nabaz-e-punjab.com

ਮੁਹਾਲੀ ਸ਼ਹਿਰ ਵਿੱਚ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਖਤਾ ਪ੍ਰਬੰਧ ਕੀਤੇ ਜਾਣਗੇ: ਸਿੱਧੂ

ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਢੁੱਕਵੀਆਂ ਥਾਵਾਂ ’ਤੇ ਟਰੈਫ਼ਿਕ ਲਾਈਟਾਂ ਲਗਾਈਆਂ ਜਾਣਗੀਆਂ

ਸ਼ਹਿਰ ਵਿਚਲੇ ਪਾਰਕਾਂ ਤੇ ਜਲ ਨਿਕਾਸੀ ਲਈ ਰੋਡ ਗਲੀਆਂ ਦੀ ਸਾਫ਼ ਸਫਾਈ ਕਰਨ ਦੇ ਆਦੇਸ਼

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜੁਲਾਈ
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼ਹਿਰ ਵਿੱਚ ਟਰੈਫ਼ਿਕ ਦੀ ਸਮੱਸਿਆ ’ਤੇ ਕਾਬੂ ਪਾਉਣ ਲਈ ਪੁਖਤਾ ਪ੍ਰਬੰਧ ਕੀਤੇ ਜਾਣਗੇ ਅਤੇ ਸੜਕੀ ਦੁਰਘਟਨਾਵਾਂ ਨੂੰ ਠੱਲ ਪਾਉਣ ਲਈ ਢੁੱਕਵੀਆਂ ਥਾਵਾਂ ’ਤੇ ਹੋਰ ਟਰੈਫਿਕ ਲਾਇਟਾਂ ਲਗਾਈਆਂ ਜਾਣਗੀਆਂ। ਇਸ ਗੱਲ ਦੀ ਜਾਣਕਾਰੀ ਸਥਾਨਕ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਸ਼ਹਿਰ ਦਾ ਦੌਰਾ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਇਸ ਮੌਕੇ ਕਮਿਉਨਿਟੀ ਸੈਂਟਰ ਦਾ ਦੌਰਾ ਵੀ ਕੀਤਾ ਅਤੇ ਦੱਸਿਆ ਕਿ ਕਮਿਊਨਿਟੀ ਸੈਂਟਰ ਦੀ ਸਾਫ ਸਫਾਈ ਦੇ ਨਾਲ-ਨਾਲ ਇਸ ਦੀ ਮਰੁੰਮਤ ਆਦਿ ਦੇ ਕਾਰਜਾਂ ਤੇ 06 ਲੱਖ 50 ਹਜਾਰ ਖਰਚ ਕੀਤੇ ਜਾਣਗੇ।
ਸ੍ਰੀ ਸਿੱਧੂ ਨੇ ਇਸ ਮੌਕੇ ਕਮਿਊਨਿਟੀ ਸੈਂਟਰ ਨੇੜੇ ਪੈਂਦੀ ਸੜਕ ਦੇ ਟਰੈਫਿਕ ਲਾਇਟਾਂ ਲਗਾਉਣ ਸਬੰਧੀ ਜਾਇਜਾ ਵੀ ਲਿਆ। ਸ੍ਰੀ ਸਿੱਧੂ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੁਣ ਸ਼ਹਿਰ ਦੇ ਦਰੱਖਤਾਂ ਦੀ ਛਗਾਈ (ਪਰੂਨਿੰਗ)ਵਿਦੇਸੀ ਤਰਜ ਤੇ ਹੋਵੇਗੀ। ਜਿਸ ਲਈ ਫਰਾਂਸ ਤੋਂ ਕਰੀਬ ਡੇਢ ਕਰੋੜ ਰੁਪਏ ਦੀ ਮਸ਼ੀਨ ਖਰੀਦੀ ਗਈ ਹੈ। ਜਲਦੀ ਹੀ ਦਰੱਖਤਾਂ ਦੀ ਛਗਾਈ ਸ਼ੁਰੂ ਹੋ ਜਾਵੇਗੀ। ਉਨ੍ਹਾਂ ਇਸ ਮੌਕੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸ਼ਹਿਰ ਵਿਚਲੇ ਪਾਰਕਾਂ ਤੇ ਜਲ ਨਿਕਾਸੀ ਲਈ ਸੜਕਾਂ ਤੇ ਬਣੀਆਂ ਰੋਡ ਗਲੀਆਂ ਦੀ ਸਾਫ ਸਫਾਈ ਕਰਨ ਦੇ ਆਦੇਸ ਵੀ ਦਿੱਤੇ।
ਸ੍ਰੀ ਸਿੱਧੂ ਨੂੰ ਇਸ ਮੌਕੇ ਸ਼ੋਸਲ ਵੈਲਫੇਅਰ ਐਸੋਸੀਏਸ਼ਨ ਫੇਜ਼,,-2 ਦੇ ਪ੍ਰਧਾਨ ਡਾ: ਐਮ. ਸੀ. ਕੌਸ਼ਲ ਅਤੇ ਵੈਲਫੇਅਰ ਦੇ ਅਹੁਦੇਦਾਰਾਂ ਵੱਲੋਂ ਫੇਜ਼-2 ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕਮਿਊਨਿਟੀ ਸੈਂਟਰ ਨੇੜਲੀ ਸੜਕ ਤੇ ਮੰਦਿਰ ਅਤੇ ਗੁਰਦੁਆਰਾ ਸਾਹਿਬ ਹੋਣ ਕਰਕੇ ਵਾਹਨਾਂ ਦੀ ਭੀੜ ਕਾਰਨ ਅਕਸਰ ਸੜਕੀ ਦੁਰਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਇਸ ਲਈ ਇਸ ਥਾਂ ਤੇ ਟਰੈਫਿਕ ਲਾਇਟਾਂ ਲਗਾਈਆਂ ਜਾਣ ਅਤੇ ਸ਼ਹਿਰ ’ਚ ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਵੀ ਢੁੱਕਵੇ ਪ੍ਰਬੰਧ ਕਰਨ ਅਤੇ ਕਮਿਊਨਿਟੀ ਸੈਂਟਰ ਦੀ ਮੁਰੰਮਤ ਆਦਿ ਕਰਵਾਈ ਜਾਵੇ।
ਸ੍ਰੀ ਸਿੱਧੂ ਮੌਕੇ ਤੇ ਮੌਜੂਦ ਐਸ.ਪੀ.ਸਿਟੀ ਸ੍ਰੀ ਜਗਜੀਤ ਸਿੰਘ ਜੱਲਾ ਅਤੇ ਡੀ. ਐਸ.ਪੀ. ਸਿਟੀ ਹਰਸਿਮਰਨ ਸਿੰਘ ਨੂੰ ਆਖਿਆ ਕਿ ਜ਼ਿਨ੍ਹਾਂ ਚਿਰ ਟਰੈਫਿਕ ਲਾਇਟਾਂ ਨਹੀ ਲੱਗਦੀਆਂ ਉਨ੍ਹਾਂ ਚਿਰ ਸਵੇਰੇ ਸ਼ਾਮ ਦੋ-ਦੋ ਘੰਟੇ ਲਈ ਟਰੈਫਿਕ ਪੁਲਿਸ ਮੁਲਾਜਮਾਂ ਦੀ ਡਿਊਟੀ ਲਗਾਈ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸੜਕ ਤੇ ਸੜਕੀ ਦੁਰਘਟਨਾਵਾਂ ਨੂੰ ਠੱਲ ਪਾਉਣ ਲਈ ਮਦਨਪੁਰ ਚੌਂਕ ਤੋਂ ਡਿਪਲਾਸਟ ਚੌਂਕ ਤੱਕ ਡੀਵਾਇਡਰ ਵੀ ਬਣਾਇਆ ਜਾਵੇਗਾ। ਸ੍ਰੀ ਸਿੱਧੂ ਨੇ ਦੱਸਿਆ ਕਿ ਸ਼ਹਿਰ ਵਿਚ ਆਵਾਰਾ ਕੁੱਤਿਆਂ ਦੀ ਸਮੱਸਿਆ ਤੇ ਕਾਬੂ ਪਾਉਣ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਜਿਸ ਲਈ ਕੁੱਤਿਆਂ ਦੀ ਨਸਬੰਦੀ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਹਿਰ ਨੂੰ ਸਾਫ ਸੂਥਰਾ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਸ਼ਹਿਰ ਨਿਵਾਸੀਆਂ ਦੀਆਂ ਦਰਪੇਸ਼ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਕੌਂਸਲਰ ਰਜਿੰਦਰ ਸਿੰਘ ਰਾਣਾ, ਸਿੱਧੂ ਦੇ ਸਿਆਸੀ ਸਲਾਹਕਾਰ ਹਰਕੇਸ਼ ਚੰਦ ਸ਼ਰਮਾਂ ਮੱਛਲੀ ਕਲਾਂ, ਐਕਸੀਅਨ ਨਗਰ ਨਿਗਮ ਐਚ.ਐਸ. ਭੁੱਲਰ, ਐਸ.ਡੀ.ਓ. ਸੁਖਵਿੰਦਰ ਸਿੰਘ ਸੈਣੀ, ਅਸ਼ੋਕ ਕੁਮਾਰ, ਸੁਖਜਿੰਦਰ ਸਿੰਘ, ਜਗਰੂਪ ਸਿੰਘ, ਆਰ ਐਸ, ਜੀ ਐਸ. ਭਮਰਾ, ਦਲਬੀਰ ਸਿੰਘ ਸਿੱਧੂ, ਜਗਦੀਸ ਸਿੰਘ, ਅਮਰਜੀਤ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …