
ਨੌਜਵਾਨ ਦਾ ਕਤਲ: ਹਮਲਾਵਰਾਂ ਨੇ ਵਿੱਕੀ ਮਿੱਡੂਖੇੜਾ ਨੂੰ 12 ਗੋਲੀਆਂ ਮਾਰੀਆਂ, ਪੜ੍ਹੋ ਪੁਰੀ ਰਿਪੋਰਟ
ਬਾਦਲ ਪਰਿਵਾਰ ਤੇ ਬਿਕਰਮ ਮਜੀਠੀਆ ਦੇ ਕਾਫ਼ੀ ਨਜ਼ਦੀਕੀ ਸਮਝਿਆਂ ਜਾਂਦਾ ਸੀ ਵਿੱਕੀ ਮਿੱਡੂਖੇੜਾ
ਐਸਐਸਪੀ ਸਤਿੰਦਰ ਸਿੰਘ ਨੇ ਖ਼ੁਦ ਮੌਕੇ ’ਤੇ ਪਹੁੰਚ ਕੇ ਲਿਆ ਘਟਨਾ ਦਾ ਜਾਇਜ਼ਾ, ਹਮਲਾਵਰ ਫਰਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਗਸਤ:
ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਿਦਿਆਰਥੀ ਜਥੇਬੰਦੀ ਐਸਓਆਈ ਦੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ ਨੂੰ ਮੁਹਾਲੀ ਵਿੱਚ ਅੱਜ ਦਿਨ ਦਿਹਾੜੇ ਸ਼ਰ੍ਹੇਆਮ ਗੋਲੀਆਂ ਮਾਰ ਕੇ ਬੜੀ ਬੇਰਹਿਮੀ ਨਾਲ ਮੌਤ ਦੇ ਘਾਟ ਦਿੱਤਾ। ਇਸ ਹਾਦਸੇ ਕਾਰਨ ਸ਼ਹਿਰ ਦਹਿਲ ਗਿਆ ਹੇ। ਐਸਐਮਓ ਡਾ. ਐਚਐਸ ਚੀਮਾ ਨੇ ਦੱਸਿਆ ਕਿ ਪੋਸਟ ਮਾਰਟਮ ਲਈ ਤਿੰਨ ਡਾਕਟਰਾਂ ਡਾ. ਚੰਨਪ੍ਰੀਤ ਕੌਰ (ਫੋਰੈਂਸਿਕ ਮਾਹਰ), ਡਾ. ਸਾਹਿਲ (ਸਰਜਨ) ਅਤੇ ਡਾ. ਜੈਦੀਪ ਬਰਾੜ (ਮੈਡੀਕਲ) ਦੇ ਆਧਾਰਿਤ ਮੈਡੀਕਲ ਬੋਰਡ ਬਣਾਇਆ ਗਿਆ ਹੈ। ਸਰਕਾਰੀ ਹਸਪਤਾਲ ਵਿੱਚ ਹੋਏ ਪੋਸਟ ਮਾਰਟਮ ਵਿੱਚ ਪਤਾ ਲੱਗਾ ਕਿ ਵਿੱਕੀ ਮਿੱਡੂਖੇੜਾ ਦੇ 12 ਗੋਲੀਆਂ ਲੱਗੀਆਂ ਸਨ ਪ੍ਰੰਤੂ ਡਾਕਟਰਾਂ ਨੂੰ ਸਰੀਰ ’ਚੋਂ ਸਿਰਫ਼ ਦੋ ਗੋਲੀਆਂ ਮਿਲੀਆਂ ਹਨ ਜਦੋਂਕਿ 10 ਗੋਲੀਆਂ ਸਰੀਰ ’ਚੋਂ ਆਰਪਾਰ ਹੋ ਗਈਆਂ। ਡਾਕਟਰ ਨੇ ਦੱਸਿਆ ਕਿ ਇਕ ਗੋਲੀ ਰੀੜ੍ਹ ਦੀ ਹੱਡੀ ਨੇੜਿਓਂ ਲੱਕ ਦੇ ਉਪਰਲੇ ਹਿੱਸੇ ’ਚੋਂ ਮਿਲੀ ਹੈ ਜਦੋਂਕਿ ਦੂਜੀ ਗੋਲੀ ਖੱਬੇ ਪੱਟ ’ਚ ਵੱਜੀ ਸੀ ਜੋ ਬਾਅਦ ਵਿੱਚ ਘੁੰਮ ਕੇ ਗੋਡੇ ਤੱਕ ਪਹੁੰਚ ਗਈ। ਇਹ ਗੋਲੀ ਵੀ ਕੱਢ ਲਈ ਗਈ ਹੈ। ਹਾਲਾਂਕਿ ਇਹ ਬਿਲਕੁਲ ਸਪੱਸ਼ਟ ਹੈ ਕਿ ਵਿੱਕੀ ਦੀ ਮੌਤ ਗੋਲੀ ਲੱਗਣ ਕਾਰਨ ਹੋਈ ਹੈ ਪ੍ਰੰਤੂ ਇਸ ਦੇ ਬਾਵਜੂਦ ਮੈਡੀਕਲ ਬੋਰਡ ਨੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਵਿੱਸਰਾ ਕੈਮੀਕਲ ਲੈਬਾਰਟਰੀ ਵਿੱਚ ਭੇਜਿਆ ਗਿਆ ਹੈ।
ਵਿੱਕੀ ਮੁਹਾਲੀ ਵਿੱਚ ਆਪਣੇ ਪਰਿਵਾਰ ਅਤੇ ਵੱਡੇ ਭਰਾ ਸੀਨੀਅਰ ਅਕਾਲੀ ਆਗੂ ਅਜੈਪਾਲ ਸਿੰਘ ਮਿੱਡੂਖੇੜਾ ਨਾਲ ਰਹਿ ਰਿਹਾ ਸੀ। ਘਟਨਾ ਤੋਂ ਬਾਅਦ ਸ਼ਹਿਰ ਵਿੱਚ ਦਹਿਸ਼ਤ ਫੇਲ ਗਈ ਹੈ। ਇਹ ਘਟਨਾ ਇੱਥੋਂ ਦੇ ਸੈਕਟਰ-71 ਸਥਿਤ ਕਮਿਊਨਿਟੀ ਸੈਂਟਰ ਨੇੜਲੀ ਮਾਰਕੀਟ ਵਿੱਚ ਸਮੀਰ ਪ੍ਰਾਪਰਟੀ ਡੀਲਰ ਦੇ ਦਫ਼ਤਰ ਦੇ ਬਾਹਰ ਵਾਪਰੀ ਦੱਸੀ ਜਾ ਰਹੀ ਹੈ। ਵਿੱਕੀ ਅਕਸਰ ਇੱਥੇ ਆਉਂਦਾ ਜਾਂਦਾ ਸੀ।
ਪੀੜਤ ਪਰਿਵਾਰ ਦੇ ਜਾਣਕਾਰਾਂ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਸ ਸਮੇਂ ਉੱਥੇ ਮਾਰਕੀਟ ਨੇੜੇ ਮੋੜ ’ਤੇ ਪੀਸੀਆਰ ਦੀ ਗੱਡੀ ਖੜੀ ਸੀ ਪ੍ਰੰਤੂ ਪੁਲੀਸ ਦੇ ਤੁਰੰਤ ਹਰਕਤ ਵਿੱਚ ਨਾ ਆਉਣ ਕਾਰਨ ਇਹ ਦੁਖਾਂਤ ਵਾਪਰਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੀਸੀਆਰ ਦੇ ਜਵਾਨ ਕੋਸ਼ਿਸ਼ ਕਰਦੇ ਤਾਂ ਸ਼ਾਇਦ ਨੌਜਵਾਨ ਦੀ ਜਾਨ ਬਚ ਸਕਦੀ ਸੀ। ਸੂਚਨਾ ਮਿਲਦੇ ਹੀ ਐਸਐਸਪੀ ਸਤਿੰਦਰ ਸਿੰਘ ਨੇ ਖ਼ੁਦ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਪੀੜਤ ਪਰਿਵਾਰ ਨੂੰ ਮਿਲ ਕੇ ਹਾਦਸੇ ਬਾਰੇ ਮੁੱਢਲੀ ਜਾਣਕਾਰੀ ਹਾਸਲ ਕੀਤੀ ਅਤੇ ਹਮਲਾਵਰਾਂ ਨੂੰ ਛੇਤੀ ਗ੍ਰਿਫ਼ਤਾਰ ਕਰਨ ਦੀ ਗੱਲ ਆਖੀ। ਇਸ ਤੋਂ ਪਹਿਲਾਂ ਡੀਐਸਪੀ (ਸਿਟੀ-1) ਗੁਰਸ਼ੇਰ ਸਿੰਘ ਸੰਧੂ ਅਤੇ ਮਟੌਰ ਥਾਣਾ ਦੇ ਐਸਐਚਓ ਮਨਫੂਲ ਸਿੰਘ ਵੀ ਮੌਕੇ ’ਤੇ ਪਹੁੰਚੇ। ਫਿਲਹਾਲ ਪੁਲੀਸ ਨੇ ਮ੍ਰਿਤਕ ਵਿੱਕੀ ਦੇ ਵੱਡੇ ਭਰਾ ਅਜੈਪਾਲ ਮਿੱਡੂਖੇੜਾ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀਆਂ ਜਾ ਰਹੀਆਂ ਹਨ। ਰੂਪਨਗਰ ਦੇ ਡੀਆਈਜੀ ਗੁਰਪ੍ਰੀਤ ਸਿੰਘ ਤੂਰ ਨੇ ਵੀ ਘਟਨਾ ਦਾ ਜਾਇਜ਼ਾ ਲਿਆ। ਮੁਲਜ਼ਮਾਂ ਦੀ ਜਲਦੀ ਪੈੜ ਨੱਪਣ ਲਈ ਸਿੱਟ ਬਣਾਈ ਜਾ ਰਹੀ ਹੈ।
ਵਿੱਕੀ ਮਿੱਡੂਖੇੜਾ, ਬਾਦਲ ਪਰਿਵਾਰ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਦੇ ਕਾਫ਼ੀ ਨਜ਼ਦੀਕੀ ਸਮਝਿਆਂ ਜਾਂਦਾ ਸੀ। ਉਹ ਪਾਰਟੀ ਗਤੀਵਿਧੀਆਂ ਅਤੇ ਵਿਦਿਆਰਥੀ ਚੋਣਾਂ ਵਿੱਚ ਹਮੇਸ਼ਾ ਸਰਗਰਮ ਭੂਮਿਕਾ ਨਿਭਾਉਂਦਾ ਆ ਰਿਹਾ ਸੀ ਅਤੇ ਸਮਾਜ ਸੇਵੀ ਕੰਮਾਂ ਵਿੱਚ ਵੀ ਵਧ ਚੜ੍ਹ ਕੇ ਯੋਗਦਾਨ ਪਾਉਂਦਾ ਰਿਹਾ ਹੈ।
ਵਿੱਕੀ ਅੱਜ ਪ੍ਰਾਪਰਟੀ ਦੀ ਖ਼ਰੀਦ ਵੇਚ ਦੇ ਸਿਲਸਿਲੇ ਵਿੱਚ ਸੈਕਟਰ-71 ਦੀ ਮਾਰਕੀਟ ਵਿੱਚ ਸਮੀਰ ਪ੍ਰਾਪਰਟੀ ਡੀਲਰ ਨੂੰ ਮਿਲ ਕੇ ਜਿਵੇਂ ਹੀ ਵਾਪਸ ਜਾਣ ਲਈ ਆਪਣੀ ਚਿੱਟੇ ਰੰਗ ਦੀ ਫਾਰਚੂਨਰ ਗੱਡੀ ਵਿੱਚ ਬੈਠਣ ਲੱਗਾ ਤਾਂ ਐਨੇ ਵਿੱਚ ਦੋ ਹਥਿਆਰਬੰਦ ਨੌਜਵਾਨਾਂ ਨੇ ਉਸ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਹਾਲਾਂਕਿ ਵਿੱਕੀ ਨੇ ਉੱਥੋਂ ਭੱਜ ਕੇ ਆਪਣੀ ਜਾਨ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਲੇਕਿਨ ਹਮਲਾਵਰਾਂ ਨੇ ਉਸ ਦਾ ਪਿੱਛਾ ਨਹੀਂ ਛੱਡਿਆ ਅਤੇ ਰਸਤੇ ਵਿੱਚ ਘੇਰਾ ਪਾ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਹਾਲਾਂਕਿ ਪਿੰਡ ਮਟੌਰ ਦੇ ਵਸਨੀਕ ਮਨਦੀਪ ਸਿੰਘ ਵੱਲੋਂ ਆਪਣੇ ਸਾਥੀਆਂ ਦੀ ਮਦਦ ਨਾਲ ਖੂਨ ਨਾਲ ਲੱਥਪੱਥ ਵਿੱਕੀ ਨੂੰ ਤੁਰੰਤ ਨੇੜੇ ਦੇ ਆਈਵੀਵਾਈ ਹਸਪਤਾਲ ਵਿੱਚ ਲਿਜਾਇਆ ਗਿਆ ਪ੍ਰੰਤੂ ਮੁੱਢਲੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਮਲਾਵਰ ਆਈ-20 ਕਾਰ ਵਿੱਚ ਆਏ ਸੀ ਅਤੇ ਉਹ ਪਹਿਲਾਂ ਤੋਂ ਵਿੱਕੀ ਨੂੰ ਨਿਸ਼ਾਨਾ ਬਣਾਉਣ ਦੀ ਤਾਕ ਵਿੱਚ ਬੈਠੇ ਸੀ। ਦੋਵੇਂ ਹਮਲਾਵਰਾਂ ਸਿਰ ਤੋਂ ਮੋਨੇ ਸੀ ਅਤੇ ਉਨ੍ਹਾਂ ਨੇ ਆਪਣੇ ਮੂੰਹ ’ਤੇ ਮਾਸਕ ਪਾਇਆ ਸੀ। ਇਕ ਨੌਜਵਾਨ ਨੇ ਖੱਬੇ ਹੱਥ ਵਿੱਚ ਪਿਸਤੌਲ ਫੜੀ ਹੋਈ ਸੀ। ਹਮਲਾਵਰਾਂ ਨੇ ਕਰੀਬ 12 ਤੋਂ 15 ਗੋਲੀਆਂ ਚਲਾਈਆਂ ਹਨ। ਜਿਨ੍ਹਾਂ ’ਚੋਂ 6-7 ਗੋਲੀਆਂ ਵਿੱਕੀ ਨੂੰ ਲੱਗੀਆਂ ਦੱਸੀਆਂ ਜਾ ਰਹੀਆਂ ਹਨ। ਦੋ ਗੋਲੀਆਂ ਛਾਤੀ ਵਿੱਚ, ਇਕ ਬਾਂਹ ’ਤੇ ਵੀ ਗੋਲੀ ਲੱਗੀ ਹੈ ਜਦੋਂਕਿ ਕਾਰ ਦੀ ਤਾਕੀ ’ਤੇ ਗੋਲੀ ਵੱਜੀ ਹੈ। ਹਮਲਾਵਰ ਚਾਰ ਦੱਸੇ ਜਾ ਰਹੇ ਹਨ। ਘਟਨਾ ਤੋਂ ਬਾਅਦ ਉਹ ਆਪਣੀ ਕਾਰ ਵਿੱਚ ਬੈਠ ਕੇ ਫਰਾਰ ਹੋਣ ਵਿੱਚ ਸਫਲ ਹੋ ਗਏ।
ਨੌਜਵਾਨ ਦੀ ਮੌਤ ਦੀ ਖ਼ਬਰ ਸੂਚਨਾ ਮਿਲਦੇ ਹੀ ਮਿੱਡੂਖੇੜਾ ਦੇ ਸਮਰਥਕ ਅਤੇ ਉਹ ਜਾਣਕਾਰ ਵੱਡੀ ਗਿਣਤੀ ਵਿੱਚ ਹਸਪਤਾਲ ਪਹੁੰਚ ਗਏ। ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਰਾਜਧਾਨੀ ਨੇੜਲੇ ਵੀਆਈਪੀ ਸ਼ਹਿਰ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ, ਬਲਕਿ ਜੰਗਲ ਰਾਜ ਦਾ ਬੋਲਬਾਲਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹਮਲਾਵਰਾਂ ਨੂੰ ਜਲਦੀ ਨਹੀਂ ਫੜਿਆ ਗਿਆ ਤਾਂ ਰੋਸ ਮੁਜ਼ਾਹਰੇ ਕੀਤੇ ਜਾਣਗੇ।
ਮਿੱਡੂਖੇੜਾ ਪਰਿਵਾਰ ਦੇ ਰਿਸ਼ਤੇਦਾਰ ਜਸਵਿੰਦਰ ਸਿੰਘ ਵਿਰਕ ਅਤੇ ਹਰਮਨਪ੍ਰੀਤ ਕੌਰ ਨੇ ਦੱਸਿਆ ਕਿ ਪਿੰਡ ਤੋਂ ਵਿੱਕੀ ਦੇ ਮਾਤਾ-ਪਿਤਾ ਵੀ ਮੁਹਾਲੀ ਰਹਿੰਦੇ ਆਪਣੇ ਪੁੱਤਾਂ ਕੋਲ ਆਏ ਹੋਏ ਸੀ। ਉਨ੍ਹਾਂ ਦਾ ਪੀਜੀਆਈ ਤੋਂ ਇਲਾਜ ਚਲਦਾ ਹੈ। ਅੱਜ ਵਿੱਕੀ ਨੇ ਆਪਣੀ ਮਾਂ ਨੂੰ ਪੀਜੀਆਈ ਵਿੱਚ ਡਾਕਟਰ ਨੂੰ ਦਿਖਾਉਣ ਜਾਣਾ ਸੀ ਪਰ ਇਹ ਭਾਣਾ ਵਰਤ ਗਿਆ। ਜਦੋਂਕਿ ਵੱਡਾ ਭਰਾ ਅਜੈਪਾਲ ਪਿਤਾ ਨੂੰ ਡਾਕਟਰ ਕੋਲ ਲੈ ਕੇ ਜਾ ਰਿਹਾ ਸੀ ਪਰ ਘਟਨਾ ਦੀ ਸੂਚਨਾ ਮਿਲਣ ’ਤੇ ਉਹ ਰਸਤੇ ’ਚੋਂ ਵਾਪਸ ਮੁੜ ਆਏ। ਰਿਸਤੇਦਾਰਾਂ ਨੇ ਦੋਸ਼ ਲਾਇਆ ਕਿ ਪੁਲੀਸ ਘਟਨਾ ਸਥਾਨ ’ਤੇ ਕਾਫੀ ਲੇਟ ਪਹੁੰਚੀ ਹੈ। ਵਿੱਕੀ ਦਾ ਅੰਤਿਮ ਸਸਕਾਰ ਭਲਕੇ 8 ਅਗਸਤ ਐਤਵਾਰ ਨੂੰ ਸਵੇਰੇ 11 ਵਜੇ ਉਨ੍ਹਾਂ ਦੇ ਜ਼ੱਦੀ ਪਿੰਡ ਮਿੱਡੂਖੇੜਾ, ਲੰਬੀ ਹਲਕਾ ਵਿੱਚ ਕੀਤਾ ਜਾਵੇਗਾ।