Nabaz-e-punjab.com

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼-1 ਵਿੱਚ 40 ਕਿੱਲੋਵਾਟ ਦਾ ਸੋਲਰ ਸਿਸਟਮ ਲਗਾਇਆ

ਗੁਰਦੁਆਰਾ ਸਾਚਾ ਧੰਨ ਸਾਹਿਬ ਵਿੱਚ ਸੋਲਰ ਸਿਸਟਮ ਲਗਾਉਣ ’ਤੇ ਵਿਚਾਰ ਚਰਚਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜੁਲਾਈ:
ਸਮਾਜ ਸੇਵੀ ਆਗੂ ਅਤੇ ਕੌਂਸਲਰ ਕੁਲਜੀਤ ਸਿੰਘ ਬੇਦੀ ਵੱਲੋਂ ਗੁਰਦੁਆਰਾ ਤਾਲਮੇਲ ਕਮੇਟੀ ਐਸ.ਏ.ਐਸ. ਨਗਰ (ਮੁਹਾਲੀ) ਨੂੰ ਗੁਰਦੁਆਰਾ ਸਾਹਿਬਾਨਾਂ ਵਿੱਚ ਸੋਲਰ ਸਿਸਟਮ ਲਗਾਉਣ ਅਤੇ ਬਰਸਾਤੀ ਪਾਣੀ ਦੀ ਸੰਭਾਲ ਲਈ ਵਾਟਰ ਰੀਚਾਰਜ ਸਿਸਟਮ ਲਗਾਉਣ ਦੀ ਮੰਗ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼-1 ਵਿੱਚ 40 ਕਿੱਲੋਵਾਟ ਸਮਰਥਾ ਦਾ ਸੋਲਰ ਸਿਸਟਮ ਲਗਾ ਦਿੱਤਾ ਗਿਆ ਹੈ। ਸੋਲਰ ਸਿਸਟਮ ਦਾ ਰਸਮੀ ਉਦਘਾਟਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਪ੍ਰੀਤਮ ਸਿੰਘ ਅਤੇ ਸੀਨੀਅਰ ਸਿਟੀਜ਼ਨ ਜਗਜੀਤ ਸਿੰਘ ਅਰੋੜਾ ਨੇ ਕੀਤਾ।
ਪ੍ਰਧਾਨ ਪ੍ਰੀਤਮ ਸਿੰਘ ਕਿਹਾ ਕਿ ਗੁਰਦੁਆਰਾ ਸਾਹਿਬ ਵਿੱਚ ਸੋਲਰ ਸਿਸਟਮ ਲਗਾਉਣ ਨਾਲ ਵਿੱਤੀ ਲਾਭ ਵੀ ਹੋਵੇਗਾ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦਾ ਬਿਜਲੀ ਦਾ ਸਾਲਾਨਾ ਬਿੱਲ ਲਗਭਗ ਸੱਤ ਲੱਖ ਰੁਪਏ ਆਉਂਦਾ ਹੈ ਅਤੇ ਹੁਣ ਸੋਲਰ ਸਿਸਟਮ ਲਗਾਉਣ ਕਾਰਨ ਬਿਜਲੀ ਦਾ ਬਿੱਲ ਨਹੀਂ ਦੇਣਾ ਪਵੇਗਾ। ਸੋਲਰ ਸਿਸਟਮ ਦਾ ਉਦਘਾਟਨ ਸੀਨੀਅਰ ਸਿਟੀਜ਼ਨ ਜਗਜੀਤ ਸਿੰਘ ਅਰੋੜਾ ਵੱਲੋਂ ਕੀਤਾ ਗਿਆ।
ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਸੌਂਧੀ ਨੇ ਦੱਸਿਆ ਕਿ ਸੋਲਰ ਸਿਸਟਮ ’ਤੇ ਕੁੱਲ 17.50 ਲੱਖ ਰੁਪਏ ਖ਼ਰਚ ਆਇਆ ਹੈ ਜੋ ਸੰਗਤਾਂ ਨੇ ਦਿੱਤਾ ਹੈ। ਇਸ ਨਾਲ ਕਰੀਬ 175 ਤੋਂ 200 ਯੂਨਿਟ ਬਿਜਲੀ ਰੋਜ਼ਾਨਾ ਪੈਦਾ ਕੀਤੀ ਜਾਵੇਗੀ ਜਿਹੜੀ ਪੰਜਾਬ ਪਾਵਰਕੌਮ ਕਾਰਪੋਰੇਸ਼ਨ ਪਾਸ ਜਮ੍ਹਾ ਹੋਵੇਗੀ ਅਤੇ ਲੋੜ ਪੈਣ ’ਤੇ ਜਿੰਨੀ ਬਿਜਲੀ ਗੁਰਦੁਆਰਾ ਸਾਹਿਬ ਵੱਲੋਂ ਵਰਤੀ ਜਾਵੇਗੀ ਉਹ ਉਸ ’ਚੋਂ ਕੱਟੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਫੇਜ਼-11 ਵਿੱਚ ਸੋਲਰ ਸਿਸਟਮ ਲਗਾਇਆ ਗਿਆ ਸੀ ਜੋ ਸਫਲਤਾਪੂਰਨ ਚਲ ਰਿਹਾ ਹੈ ਅਤੇ ਬਿਜਲੀ ਖਪਤ ਦੇ ਮੁਕਾਬਲੇ ਸੋਲਰ ਸਿਸਟਮ ਨਾਲ ਪ੍ਰਾਪਤ ਹੋਈ ਬਿਜਲੀ ਤੋਂ ਬਹੁਤ ਵਿੱਤੀ ਫਾਇਦਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਚਾ ਧੰਨ ਸਾਹਿਬ ਵੱਲੋਂ ਵੀ ਸੋਲਰ ਸਿਸਟਮ ਲਗਾਉਣ ਲਈ ਵਿਚਾਰ ਕੀਤਾ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਦੇ ਚੇਅਰਮੈਨ ਹਰਦਿਆਲ ਸਿੰਘ ਮਾਨ ਨੇ ਕਿ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਪ੍ਰੀਤਮ ਸਿੰਘ ਦੇ ਕਾਰਜਕਾਲ ਵਿੱਚ ਗੁਰਦੁਆਰੇ ਦਾ ਸਰਬਪੱਖੀ ਵਿਕਾਸ ਹੋਇਆ ਹੈ ਅਤੇ ਉਨ੍ਹਾਂ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਸੰਗਤਾਂ ਦੀ ਸਹੂਲਤ ਲਈ ਕਈ ਪ੍ਰਬੰਧ ਕੀਤੇ ਗਏ ਹਨ।
ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਇਸ ਮੌਕੇ ਕਿਹਾ ਕਿ ਪਿਛਲੇ ਮਹੀਨੇ ਹੀ ਗੁਰਦੁਆਰਾ ਤਾਲਮੇਲ ਕਮੇਟੀ ਦੇ ਮੈਂਬਰਾਂ ਨਾਲ ਹੋਈ ਗੱਲਬਾਤ ਜਿਸ ਵਿੱਚ ਉਨ੍ਹਾਂ ਨੇ ਗੁਰਦੁਆਰਿਆਂ ਵਿੱਚ ਸੋਲਰ ਸਿਸਟਮ ਲਗਾਉਣ ਲਈ ਬੇਨਤੀ ਕੀਤੀ ਸੀ ਉਸ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸੂਰਜ ਊਰਜਾ ਦਾ ਮੁੱਖ ਸਰੋਤ ਹੈ ਅਤੇ ਊਰਜਾ ਦੇ ਸਾਰੇ ਸੋਮੇ ਆਪਣੀ ਊਰਜਾ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸੂਰਜ ਤੋਂ ਹੀ ਪ੍ਰਾਪਤ ਕਰਦੇ ਹਨ। ਸੋਲਰ ਸਿਸਟਮ ਰਾਹੀਂ ਪੈਦਾ ਕੀਤੀ ਜਾਣ ਵਾਲੀ ਬਿਜਲੀ ਵਾਤਾਵਰਨ ਨੂੰ ਗੰਧਲਾ ਨਹੀਂ ਕਰਦੀ। ਉਨ੍ਹਾਂ ਗੁਰਦੁਆਰਾ ਤਾਲਮੇਲ ਕਮੇਟੀ ਅਤੇ ਗੁਰਦੁਆਰਾ ਫੇਜ਼-1 ਦੀ ਸਮੁੱਚੀ ਕਮੇਟੀ ਨੂੰ ਵਧਾਈ ਦਿੰਦਿਆਂ ਬਾਕੀ ਗੁਰਦੁਆਰਾ ਕਮੇਟੀਆਂ ਨੂੰ ਵੀ ਇਨ੍ਹਾਂ ਤੋਂ ਸੇਧ ਲੈਣ ਦੀ ਅਪੀਲ ਕੀਤੀ। ਉਨ੍ਹਾਂ ਸਰਕਾਰ ਤੋਂ ਵੀ ਮੰਗ ਕੀਤੀ ਕਿ ਸੋਲਰ ਸਿਸਟਮ ਲਗਾਉਣ ਲਈ ਧਾਰਮਿਕ ਸੰਸਥਾਵਾਂ ਨੂੰ ਲੋੜੀਂਦੀ ਸਬਸਿਡੀ ਮੁਹੱਈਆ ਕਰਵਾਈ ਜਾਵੇ।
ਇਸ ਮੌਕੇ ਕੌਂਸਲਰ ਸ੍ਰੀਮਤੀ ਗੁਰਮੀਤ ਕੌਰ, ਗੁਰਦੁਆਰਾ ਤਾਲਮੇਲ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਪਾਹਵਾ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਮਨਜੀਤ ਸਿੰਘ ਭੱਲਾ, ਪੀਐਸ ਵਿਰਦੀ, ਮੀਤ ਪ੍ਰਧਾਨ ਹਰਬਿੰਦਰ ਸਿੰਘ, ਨਿਰਮਲ ਸਿੰਘ ਭੁਰਜੀ, ਸਤਪਾਲ ਸਿੰਘ ਬਾਗੀ, ਸੁਖਵਿੰਦਰ ਸਿੰਘ, ਦਰਸ਼ਨ ਸਿੰਘ, ਬਲਬੀਰ ਸਿੰਘ ਅਤੇ ਰਵਿੰਦਰ ਸਿੰਘ ਸੇਠੀ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ ਸ਼ਹਿਰ ਵਿੱਚ ਤਿੰਨ ਗ…