Nabaz-e-punjab.com

ਸੈਕਟਰ-88 ਤੇ ਸੈਕਟਰ-89 ਦੇ ਲੋਕਾਂ ਨੂੰ ਅਲਾਟ ਪਲਾਟਾਂ ’ਚੋਂ ਮਿੱਟੀ ਚੁੱਕਣ ਦਾ ਮਾਮਲਾ ਗਰਮਾਇਆ

ਅਕਾਲੀ ਕੌਂਸਲਰ ਸੁਰਿੰਦਰ ਸਿੰਘ ਰੋਡਾ ਤੇ ਹੋਰਨਾਂ ਅਲਾਟੀਆਂ ਨੇ ਠੇਕੇਦਾਰ ਅਤੇ ਗਮਾਡਾ ਦੇ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਮੰਗੀ

ਗਮਾਡਾ ਦੀ ਮਿਲੀਭੁਗਤ ਨਾਲ ਠੇਕੇਦਾਰ ਗੈਰਕਾਨੂੰਨੀ ਤਰੀਕੇ ਨਾਲ ਪਲਾਟਾਂ ’ਚੋਂ ਮਿੱਟੀ ਚੁੱਕਣ ਦਾ ਦੋਸ਼, ਗਮਾਡਾ ਅਧਿਕਾਰੀ ਸਾਰੇ ਦੋਸ਼ ਨਕਾਰੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਈ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਇੱਥੋਂ ਦੇ ਸੈਕਟਰ-88 ਅਤੇ ਸੈਕਟਰ-89 ਵਿੱਚ ਲੋਕਾਂ ਨੂੰ ਅਲਾਟ ਕੀਤੇ ਗਏ ਪਲਾਟਾਂ ’ਚੋਂ ਦਿਨ ਦਿਹਾੜੇ ਸ਼ਰ੍ਹੇਆਮ ਕਥਿਤ ਗੈਰਕਾਨੂੰਨੀ ਤਰੀਕੇ ਨਾਲ ਜੇਸੀਬੀ ਮਸ਼ੀਨਾਂ ਨਾਲ ਖੁਦਾਈ ਕਰਕੇ ਵੱਡੇ ਪੱਧਰ ’ਤੇ ਮਿੱਟੀ ਚੁੱਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਅੱਜ ਨਗਰ ਨਿਗਮ ਦੇ ਕੌਂਸਲਰ ਸੁਰਿੰਦਰ ਸਿੰਘ ਰੋਡਾ ਅਤੇ ਹੋਰਨਾਂ ਪੀੜਤ ਅਲਾਟੀਆਂ ਨੇ ਟਰੱਕਾਂ ਵਿੱਚ ਮਿੱਟੀ ਭਰ ਕੇ ਲਿਜਾਣ ਵਾਲਿਆਂ ਨੂੰ ਇਹ ਪੁੱਛੇ ਜਾਣ ’ਤੇ ਉਹ ਕਿਸ ਦੀ ਇਜਾਜ਼ਤ ਨਾਲ ਲੋਕਾਂ ਦੇ ਪਲਾਟਾਂ ’ਚੋਂ ਖੁਦਾਈ ਕਰਕੇ ਮਿੱਟੀ ਚੁੱਕ ਰਹੇ ਹਨ ਤਾਂ ਇਸ ਕੰਮ ਨੂੰ ਅੰਜਾਮ ਦੇਣ ਵਿੱਚ ਲੱਗੇ ਵਿਅਕਤੀਆਂ ਨੂੰ ਕੋਈ ਜਵਾਬ ਨਹੀਂ ਆਇਆ ਅਤੇ ਰੌਲਾ ਪੈਣ ’ਤੇ ਉਹ ਆਪਣੇ ਵਾਹਨ ਲੈ ਕੇ ਉੱਥੋਂ ਖਿਸਕ ਗਏ।
ਇਸ ਮੌਕੇ ਅਕਾਲੀ ਦਲ ਦੇ ਕੌਂਸਲਰ ਸੁਰਿੰਦਰ ਸਿੰਘ ਰੋਡਾ ਅਤੇ ਪੀੜਤ ਅਲਾਟੀਆਂ ਜਗਦੀਸ਼ ਸਿੰਘ ਲਖਨੌਰ, ਬਲਵਿੰਦਰ ਸਿੰਘ, ਸਰਬਜੀਤ ਸਿੰਘ ਅਤੇ ਰੂਪ ਲਾਲ ਚੌਧਰੀ ਅਤੇ ਹੋਰਨਾਂ ਨੇ ਦੋਸ਼ ਲਾਇਆ ਕਿ ਗਮਾਡਾ ਦੀ ਕਥਿਤ ਮਿਲੀਭੁਗਤ ਤੋਂ ਬਿਨਾਂ ਉਨ੍ਹਾਂ ਦੇ ਪਲਾਟਾਂ ’ਚੋਂ ਚਿੱਟੇ ਦਿਨ ਮਿੱਟੀ ਨਹੀਂ ਚੁੱਕੀ ਜਾ ਸਕਦੀ ਹੈ। ਸ੍ਰੀ ਰੋਡਾ ਨੇ ਦੱਸਿਆ ਕਿ ਪਲਾਟ ਮਾਲਕਾਂ ਨੇ ਅੱਜ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਕਿ ਇੱਥੇ ਕੁਝ ਟਰੱਕ ਲੋਕਾਂ ਦੇ ਪਲਾਟਾਂ ਤੋਂ ਸ਼ਰ੍ਹੇਆਮ ਮਿੱਟੀ ਭਰ ਕੇ ਲਿਜਾ ਰਹੇ ਹਨ। ਇਸ ਕੰਮ ਨੂੰ ਅੰਜਾਮ ਦੇਣ ਲਈ ਬਾਕਾਇਦਾ ਉੱਥੇ ਜੇਸੀਬੀ ਮਸ਼ੀਨਾਂ ਲਗਾ ਕੇ ਮਿੱਟੀ ਚੁੱਕੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਟਰੱਕਾਂ ਵਿੱਚ ਮਿੱਟੀ ਭਰ ਕੇ ਲਿਜਾਉਣ ਵਾਲੇ ਠੇਕੇਦਾਰ ਤੋਂ ਪੁੱਛਿਆ ਕਿ ਉਹ ਕਿਸ ਦੀ ਇਜ਼ਾਜ਼ਤ ਨਾਲ ਇਨ੍ਹਾਂ ਪਲਾਟਾਂ ’ਚੋਂ ਮਿੱਟੀ ਚੁੱਕ ਰਹੇ ਹਨ ਤਾਂ ਉਨ੍ਹਾਂ ’ਚੋਂ ਇਕ ਸੱਜਣ ਨੇ ਕਿਹਾ ਕਿ ਉਨ੍ਹਾਂ ਨੂੰ ਜੇਈ ਨੇ ਇੱਥੋਂ ਮਿੱਟੀ ਚੁੱਕਣ ਲਈ ਕਿਹਾ ਸੀ। ਸਬੰਧਤ ਵਿਅਕਤੀ ਨੇ ਆਪਣੇ ਫੋਨ ਤੋਂ ਗਮਾਡਾ ਦੇ ਜੇਈ ਨਾਲ ਅਕਾਲੀ ਕੌਂਸਲਰ ਦੀ ਗੱਲ ਵੀ ਕਰਵਾਈ ਗਈ। ਪ੍ਰੰਤੂ ਬਾਅਦ ਮਿੱਟੀ ਚੁੱਕ ਰਹੇ ਵਿਅਕਤੀ ਜੇਸੀਬੀ ਮਸ਼ੀਨ ਅਤੇ ਆਪਣੇ ਵਾਹਨਾਂ ਸਮੇਤ ਉੱਥੋਂ ਖਿਸਕ ਗਏ।
ਅਕਾਲੀ ਕੌਂਸਲਰ ਨੇ ਅੱਜ ਉਹ ਆਪਣੀ ਸ਼ਿਕਾਇਤ ਲੈ ਕੇ ਗਮਾਡਾ ਦੇ ਦਫ਼ਤਰ ਗਏ ਸੀ ਲੇਕਿਨ ਸਰਕਾਰੀ ਛੁੱਟੀ ਹੋਣ ਕਾਰਨ ਕਿਸੇ ਅਧਿਕਾਰੀ ਨਾਲ ਤਾਲਮੇਲ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਦਫ਼ਤਰ ਖੁੱਲ੍ਹਣ ’ਤੇ ਪੀੜਤ ਅਲਾਟੀਆਂ ਵੱਲੋਂ ਗਮਾਡਾ ਨੂੰ ਲਿਖਤੀ ਸ਼ਿਕਾਇਤ ਦੇ ਕੇ ਉਨ੍ਹਾਂ ਦੇ ਪਲਾਟਾਂ ’ਚੋਂ ਮਿੱਟੀ ਚੁੱਕਣ ਵਾਲੇ ਵਿਅਕਤੀਆਂ ਅਤੇ ਸਬੰਧਤ ਸਟਾਫ਼ ਦੇ ਖ਼ਿਲਾਫ਼ ਬਣਦੀ ਕਾਰਵਾਈ ਦੀ ਮੰਗ ਕਰਨਗੇ।
(ਬਾਕਸ ਆਈਟਮ)
ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਰਾਜੇਸ਼ ਧੀਮਾਨ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਉਨ੍ਹਾਂ ਦੱਸਿਆ ਕਿ ਗਮਾਡਾ ਨੇ ਸੜਕਾਂ ਅਤੇ ਹਾਊਸਿੰਗ ਪ੍ਰਾਜੈਕਟਾਂ ਦੇ ਨਿਰਮਾਣ ਦੌਰਾਨ ਵਾਧੂ ਮਿੱਟੀ ਚੁੱਕ ਕੇ ਸੈਕਟਰ-88 ਅਤੇ ਸੈਕਟਰ-89 ਵਿੱਚ ਖਾਲੀ ਪਏ ਪਲਾਟਾਂ ਵਿੱਚ ਸੁੱਟੀ ਗਈ ਸੀ ਅਤੇ ਹੁਣ ਗਮਾਡਾ ਨੂੰ ਐਰੋਸਿਟੀ ਵਿੱਚ ਮਿੱਟੀ ਦੀ ਲੋੜ ਹੈ। ਅਧਿਕਾਰੀ ਨੇ ਦੱਸਿਆ ਕਿ ਉਕਤ ਪਲਾਟਾਂ ’ਚੋਂ ਮਿੱਟੀ ਚੁੱਕਣ ਲਈ ਬਾਕਾਇਦਾ ਟੈਂਡਰ ਲਗਾਏ ਗਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਪਲਾਟਾਂ ’ਚੋਂ ਮਿੱਟੀ ਚੁੱਕ ਕੇ ਗਮਾਡਾ ਵੱਲੋਂ ਵਿਕਸ਼ਤ ਕੀਤੇ ਜਾ ਰਹੇ ਐਰੋਸਿਟੀ ਵਿੱਚ ਮਿੱਟੀ ਸੁੱਟੀ ਜਾ ਰਹੀ ਹੈ ਅਤੇ ਇਹ ਸਾਰਾ ਕੰਮ ਬਿਲਕੁਲ ਸਰਕਾਰੀ ਨੇਮਾ ਮੁਤਾਬਕ ਕੀਤਾ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਪੇਅ-ਪੈਰਿਟੀ ਬਹਾਲੀ ਮਾਮਲੇ ’ਤੇ ਵੈਟਰਨਰੀ ਡਾਕਟਰਾਂ ਨੇ ਕੀਤੀ ਸੂਬਾ ਪੱਧਰੀ ਮੀਟਿੰਗ

ਪੇਅ-ਪੈਰਿਟੀ ਬਹਾਲੀ ਮਾਮਲੇ ’ਤੇ ਵੈਟਰਨਰੀ ਡਾਕਟਰਾਂ ਨੇ ਕੀਤੀ ਸੂਬਾ ਪੱਧਰੀ ਮੀਟਿੰਗ ਜ਼ਿਲ੍ਹਾ ਪੱਧਰ ਕਨਵੈਨਸ਼ਨਾਂ…