nabaz-e-punjab.com

ਸੋਹਾਣਾ ਪੁਲੀਸ ਵੱਲੋਂ ਨੌਜਵਾਨ ਦੀ ਮੌਤ ਦੇ ਮਾਮਲੇ ਵਿੱਚ ਚਾਰ ਦੋਸਤ ਗ੍ਰਿਫ਼ਤਾਰ

ਪਹਿਲਾਂ ਇਕੱਠੇ ਬੈਠ ਕੇ ਰੱਜ ਕੇ ਸ਼ਰਾਬ ਪੀਤੀ, ਫਿਰ ਟਰੈਕਟਰ ਤੋਂ ਥੱਲੇ ਡਿੱਗੇ ਜ਼ਖ਼ਮੀ ਦੋਸਤ ਨੂੰ ਸੜਕ ਕਿਨਾਰੇ ਸੁੱਟਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਕਤੂਬਰ:
ਪਿੰਡ ਅਲੀਪੁਰ ਕੋਲੋਂ 21 ਅਕਤੂਬਰ ਨੂੰ ਪਿੰਡ ਭਬਾਤ ਦੇ ਵਸਨੀਕ ਨਰੇਸ਼ ਕੁਮਾਰ ਦੀ ਮਿਲੀ ਲਾਸ਼ ਦੇ ਮਾਮਲੇ ਵਿੱਚ ਸੋਹਾਣਾ ਪੁਲੀਸ ਨੇ ਮ੍ਰਿਤਕ ਦੇ ਚਾਰ ਦੋਸਤਾਂ ਰਜਿੰਦਰ ਸਿੰਘ, ਸਤਾਰ ਖਾਨ, ਮੋਹਨ ਸਿੰਘ ਉਰਫ਼ ਕਾਲਾ ਅਤੇ ਨਰਿੰਦਰ ਸਿੰਘ ਉਰਫ਼ ਨੀਲੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿਅਕਤੀਆਂ ’ਤੇ ਨਰੇਸ਼ ਕੁਮਾਰ ਦੀ ਲਾਸ਼ ਨੂੰ ਖੁਰਦ ਬੁਰਦ ਕਰਨ ਦਾ ਦੋਸ਼ ਹੈ। ਮੀਡੀਆ ਨੂੰ ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਡੀਐਸਪੀ ਸਿਟੀ-2 ਰਮਨਦੀਪ ਸਿੰਘ ਨੇ ਦੱਸਿਆ ਕਿ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਨਰੇਸ਼ ਕੁਮਾਰ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਸੀ। ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਪ੍ਰੰਤੂ ਜਿਵੇਂ ਹੀ ਪੁਲੀਸ ਨੇ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਡੂੰਘਾਈ ਨਾਲ ਪੜਤਾਲ ਕੀਤੀ ਤਾਂ ਸਾਰਾ ਭੇਤ ਖੁੱਲ੍ਹ ਗਿਆ।
ਪੁਲੀਸ ਅਨੁਸਾਰ ਨਰੇਸ ਕੁਮਾਰ ਦੀ ਮੌਤ ਰਜਿੰਦਰ ਸਿੰਘ ਦੇ ਟਰੈਕਟਰ ਤੋਂ ਥੱਲੇ ਡਿੱਗਣ ਅਤੇ ਪਿਛਲੇ ਟਾਇਰ ਹੇਠਾਂ ਆਉਣ ਕਾਰਨ ਹੋਈ ਸੀ। ਪੁਲੀਸ ਨੇ ਇਸ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦਿਆ ਮ੍ਰਿਤਕ ਦੇ ਦੋਸਤਾਂ ਰਜਿੰਦਰ ਸਿੰਘ ਵਾਸੀ ਪਿੰਡ ਅਲੀਪੁਰ, ਸਤਾਰ ਖਾਨ, ਮੋਹਨ ਸਿੰਘ ਉਰਫ਼ ਕਾਲਾ, ਨਰਿੰਦਰ ਸਿੰਘ ਉਰਫ ਨੀਲੂ ਸਾਰੇ ਵਾਸੀਅਨ ਪਿੰਡ ਭਬਾਤ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਵਿਰੁੱਧ ਧਾਰਾ-304, 201, 34 ਦੇ ਜੁਰਮ ਦਾ ਵਾਧਾ ਕੀਤਾ ਗਿਆ ਹੈ। ਸੋਹਾਣਾ ਥਾਣਾ ਦੇ ਐਸਐਚਓ ਤਰਲੋਚਨ ਸਿੰਘ ਨੇ ਦੱਸਿਆ ਕਿ ਉਕਤ ਚਾਰੇ ਮੁਲਜ਼ਮਾਂ ਨੂੰ ਐਤਵਾਰ ਨੂੰ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ 30 ਅਕਤੂਬਰ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।
ਥਾਣਾ ਮੁਖੀ ਨੇ ਦੱਸਿਆ ਕਿ ਉਕਤ ਮੁਲਜਮਾਂ ਦੀ ਪੁੱਛਗਿੱਛ ਮਗਰੋਂ ਪਤਾ ਚੱਲਿਆ ਕਿ 20 ਅਕਤੂਬਰ ਨੂੰ ਰਜਿੰਦਰ ਸਿੰਘ ਜੋ ਕਿ ਦੋਧੀ ਹੈ ਆਪਣੇ ਟਰੈਕਟਰ ਲੈ ਕੇ ਪੰਚਕੂਲਾ ਦੀ ਦਾਣਾ ਮੰਡੀ ’ਚ ਗਿਆ ਸੀ, ਉਥੇ ਉਸ ਨੇ ਆਪਣੇ ਦੋਸਤ ਨਰੇਸ਼ ਕੁਮਾਰ, ਸਤਾਰ ਖਾਨ, ਮੋਹਨ ਸਿੰਘ ਉਰਫ ਕਾਲਾ ਅਤੇ ਨਰਿੰਦਰ ਸਿੰਘ ਉਰਫ ਨੀਲੂ ਨੂੰ ਬੁਲਾ ਲਿਆ। ਉਕਤ ਪੰਜਾ ਜਣਿਆਂ ਨੇ ਸ਼ਰਾਬ ਪੀਤੀ ਅਤੇ ਪੰਜ। ਜਣੇ ਟਰੈਕਟਰ ’ਤੇ ਸਵਾਰ ਹੋ ਕੇ ਜੀਰਕਪੁਰ ਗਏ ਅਤੇ ਉਥੋਂ ਸ਼ਰਾਬ ਦੀ ਇੱਕ ਬੋਤਲ ਹੋਰ ਖਰੀਦੀ ਅਤੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਸ਼ਰਾਬ ਪੀਣ ਮਗਰੋਂ ਉਹ ਜਦੋਂ ਹਾਈ ਗਰਾਊਂਡ ਰੋਡ ਤੋਂ ਭਬਾਤ ਵਾਲੇ ਮੋੜ ਨੂੰ ਮੁੜਨ ਲੱਗੇ ਤਾਂ ਅਚਾਨਕ ਨਰੇਸ਼ ਕੁਮਾਰ ਟਰੈਕਟਰ ਦੇ ਪਿਛਲੇ ਟਾਇਰ ਥੱਲੇ ਆਉਣ ਕਾਰਨ ਜ਼ਖ਼ਮੀ ਹੋ ਗਿਆ।
ਇਸ ਦੌਰਾਨ ਜਖਮੀ ਨਰੇਸ਼ ਕੁਮਾਰ ਨੂੰ ਹਸਪਤਾਲ ਲੈ ਜਾਣ ਦੀ ਬਜਾਏ ਉਕਤ ਚਾਰਾਂ ਦੋਸਤਾਂ ਨੇ ਨਰੇਸ਼ ਕੁਮਾਰ ਨੂੰ ਚੱਕ ਕੇ ਟਰਾਲੀ ’ਚ ਪਾਇਆ ਅਤੇ ਕਰੀਬ ਢਾਈ ਕਿੱਲੋਮੀਟਰ ਅੱਗੇ ਜਾ ਕੇ ਸੜਕ ਕਿਨਾਰੇ ਇੰਝ ਸੁੱਟ ਦਿੱਤਾ ਤਾਂ ਜੋ ਪੁਲੀਸ ਨੂੰ ਇਹ ਲੱਗੇ ਕਿ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆਉਣ ਕਾਰਨ ਨਰੇਸ਼ ਕੁਮਾਰ ਦੀ ਮੌਤ ਹੋਈ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …