Nabaz-e-punjab.com

ਟਿਊਬਵੈੱਲ ਤੇ ਸਿਵਲ ਡਿਸਪੈਂਸਰੀ ਦੇ ਮਤਿਆਂ ’ਤੇ ਮਹੀਨਿਆਂਬੱਧੀ ਰੋਕ ਖ਼ਿਲਾਫ਼ ਸੜਕਾਂ ’ਤੇ ਉੱਤਰੇ ਸੋਹਾਣਾ ਵਾਸੀ

ਅਕਾਲੀ ਕੌਂਸਲਰ ਬੈਦਵਾਨ ਦੀ ਅਗਵਾਈ ਹੇਠ ਪਿੰਡ ਵਾਸੀਆਂ ਵੱਲੋਂ ਡਾਇਰੈਕਟਰ ਸਥਾਨਕ ਸਰਕਾਰਾਂ ਵਿਰੁੱਧ ਦਿੱਤਾ ਧਰਨਾ

ਲੋਕ ਹਿੱਤ ਵਿੱਚ ਟਿਊਬਵੈੱਲ ਤੇ ਡਿਸਪੈਂਸਰੀ ਦੇ ਮਤਿਆਂ ਨੂੰ ਤੁਰੰਤ ਪ੍ਰਵਾਨਗੀ ਨਾ ਦੇਣ ਵਿਰੁੱਧ ਲੜੀਵਾਰ ਸੰਘਰਸ਼ ਵਿੱਢਣ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜਨਵਰੀ:
ਇੱਥੋਂ ਦੇ ਇਤਿਹਾਸਕ ਨਗਰ ਸੋਹਾਣਾ ਦੇ ਵਸਨੀਕ ਸਰਕਾਰੀ ਅਣਦੇਖੀ ਦੇ ਖ਼ਿਲਾਫ਼ ਸੜਕਾਂ ’ਤੇ ਉਤਰ ਆਏ ਹਨ। ਅਕਾਲੀ ਕੌਂਸਲਰ ਪਰਵਿੰਦਰ ਸਿੰਘ ਬੈਦਵਾਨ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਦੇ ਖ਼ਿਲਾਫ਼ ਰੋਸ ਧਰਨਾ ਦਿੱਤਾ ਅਤੇ ਏਅਰਪੋਰਟ ਸੜਕ ’ਤੇ ਸਥਿਤ ਪਾਣੀ ਦੀ ਟੈਂਕੀ ਨੇੜੇ ਚੱਕਾ ਜਾਮ ਕਰਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਅਧਿਕਾਰੀ ’ਤੇ ਸੋਹਾਣਾ ਵਿੱਚ ਪੀਣ ਵਾਲੇ ਪਾਣੀ ਦਾ ਨਵਾਂ ਟਿਊਬਵੈੱਲ ਲਗਾਉਣ ਅਤੇ ਸਿਵਲ ਡਿਸਪੈਂਸਰੀ ਦੀ ਉਸਾਰੀ ਦੇ ਮਤਿਆਂ ਨੂੰ ਮਹੀਨਿਆਂਬੱਧੀ ਰੋਕ ਕੇ ਰੱਖਣ ਦਾ ਦੋਸ਼ ਲਾਇਆ ਹੈ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਅਕਾਲੀ ਕੌਂਸਲਰ ਪਰਵਿੰਦਰ ਸਿੰਘ ਨੇ ਕਿਹਾ ਕਿ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਦਫ਼ਤਰ ਮੁਹਾਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਵੱਲੋਂ ਹਾਊਸ ਵਿੱਚ ਸਰਬਸੰਮਤੀ ਜਾਂ ਬਹੁਸਮੰਤੀ ਨਾਲ ਪਾਸ ਕੀਤੇ ਜਾਂਦਿਆਂ ਵਿਕਾਸ ਦੇ ਮਤਿਆਂ ਨੂੰ ਸਮੇਂ ਸਿਰ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ ਹੈ। ਜਿਸ ਕਾਰਨ ਜਿੱਥੇ ਵਿਕਾਸ ਕੰਮਾਂ ਵਿੱਚ ਖੜੌਤ ਆ ਰਹੀ ਹੈ, ਉੱਥੇ ਸਬੰਧਤ ਇਲਾਕੇ ਦੇ ਲੋਕਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਨਾਲ ਸਬੰਧਤ ਇਤਿਹਾਸਕ ਪਿੰਡ ਸੋਹਾਣਾ ਦੇ ਵਿਕਾਸ ਸਬੰਧੀ ਦੋ ਅਹਿਮ ਮਤੇ ਪਾਸ ਕਰਕੇ ਕਈ ਮਹੀਨੇ ਪਹਿਲਾਂ ਡਾਇਰੈਕਟਰ ਸਥਾਨਕ ਸਰਕਾਰਾਂ ਨੂੰ ਭੇਜੇ ਗਏ ਸੀ ਪ੍ਰੰਤੂ ਇਨ੍ਹਾਂ ਬਾਰੇ ਟੈਂਡਰ ਕੱਢਣ ਲਈ ਜ਼ਰੂਰੀ ਸਹਿਮਤੀ ਨਹੀਂ ਭੇਜੀ ਜਾ ਰਹੀ ਹੈ। ਜਿਸਦੇ ਵਿਰੋਧ ਵਿੱਚ ਅੱਜ ਪਿੰਡ ਵਾਸੀਆਂ ਨੂੰ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਜਿਹਾ ਸਿਆਸੀ ਬਦਲਾਖੋਰੀ ਦੇ ਚੱਲਦਿਆਂ ਕੀਤਾ ਜਾ ਰਿਹਾ ਹੈ ਕਿਉਂਕਿ ਸੋਹਾਣਾ ਦੇ ਤਿੰਨ ਵਾਰਡਾਂ ਦੇ ਅਕਾਲੀ ਕੌਂਸਲਰ ਹਨ। ਜਿਸ ਕਾਰਨ ਹੁਕਮਰਾਨਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਲੋਕ ਹਿੱਤ ਵਿੱਚ ਟਿਊਬਵੈੱਲ ਅਤੇ ਡਿਸਪੈਂਸਰੀ ਦੇ ਮਤਿਆਂ ਨੂੰ ਤੁਰੰਤ ਪ੍ਰਵਾਨਗੀ ਨਹੀਂ ਦਿੱਤੀ ਤਾਂ ਆਉਣ ਵਾਲੇ ਦਿਨਾਂ ਵਿੱਚ ਲੜੀਵਾਰ ਸੰਘਰਸ਼ ਵਿੱਢਿਆ ਜਾਵੇਗਾ।
ਨੰਬਰਦਾਰ ਹਰਸੰਗਤ ਸਿੰਘ ਅਤੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਸੋਹਾਣਾ ਵਿੱਚ ਪਾਣੀ ਦੀ ਸਪਲਾਈ ਲਈ ਲੱਗਿਆ ਇੱਕ ਟਿਊਬਵੈੱਲ ਖਰਾਬ ਹੋ ਚੁੱਕਾ ਹੈ। ਇਸ ਸਬੰਧੀ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਕੌਂਸਲਰ ਵੱਲੋਂ ਮੇਅਰ ਕੁਲਵੰਤ ਸਿੰਘ ਨੂੰ ਕਹਿ ਕੇ 9 ਅਕਤੂਬਰ 2018 ਦੀ ਮੀਟਿੰਗ ਵਿੱਚ ਸੋਹਾਣਾ ਵਿੱਚ ਨਵਾਂ ਟਿਊਬਵੈੱਲ ਲਗਾਉਣ ਟੇਬਲ ਆਈਟਮ ਪੇਸ਼ ਕੀਤੀ ਗਈ ਸੀ। ਇਸ ਨੂੰ ਅੱਜ ਚਾਰ ਮਹੀਨੇ ਬੀਤ ਜਾਣ ਦੇ ਬਾਵਜੂਦ ਡਾਇਰੈਕਟਰ ਨੇ ਇਸ ਮਤੇ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਇੰਝ ਹੀ ਕਰੀਬ ਡੇਢ ਸਾਲ ਪਹਿਲਾਂ ਸੋਹਾਣਾ ਦੀ ਖਸਤਾ ਹਾਲਤ ਵਿੱਚ ਚਲ ਰਹੀ ਸਿਵਲ ਡਿਸਪੈਂਸਰੀ ਦੀ ਮੁੜ ਉਸਾਰੀ ਲਈ 28 ਨਵੰਬਰ 2017 ਨੂੰ ਮਤਾ ਪਾਸ ਕੀਤਾ ਗਿਆ ਸੀ ਪ੍ਰੰਤੂ ਪਿਛਲੇ ਡੇਢ ਸਾਲ ਤੋਂ ਡਾਇਰੈਕਟਰ ਨੇ ਇਸਦੇ ਟੈਂਡਰ ਕੱਢਣ ਦੀ ਵੀ ਇਜਾਜ਼ਤ ਨਹੀਂ ਦਿੱਤੀ। ਇਸ ਮੌਕੇ ਅਕਾਲੀ ਕੌਂਸਲਰ ਸੁਰਿੰਦਰ ਸਿੰਘ ਰੋਡਾ ਤੇ ਕਮਲਜੀਤ ਕੌਰ, ਨੰਬਰਦਾਰ ਹਰਵਿੰਦਰ ਸਿੰਘ, ਹਰਸੰਗਤ ਸਿੰਘ, ਦਵਿੰਦਰ ਸਿੰਘ, ਜਗਦੀਪ ਸਿੰਘ, ਜਰਨੈਲ ਸਿੰਘ, ਚਰਨਜੀਤ ਕੌਰ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
(ਬਾਕਸ ਆਈਟਮ)
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਸਥਾਨਕ ਸਰਕਾਰ ਵਿਭਾਗ ਦੇ ਡਾਇਰੈਕਟਰ ਕਰੁਣੇਸ਼ ਸ਼ਰਮਾ ਨੇ ਸਪੱਸ਼ਟ ਆਖਿਆ ਕਿ ਇਸ ਸਮੇਂ ਉਨ੍ਹਾਂ ਦੇ ਦਫ਼ਤਰ ਕੋਈ ਵੀ ਵਿਕਾਸ ਜਾਂ ਕਿਸੇ ਵਿਸ਼ੇਸ਼ ਪ੍ਰਾਜੈਕਟ ਦਾ ਮਤਾ ਪੈਂਡਿੰਗ ਨਹੀਂ ਹੈ ਅਤੇ ਮੁਹਾਲੀ ਸਮੇਤ ਸਮੁੱਚੇ ਪੰਜਾਬ ਦੇ ਸ਼ਹਿਰਾਂ ਦੇ ਵਿਕਾਸ ਨਾਲ ਸਬੰਧਤ ਮਤਿਆਂ ਨੂੰ ਪਹਿਲ ਦੇ ਆਧਾਰ ’ਤੇ ਪ੍ਰਵਾਨਗੀ ਦਿੱਤੀ ਜਾਂਦੀ ਹੈ। ਅਕਾਲੀ ਕੌਂਸਲਰਾਂ ਬਾਰੇ ਲਗਾਏ ਧਰਨੇ ਬਾਰੇ ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਜਿਹੜੇ ਮਤਿਆਂ ਦੀ ਉਹ ਗੱਲ ਕਰ ਰਹੇ ਹਨ, ਉਹ ਕਿਸੇ ਤਕਨੀਕੀ ਕਾਰਨਾਂ ਕਰਕੇ ਵਾਪਸ ਮੁਹਾਲੀ ਨਿਗਮ ਨੂੰ ਭੇਜਿਆ ਹੋਵੇ। ਉਨ੍ਹਾਂ ਦੱਸਿਆ ਕਿ ਅੱਜ ਹੀ ਉਨ੍ਹਾਂ ਦੀ ਮੁਹਾਲੀ ਦੇ ਕਮਿਸ਼ਨਰ ਨਾਲ ਵੀ ਗੱਲ ਹੋਈ ਹੈ ਅਤੇ ਕੋਈ ਮਤਾ ਪੈਂਡਿੰਗ ਨਹੀਂ ਹੈ। ਉਨ੍ਹਾਂ ਇਹ ਵੀ ਜੇਕਰ ਕੋਈ ਮਤਾ ਲੋੜੀਂਦੀ ਕਾਰਵਾਈ ਲਈ ਵਾਪਸ ਵੀ ਭੇਜਿਆ ਗਿਆ ਹੋਵੇਗਾ। ਕਮਿਸ਼ਨਰ ਵੱਲੋਂ ਦਰੁਸਤ ਕਰਕੇ ਭੇਜਣ ’ਤੇ ਉਸ ਨੂੰ ਪਹਿਲ ਦੇ ਆਧਾਰ ’ਤੇ ਪ੍ਰਵਾਨਗੀ ਦੇ ਦਿੱਤੀ ਜਾਵੇਗੀ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…