
ਸੋਲਰ ਲਾਈਟ ਘੁਟਾਲਾ: ਵਿਜੀਲੈਂਸ ਬਿਊਰੋ ਵੱਲੋਂ ਕੈਪਟਨ ਸੰਦੀਪ ਸੰਧੂ ਦੇ ਘਰ ਛਾਪੇਮਾਰੀ
ਵਿਜੀਲੈਂਸ ਨੇ ਕੈਪਟਨ ਸੰਧੂ ਨੂੰ ਭ੍ਰਿਸ਼ਟਾਚਾਰ ਦੇ ਸੰਗਲ ਨਾਲ ਨੂੜਨ ਦੀ ਕਾਰਵਾਈ ਆਰੰਭੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਕਤੂਬਰ:
ਸਿੱਧਵਾਂ ਬੇਟ ਖੇਤਰ ਦੇ ਪਿੰਡਾਂ ਦੀਆਂ ਗਲੀਆਂ ਵਿੱਚ ਸੋਲਰ ਲਾਈਟਾਂ ਦੇ ਪ੍ਰਾਜੈਕਟ ਵਿੱਚ ਹੋਏ ਕਥਿਤ ਘੁਟਾਲੇ ਦੇ ਮਾਮਲੇ ਵਿੱਚ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਕਾਂਗਰਸ ਦੇ ਸੂਬਾ ਸਕੱਤਰ ਅਤੇ ਪਿਛਲੀ ਕਾਂਗਰਸ ਵਜ਼ਾਰਤ ਸਮੇਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਰਹੇ ਕੈਪਟਨ ਸੰਦੀਪ ਸੰਧੂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਵਿਜੀਲੈਂਸ ਨੇ ਕੈਪਟਨ ਸੰਧੂ ਨੂੰ ਭ੍ਰਿਸ਼ਟਾਚਾਰ ਦੇ ਸੰਗਲ ਨਾਲ ਨੂੜਨ ਲਈ ਮੁੱਢਲੀ ਕਾਰਵਾਈ ਆਰੰਭ ਦਿੱਤੀ ਹੈ। ਵਿਜੀਲੈਂਸ ਬਿਊਰੋ ਦੀ ਇੱਕ ਵਿਸ਼ੇਸ਼ ਟੀਮ ਨੇ ਸਨਿੱਚਰਵਾਰ ਨੂੰ ਮੁਹਾਲੀ ਦੇ ਫੇਜ਼-10 ਸਥਿਤ ਕੈਪਟਨ ਸੰਧੂ ਦੇ ਘਰ ’ਤੇ ਅਚਨਚੇਤ ਛਾਪੇਮਾਰੀ ਕੀਤੀ। ਵਿਜੀਲੈਂਸ ਨੇ ਕਰੀਬ ਇੱਕ ਘੰਟਾ ਜਾਂਚ ਕੀਤੀ। ਜਦੋਂ ਵਿਜੀਲੈਂਸ ਨੇ ਇਹ ਕਾਰਵਾਈ ਕੀਤੀ ਤਾਂ ਉਦੋਂ ਕੈਪਟਨ ਸੰਧੂ ਘਰ ਮੌਜੂਦ ਨਹੀਂ ਸਨ ਪਰ ਉਸ ਦੀ ਪਤਨੀ ਘਰ ਵਿੱਚ ਮੌਜੂਦ ਸੀ। ਸੂਤਰ ਦੱਸਦੇ ਹਨ ਕਿ ਕੁੱਝ ਦਿਨ ਪਹਿਲਾਂ ਹੀ ਕੈਪਟਨ ਸੰਧੂ ਦੀ ਲੁਧਿਆਣਾ ਸਥਿਤ ਇੱਕ ਰਿਹਾਇਸ਼ ’ਤੇ ਵੀ ਵਿਜੀਲੈਂਸ ਦੀ ਟੀਮ ਨੇ ਦਸਤਕ ਦਿੱਤੀ ਸੀ। ਉਸ ਦਿਨ ਤੋਂ ਬਾਅਦ ਕਾਂਗਰਸ ਆਗੂ ਆਪਣੀ ਗ੍ਰਿਫ਼ਤਾਰੀ ਦਾ ਖ਼ਦਸ਼ਾ ਪ੍ਰਗਟ ਕਰਦੇ ਹੋਏ ਰੂਪੋਸ਼ ਹੋ ਗਏ ਦੱਸੇ ਜਾ ਰਹੇ ਹਨ।
ਵਿਜੀਲੈਂਸ ਵੱਲੋਂ ਬੀਤੀ 27 ਸਤੰਬਰ ਨੂੰ ਦਰਜ ਉਕਤ ਮਾਮਲੇ ਵਿੱਚ ਹੁਣ ਤੱਕ 6 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਜਿਨ੍ਹਾਂ ’ਚੋਂ ਸਿੱਧਵਾਂ ਬੇਟ ਦੇ ਬੀਡੀਪੀਓ ਸਤਵਿੰਦਰ ਸਿੰਘ ਕੰਗ, ਬਲਾਕ ਸਮਿਤੀ ਚੇਅਰਮੈਨ ਲਖਵਿੰਦਰ ਸਿੰਘ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਵਿਜੀਲੈਂਸ ਹੁਣ ਕਿਸੇ ਵੀ ਵੇਲੇ ਪੁੱਛਗਿੱਛ ਲਈ ਕੈਪਟਨ ਸੰਧੂ ਨੂੰ ਵਿਜੀਲੈਂਸ ਭਵਨ ਵਿੱਚ ਤਲਬ ਕਰ ਸਕਦੀ ਹੈ। ਉਂਜ ਵਿਜੀਲੈਂਸ ਨੇ ਸੋਲਰ ਲਾਈਟ ਘੁਲਾਟੇ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਆਗੂ ਦੀ ਸ਼ੱਕੀ ਭੂਮਿਕਾ ਬਾਰੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜਾਂਚ ਏਜੰਸੀ ਕਦੇ ਵੀ ਸੰਧੂ ਨੂੰ ਹੱਥਕੜੀ ਲਗਾ ਸਕਦੀ ਹੈ?
ਇਸ ਸਬੰਧੀ ਜਦੋਂ ਪੱਤਰਕਾਰਾਂ ਨੇ ਵਿਜੀਲੈਂਸ ਟੀਮ ਦੀ ਅਗਵਾਈ ਕਰ ਰਹੇ ਇੱਕ ਅਧਿਕਾਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਸਿਰਫ਼ ਐਨਾ ਹੀ ਕਿਹਾ ਕਿ ਉਹ ਸਰਕਾਰੀ ਡਿਊਟੀ ’ਤੇ ਹਨ। ਇਸ ਲਈ ਮੀਡੀਆ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ ਹਨ। ਵਿਜੀਲੈਂਸ ਨਾਲ ਜ਼ਿਲ੍ਹਾ ਪੁਲੀਸ ਦੀ ਇੱਕ ਮਹਿਲਾ ਏਐਸਆਈ ਨੇ ਦੱਸਿਆ ਕਿ ਅੱਜ ਕੈਪਟਨ ਸੰਧੂ ਦੇ ਘਰ ਛਾਪੇਮਾਰੀ ਦੌਰਾਨ ਵਿਜੀਲੈਂਸ ਦੀ ਟੀਮ ਉਨ੍ਹਾਂ ਨੂੰ ਆਪਣੇ ਨਾਲ ਲੈ ਕੇ ਆਈ ਸੀ ਪਰ ਤਲਾਸ਼ੀ ਦੌਰਾਨ ਸੰਧੂ ਦੇ ਘਰ ’ਚੋਂ ਕੋਈ ਵੀ ਇਤਰਾਜਯੋਗ ਚੀਜ਼ ਜਾਂ ਦਸਤਾਵੇਜ਼ ਨਹੀਂ ਮਿਲੇ ਹਨ।
ਜਾਣਕਾਰੀ ਅਨੁਸਾਰ ਪੰਜਾਬ ਵਿੱਚ ਸਤਾ ਪਰਿਵਰਤਨ ਤੋਂ ਬਾਅਦ ਵਿਜੀਲੈਂਸ ਵੱਲੋਂ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਸਮੇਤ ਦੋ ਵੱਡੇ ਅਫ਼ਸਰਾਂ ਆਈਏਐਸ ਸੰਜੇ ਪੋਪਲੀ ਅਤੇ ਏਆਈਜੀ ਆਸ਼ੀਸ਼ ਕਪੂਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਜਦੋਂਕਿ ਚੰਨੀ ਸਰਕਾਰ ਸਮੇਂ ਜੰਗਲਾਤ ਮੰਤਰੀ ਰਹੇ ਸੰਗਤ ਸਿੰਘ ਗਿਲਜ਼ੀਆਂ ਨੂੰ ਵੀ ਇੱਕ ਕੇਸ ਵਿੱਚ ਨਾਮਜ਼ਦ ਕੀਤਾ ਜਾ ਚੁੱਕਾ ਹੈ ਅਤੇ ਹੁਣ ਕੈਪਟਨ ਸੰਧੂ ਦੀ ਵਾਰੀ ਹੈ। ਉਹ ਵਿਰੋਧੀ ਪਾਰਟੀ ਕਾਂਗਰਸ ਦਾ ਪ੍ਰਮੁੱਖ ਆਗੂ ਹੈ ਅਤੇ ਕਾਂਗਰਸ ਸਰਕਾਰ ਸਮੇਂ ਸੰਧੂ ਕੈਪਟਨ ਦੇ ਨੇੜਲਿਆਂ ’ਚੋਂ ਇੱਕ ਸਨ, ਪ੍ਰੰਤੂ ਜਦੋਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਛੱਡੀ ਤਾਂ ਉਹ (ਸੰਧੂ) ਕਾਂਗਰਸ ਤੋਂ ਬਾਗੀ ਨਹੀਂ ਹੋਏ। ਉਨ੍ਹਾਂ ਨੂੰ ਦਾਖਾ ਹਲਕੇ ਤੋਂ ਜ਼ਿਮਨੀ ਚੋਣ ਵੀ ਲੜਾਈ ਗਈ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਚੋਣ ਪ੍ਰਚਾਰ ਦਾ ਮੋਰਚਾ ਸੰਭਾਲਿਆ ਹੋਇਆ ਸੀ। ਸੂਤਰ ਦੱਸਦੇ ਹਨ ਕਿ ਸਿੱਧਵਾਂ ਬੇਟ ਦੇ ਪਿੰਡਾਂ ਵਿੱਚ ਲਾਈਟਾਂ ਲਾਉਣ ਲਈ ਕੈਪਟਨ ਸੰਧੂ ਨੇ ਵੀ ਠੇਕੇਦਾਰ ਨਾਲ ਗੱਲ ਕਰਵਾਈ ਸੀ।

ਵਿਜੀਲੈਂਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਡੂੰਘਾਈ ਜਾਂਚ ਪੜਤਾਲ ਕਰ ਰਹੀ ਹੈ। ਇਹੀ ਨਹੀਂ ਦਾਖਾ ਹਲਕੇ ਦੀ ਜ਼ਿਮਨੀ ਚੋਣ ਤੋਂ ਬਾਅਦ ਪਿਛਲੀਆਂ ਚੋਣਾਂ ਤੱਕ ਹਲਕਾ ਦਾਖਾ ਵਿੱਚ ਵਿਕਾਸ ਕੰਮਾਂ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਜਾਰੀ ਕੀਤੀਆਂ ਗਈਆਂ ਸਨ। ਇਨ੍ਹਾਂ ’ਚੋਂ ਜ਼ਿਆਦਾਤਰ ਗਰਾਂਟਾਂ ਵਿੱਚ ਘਪਲੇਬਾਜ਼ੀ ਹੋਣ ਦੀ ਬੂ ਆ ਰਹੀ ਹੈ। ਜਦੋਂਕਿ ਵਿਜੀਲੈਂਸ ਖੇਡ ਕਿੱਟਾਂ ਦੀ ਵੱਖਰੇ ਤੌਰ ’ਤੇ ਜਾਂਚ ਕਰ ਰਹੀ ਹੈ।