਸ ਕੈਂਸਰ ਕਾਰਨ ਮੌਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਛੇਤੀ ਇਲਾਜ਼ ਹੀ ਜਾਨ ਬਚਾ ਸਕਦਾ ਹੈ। ਉਨ੍ਹਾਂ ਕਿਹਾ ਕਿ ਚੱਲਦੀ ਫਿਰਦੀ ਸਹੂਲਤ ਦੇਣ ਵਾਲਾ ਸੋਹਾਣਾ ਹਸਪਤਾਲ ਟ੍ਰਾਈਸਿਟੀ ਦਾ ਪਲੇਠਾ ਪ੍ਰਾਈਵੇਟ ਹਸਪਤਾਲ ਬਣ ਗਿਆ ਹੈ। ਇਸ ਬੱਸ ਵਿੱਚ ਵੈਬ ਅਧਾਰਿਤ ਰਿਪੋਰਟਿੰਗ ਸਿਸਟਮ ਲਗਾਇਆ ਗਿਆ ਹੈ, ਜਿਸ ਸਦਕਾ ਹਰ ਸਹੂਲਤ ਆਨਲਾਈਨ ਉਪਲਬਧ ਰਹੇਗੀ। ਉਨ੍ਹਾਂ ਕਿਹਾ ਕਿ ਇਸ ਬੱਸ ਵਿੱਚ ਹਰ ਉਹ ਸਹੂਲਤ ਉਪਲਬਧ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜੀ ਕਿਸੇ ਹਸਪਤਾਲ ਵਿੱਚ ਮੌਜੂਦ ਹੁੰਦੀ ਹੈ। ਇਸ ਵਿੱਚ ਇੱਕ ਛੋਟਾ ਉਡੀਕ ਘਰ, ਪਖਾਨਾ ਅਤੇ ਬਾਕੀ ਤਕਨੀਕੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।