Nabaz-e-punjab.com

ਸੋਹਾਣਾ ਪੁਲੀਸ ਵੱਲੋਂ 243 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਚਾਰ ਮੁਲਜ਼ਮ ਗ੍ਰਿਫ਼ਤਾਰ

ਮੁਲਜ਼ਮ ਚੰਡੀਗੜ੍ਹ ਤੋਂ ਸਸਤੇ ਭਾਅ ’ਤੇ ਸ਼ਰਾਬ ਲੈ ਕੇ ਕਪੂਰਥਲਾ ਲਿਜਾ ਰਹੇ ਸੀ ਨਾਜਾਇਜ਼ ਸ਼ਰਾਬ, ਟਰੱਕ ਵੀ ਕੀਤਾ ਜ਼ਬਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਦਸੰਬਰ:
ਪੰਜਾਬ ਵਿੱਚ ਪੰਚਾਇਤ ਚੋਣਾਂ ਕਰਵਾਉਣ ਦਾ ਰਸਮੀ ਐਲਾਨ ਹੋਣ ਤੋਂ ਬਾਅਦ ਸ਼ਰਾਬ ਤਸਕਰੀ ਦਾ ਧੰਦਾ ਵੀ ਸ਼ੁਰੂ ਹੋ ਗਿਆ ਜਾਪਦਾ ਹੈ। ਸੋਹਾਣਾ ਪੁਲੀਸ ਨੇ ਦੋ ਵੱਖ ਵੱਖ ਥਾਵਾਂ ’ਤੇ ਨਾਕਾਬੰਦੀ ਦੌਰਾਨ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 243 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਪੁਲੀਸ ਨੇ ਮੁਲਜ਼ਮਾਂ ਦਾ ਇੱਕ ਟਰੱਕ ਵੀ ਆਪਣੇ ਕਬਜ਼ੇ ਵਿੱਚ ਲਿਆ ਹੈ। ਜਿਸ ਵਿੱਚ ਇਹ ਸ਼ਰਾਬ ਲੱਦ ਕੇ ਕਪੂਰਥਲਾ ਲਿਜਾਈ ਜਾ ਰਹੀ ਸੀ।
ਇਹ ਜਾਣਕਾਰੀ ਦਿੰਦਿਆਂ ਸੋਹਾਣਾ ਥਾਣਾ ਦੇ ਐਸਐਚਓ ਤਰਲੋਚਨ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਟਰੱਕ ਚਾਲਕ ਦੀਪਕ ਸ਼ਰਮਾ ਲਾਹੌਰ ਗੇਟ ਕਪੂਰਥਲਾ ਅਤੇ ਨਾਲ ਬੈਠੇ ਵਿਅਕਤੀ ਅਨਿਲ ਸ਼ਰਮਾ ਵਾਸੀ ਸਿਵਲ ਹਸਪਤਾਲ ਰੋਡ ਕਪੂਰਥਲਾ ਨੂੰ ਮੌਕੇ ’ਤੇ ਹੀ ਕਾਬੂ ਕਰਕੇ ਉਨ੍ਹਾਂ ਦੇ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਗੁਪਤ ਸੂਚਨਾ ਮਿਲਣ ’ਤੇ ਸੋਹਾਣਾ ਪੁਲੀਸ ਵੱਲੋਂ ਮੁਹਾਲੀ ਏਅਰਪੋਰਟ ਸੜਕ ’ਤੇ ਸੈਕਟਰ-81 ਵਾਲੇ ਪਾਸੇ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਅਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਇਸ ਦੌਰਾਨ ਚੰਡੀਗੜ੍ਹ ਵੱਲੋਂ ਆ ਰਹੇ ਇੱਕ ਟਰੱਕ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਜਦੋਂ ਤਲਾਸ਼ੀ ਲਈ ਟਰੱਕ ਵਿੱਚ ਲੱਦੀ ਹੋਈ 231 ਪੇਟੀਆਂ (2772 ਬੋਤਲਾਂ) ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਟਰੱਕ ਵਿੱਚ ਰਾਜਧਾਨੀ, ਰਾਇਲ ਸਟੈਗ, ਆਫ਼ੀਸਰ ਚੁਆਇਸ, ਰਾਕ ਕਿਸਮ ਦੀ ਸ਼ਰਾਬ ਮਿਲੀ ਹੈ।
ਜਾਂਚ ਅਧਿਕਾਰੀ ਏਐਸਆਈ ਨਾਇਬ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਇਹ ਸੂਚਨਾ ਮਿਲੀ ਸੀ ਕਿ ਅਨਿਲ ਸ਼ਰਮਾ, ਦੀਪਕ ਸ਼ਰਮਾ, ਸਨੀ, ਬੋਨੀ ਚੰਡੀਗੜ੍ਹ ਦੇ ਨਿਸ਼ਾਂਤ ਠੇਕੇ ਦੀ ਕਥਿਤ ਮਿਲੀਭੁਗਤ ਨਾਲ ਚੰਡੀਗੜ੍ਹ ਤੋਂ ਸਸਤੇ ਭਾਅ ’ਤੇ ਸ਼ਰਾਬ ਲੈ ਕੇ ਕਪੂਰਥਲਾ ਲਿਜਾ ਰਹੇ ਹਨ। ਮੁਲਜ਼ਮ ਪੰਜਾਬ ਵਿੱਚ ਮਹਿੰਗੇ ਭਾਅ ’ਤੇ ਚੰਡੀਗੜ੍ਹ ਦੀ ਸ਼ਰਾਬ ਵੇਚਣ ਦਾ ਗੋਰਖਧੰਦਾ ਧੰਦਾ ਕਰਦੇ ਹਨ। ਪੁਲੀਸ ਅਨੁਸਾਰ ਉਹ ਪਹਿਲਾਂ ਵੀ ਚੰਡੀਗੜ੍ਹ ਤੋਂ ਸ਼ਰਾਬ ਲੈ ਕੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਨਾਕੇ ’ਤੇ ਸਿਰਫ਼ ਦੋ ਵਿਅਕਤੀ ਕਾਬੂ ਆਏ ਹਨ, ਜਦੋਂਕਿ ਬਾਕੀ ਸਾਥੀਆਂ ਦੀ ਜੰਗੀ ਪੱਧਰ ’ਤੇ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਚੰਡੀਗੜ੍ਹ ਦੇ ਸੈਕਟਰ-31 ਦੇ ਇੱਕ ਸ਼ਰਾਬ ਦੇ ਠੇਕੇ ਤੋਂ ਭਾਰੀ ਮਾਤਰਾ ਵਿੱਚ ਸ਼ਰਾਬ ਲਿਆ ਰਹੇ ਸਨ। ਉਨ੍ਹਾਂ ਕਿਹਾ ਕਿ ਪੁਲੀਸ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰਕੇ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖ਼ਰਕਾਰ ਠੇਕੇਦਾਰ ਨੇ ਉਨ੍ਹਾਂ ਨੂੰ ਏਨੀ ਜ਼ਿਆਦਾ ਮਾਤਰਾ ਵਿੱਚ ਸ਼ਰਾਬ ਕਿਵੇਂ ਦੇ ਦਿੱਤੀ ਹੈ ਅਤੇ ਇਸ ਗੋਰਖਧੰਦੇ ਵਿੱਚ ਹੋਰ ਕੌਣ ਕੌਣ ਲੋਕ ਸ਼ਾਮਲ ਹਨ।
ਉਧਰ, ਇਸੇ ਦੌਰਾਨ ਸੋਹਾਣਾ ਪੁਲੀਸ ਨੇ ਇੱਕ ਹੋਰ ਵੱਖਰੇ ਮਾਮਲੇ ਵਿੱਚ ਲਖਨੌਰ-ਟੀ ਪੁਆਇੰਟ ਉੱਤੇ ਨਾਕਾਬੰਦੀ ਦੌਰਾਨ ਐਕਟਿਵਾ ਸਕੂਟਰ ’ਤੇ ਜਾ ਰਹੇ ਦੋ ਵਿਅਕਤੀਆਂ ਮਨਪ੍ਰੀਤ ਸਿੰਘ ਅਤੇ ਆਕੁਸ਼ ਕੁਮਾਰ ਵਾਸੀ ਸਰਹਿੰਦ ਨੂੰ ਕਾਬੂ ਕਰਕੇ ਉਸ ਕੋਲੋਂ 12 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ। ਐਕਟਿਵਾ ਚਾਲਕ ਦੇ ਖ਼ਿਲਾਫ਼ ਵੀ ਐਕਸਾਈਜ ਐਕਟ ਦੀ ਧਾਰਾ ਅਧੀਨ ਕੇਸ ਦਰਜ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …