
ਲੁੱਟ-ਖੋਹ ਦੇ ਮਾਮਲੇ ਵਿੱਚ ਏਐਸਆਈ ਤੇ ਸਿਪਾਹੀ ਬਰਖ਼ਾਸਤ
ਮੁਲਜ਼ਮ ਥਾਣੇਦਾਰ ਤੇ ਸਿਪਾਹੀ ਖ਼ਿਲਾਫ਼ ਮਟੌਰ ਥਾਣੇ ਵਿੱਚ ਅਪਰਾਧਿਕ ਕੇਸ ਦਰਜ, ਵਿਭਾਗੀ ਜਾਂਚ ਸ਼ੁਰੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਦਸੰਬਰ:
ਪੰਜਾਬ ਸਰਕਾਰ ਨੇ ਲੁੱਟ-ਖੋਹ ਅਤੇ ਅਸਲੇ ਦੀ ਨੋਕ ਡਰਾਉਣ ਧਮਕਾਉਣ ਦੇ ਗੰਭੀਰ ਦੋਸ਼ਾਂ ਦਾ ਸਾਹਮਣੇ ਕਰ ਰਹੇ ਏਐਸਆਈ ਰਸ਼ਪ੍ਰੀਤ ਸਿੰਘ ਅਤੇ ਸਿਪਾਹੀ ਦਵਿੰਦਰ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਉਨ੍ਹਾਂ ਦੇ ਖ਼ਿਲਾਫ਼ ਮਟੌਰ ਥਾਣੇ ਵਿੱਚ ਧਾਰਾ 307,458,382,323,34 ਅਤੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ। ਇਸ ਮਾਮਲੇ ਵਿੱਚ ਇਕ ਅਣਪਛਾਤੇ ਵਿਅਕਤੀ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਹ ਕਾਰਵਾਈ ਇੱਥੋਂ ਦੇ ਸੈਕਟਰ-71 ਦੇ ਵਸਨੀਕ ਅਤੇ ਜੇਟੀਪੀਐਲ ਕੰਪਨੀ ਦੇ ਮੀਤ ਪ੍ਰਧਾਨ ਨਰੇਸ਼ ਕੁਮਾਰ ਖੰਨਾ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ।
ਅੱਜ ਇੱਥੇ ਮੁਹਾਲੀ ਦੇ ਐਸਅਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਨਰੇਸ਼ ਖੰਨਾ ਨੇ ਆਪਣੇ ਬਿਆਨਾਂ ਵਿੱਚ ਕਿਹਾ ਹੈ ਕਿ 20 ਦਸੰਬਰ ਨੂੰ ਰਾਤੀ ਕਰੀਬ ਸਾਢੇ 9 ਵਜੇ ਉਨ੍ਹਾਂ ਦੇ ਘਰ ਦਾ ਇਨਵਰਟਰ ਖਰਾਬ ਹੋਣ ਕਰਕੇ ਲਾਈਟ ਬੰਦ ਹੋ ਗਈ ਸੀ। ਜਿਸ ਨੂੰ ਚੈੱਕ ਕਰਨ ਲਈ ਉਸ ਦਾ ਬੇਟਾ ਡਰਾਇੰਗ ਰੂਮ ਤੋਂ ਬਾਹਰ ਇਨਵਰਟਰ ਚੈੱਕ ਕਰਨ ਲਈ ਆਇਆ ਤਾਂ ਏਨੇ ਵਿੱਚ ਪੁਲੀਸ ਦੀ ਵਰਦੀ ਵਿੱਚ ਦੋ ਅਣਪਛਾਤੇ ਵਿਅਕਤੀ ਜਿਨ੍ਹਾਂ ਨੇ ਮਾਸਕ ਪਾਏ ਹੋਏ ਸਨ, ਘਰ ਦੇ ਅੰਦਰ ਦਾਖ਼ਲ ਹੋ ਗਏ ਅਤੇ ਇਕ ਅਣਪਛਾਤਾ ਵਿਅਕਤੀ ਬਾਹਰ ਸੜਕ ’ਤੇ ਸਵਿਟ ਗੱਡੀ ਵਿੱਚ ਬੈਠਾ ਸੀ।
ਘਰ ਦੇ ਅੰਦਰ ਦਾਖ਼ਲ ਹੋਣ ਵਾਲੇ ਵਿਅਕਤੀਆਂ ’ਚੋਂ ਇਕ ਨੇ ਖ਼ੁਦ ਨੂੰ ਐਕਸਾਈਜ਼ ਵਿਭਾਗ ਦਾ ਡੀਐਸਪੀ ਦੱਸਦੇ ਹੋਏ ਨਰੇਸ਼ ਖੰਨਾ ’ਤੇ ਪਿਸਤੌਲ ਤਾਣ ਕੇ ਕਿਹਾ ਕਿ ਘਰ ਵਿੱਚ ਜਿੰਨਾਂ ਵੀ ਸੋਨਾ ਅਤੇ ਨਗਦੀ ਪਈ ਹੈ, ਉਨ੍ਹਾਂ ਹਵਾਲੇ ਕੀਤੀ ਜਾਵੇ ਅਤੇ ਨਾਲ ਹੀ ਡਰਾਇੰਗ ਰੂਮ ਦਾ ਦਰਵਾਜਾ ਅੰਦਰੋਂ ਬੰਦ ਕਰ ਦਿੱਤਾ। ਜਦੋਂ ਉਨ੍ਹਾਂ ਨੂੰ ਸ਼ੱਕ ਹੋਇਆ ਤਾਂ ਨਰੇਸ਼ ਕੁਮਾਰ ਨੇ ਉਨ੍ਹਾਂ ਤੋਂ ਸਰਚ ਵਰੰਟ ਅਤੇ ਸ਼ਨਾਖ਼ਤੀ ਕਾਰਡ ਮੰਗੇ ਤਾਂ ਉਨ੍ਹਾਂ ਨੇ ਘਬਰਾਹਟ ਵਿੱਚ ਪੀੜਤ ਨਰੇਸ਼ ਖੰਨਾ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਹੱਥੋਪਾਈ ਵਿੱਚ ਇਨ੍ਹਾਂ ਵਿਅਕਤੀਆਂ ਦੀ ਵਰਦੀ ਦੀ ਜੇਬ ’ਤੇ ਨਜ਼ਰ ਪਈ ਤਾਂ ਇਕ ਦਾ ਨਾਮ ਰਸ਼ਪ੍ਰੀਤ ਸਿੰਘ ਅਤੇ ਦੂਜੇ ਦਾ ਨਾਮ ਦਵਿੰਦਰ ਸਿੰਘ ਲਿਖਿਆ ਹੋਇਆ ਸੀ।
ਇਸੇ ਦੌਰਾਨ ਦਵਿੰਦਰ ਸਿੰਘ ਨੇ ਨਰੇਸ਼ ਕੁਮਾਰ ਨੂੰ ਬਾਹਾਂ ਤੋਂ ਫੜ ਲਿਆ ਅਤੇ ਰਸ਼ਪ੍ਰੀਤ ਸਿੰਘ ਨੇ ਉਸ ਨੂੰ ਮਾਰ ਦੇਣ ਦੀ ਨੀਯਤ ਨਾਲ ਉਸ ਦੇ ਸਿਰ ਵਿੱਚ ਪਿਸਤੌਲ ਦੇ ਬੱਟ ਨਾਲ ਕਈ ਵਾਰ ਕਰਕੇ ਜ਼ਖ਼ਮੀ ਕਰ ਦਿੱਤਾ ਅਤੇ ਜਾਂਦੇ ਸਮੇਂ ਨਰੇਸ਼ ਅਤੇ ਉਸ ਦੇ ਬੇਟੇ ਦੇ ਮੋਬਾਈਲ ਫੋਨ ਵੀ ਜ਼ਬਰਦਸਤੀ ਖੋਹ ਕੇ ਲੈ ਗਏ ਅਤੇ ਬਾਹਰ ਖੜੀ ਸਵਿਟ ਕਾਰ ਵਿੱਚ ਬੈਠ ਕੇ ਮੌਕਾ ਤੋਂ ਫਰਾਰ ਹੋ ਗਏ। ਐਸਐਸਪੀ ਨੇ ਦੱਸਿਆ ਕਿ ਹੁਣ ਤੱਕ ਦੀ ਮੁੱਢਲੀ ਵਿੱਚ ਏਐਸਆਈ (ਲੋਕਲ ਰੈਂਕ) ਰਸ਼ਪ੍ਰੀਤ ਸਿੰਘ ਅਤੇ ਸਿਪਾਹੀ ਦਵਿੰਦਰ ਸਿੰਘ ਦੀ ਪਛਾਣ ਹੋਈ ਹੈ। ਜੋ ਕਿ ਫਰਾਰ ਦੱਸੇ ਜਾ ਰਹੇ ਹਨ। ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਐਸਐਸਪੀ ਨੇ ਦੱਸਿਆ ਕਿ ਏਐਸਆਈ ਰਸ਼ਪ੍ਰੀਤ ਸਿੰਘ ਅਤੇ ਸਿਪਾਹੀ ਦਵਿੰਦਰ ਸਿੰਘ ਨੂੰ ਅੱਜ ਤੁਰੰਤ ਪ੍ਰਭਾਵ ਤੋਂ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪੁਲੀਸ ਮੁਲਾਜ਼ਮਾਂ ਵੱਲੋਂ ਹੋਰ ਵਾਰਦਾਤਾਂ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੇ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ।