
ਡੀਸੀ ਵੱਲੋਂ ਬਲਾਕ ਮਾਜਰੀ ਇਲਾਕੇ ਵਿੱਚ ਮੋਬਾਇਲ ਨੈਟਵਰਕ ਦੀ ਸਮੱਸਿਆ ਦਾ ਹੱਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਪਰੈਲ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਦੇ ਯਤਨਾਂ ਨਾਲ ਬਲਾਕ ਮਾਜਰੀ ਦੇ ਕੁਝ ਇਲਾਕਿਆਂ ਵਿੱਚ ਨੈਟਵਰਕ ਦੀ ਸਮੱਸਿਆ ਹੱਲ ਹੋਣ ਲਈ ਰਾਹ ਪੱਧਰਾ ਹੋ ਗਿਆ ਹੈ। ਸਰਕਾਰੀ ਬੁਲਾਰੇ ਅਨੁਸਾਰ ਇਸ ਸਬੰਧ ‘ਚ ਪੰਚਾਇਤ ਵੱਲੋਂ ਜਗ੍ਹਾ ਮੁਹੱਈਆ ਕਰਾਉਣ ਲਈ ਮਤਾ ਵੀ ਪਾਸ ਕੀਤਾ ਜਾ ਚੁੱਕਾ ਹੈ ਅਤੇ ਜਲਦ ਹੀ ਟਾਵਰ ਲਗਾ ਦਿੱਤੇ ਜਾਣਗੇ, ਜਿਸ ਨਾਲ ਪਿੰਡਾਂ ਦੇ ਵਸਨੀਕਾਂ ਨੂੰ ਮੋਬਾਇਲ ਸਰਵਿਸ ਮੁਹੱਈਆ ਹੋ ਜਾਵੇਗੀ।
ਬੁਲਾਰੇ ਅਨੁਸਾਰ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਜ਼ਿਲਾ ਪ੍ਰਸ਼ਾਸਨ ਵਲੋਂ ਇਨ੍ਹਾਂ ਦਿੱਕਤਾਂ ਦੇ ਮੱਦੇਨਜ਼ਰ ਵੱਖ ਵੱਖ ਟੈਲੀਕਾਮ ਉਪਰੇਟਰਾਂ ਨਾਲ ਤਾਲਮੇਲ ਕੀਤਾ ਗਿਆ ਤਾਂ ਜੋ ਇਹਨਾਂ ਇਲਾਕਿਆ ਵਿੱਚ ਮੋਬਾਇਲ ਨੈਟਵਰਕ ਅਤੇ ਉਸ ਨਾਲ ਸਬੰਧਤ ਸਹੂਲਤਾਂ ਆਮ ਜਨਤਾ ਨੂੰਮੁਹੱਈਆ ਕਰਵਾਈਆਂ ਜਾ ਸਕਣ। ਟੈਲੀਕਾਮ ਕੰਪਨੀਆਂ ਵੱਲੋਂ ਅਜਿਹੇ ਇਲਾਕਿਆਂ ਦਾ ਸਰਵੇ ਕਰਕੇ ਲੋਕੇਸ਼ਨਾਂ ਦੀ ਭਾਲ ਕੀਤੀ ਗਈ। ਬਲਾਕ ਮਾਜਰੀ ਦੇ ਛੋਹੀ ਨਗਲੀ ਅਤੇ ਗੋਚਰ ਪਿੰਡ ਅਤੇ ਬਲਾਕ ਡੇਰਾਬੱਸੀ ਦੇ ਬੈਰ ਮਾਜਰਾ ਅਤੇ ਹੰਡੇਸਰਾਂ ਵਿੱਚ ਮੋਬਾਇਲ ਟਾਵਰ ਲੱਗ ਚੁੱਕੇ ਹਨ। ਇਸ ਤੋਂ ਇਲਾਵਾ ਟਾਂਡਾ, ਚੜਿਆਲਾ, ਮਿਰਜਾਪੁਰ, ਮਾਜਰੀ, ਤਾਰਾਪੁਰ, ਪੜੋਲ ਆਦਿ ਵਿੱਚ ਵੀ ਲੋਕੇਸ਼ਨਾਂ ਦੀ ਭਾਲ ਕੀਤੀ ਜਾ ਚੁੱਕੀ ਹੈ। ਬਲਾਕ ਮਾਜਰੀ ਦੇ ਪਿੰਡ ਛੋਟੀ ਪੜਛ ਅਤੇ ਮਸੋਲ ਨੂੰ ਬੀ.ਐਸ.ਐਨ. ਐਨ. ਵੱਲੋਂ 4ਜੀ ਸੈਚੁਰੇਸ਼ਨ ਪ੍ਰੋਜੈਕਟ ਅਧੀਨ ਕਵਰ ਕਰਨ ਦਾ ਫੈਸਲਾ ਲਿਆ ਗਿਆ ਹੈ ਅਤੇ ਲੋਕੇਸ਼ਨਾਂ ਦੀ ਭਾਲ ਵੀ ਕਰ ਲਈ ਗਈ ਹੈ।
ਬੁਲਾਰੇ ਅਨੁਸਾਰ ਬਲਾਕ ਮਾਜਰੀ ਦੇ ਕੁਝ ਇਲਾਕਿਆਂ ਵਿੱਚ ਮੋਬਾਇਲ ਨੈਟਵਰਕ ਦੀ ਕਮੀ ਸਬੰਧੀ ਆਮ ਲੋਕਾਂ ਨੂੰ ਬਹੁਤ ਮੁਸ਼ਕਿਲ ਪੇਸ਼ ਆ ਰਹੀ ਸੀ। ਇਸ ਸਬੰਧੀ ਅਕਸਰ ਹੀ ਸ਼ਿਕਾਇਤ ਵੀ ਪ੍ਰਾਪਤ ਹੁੰਦੀ ਸੀ। ਮੋਬਾਇਲ ਕੁਨੈਕਟਿਵਿਟੀ ਤੋਂ ਇਲਾਵਾ ਸਰਕਾਰੀ ਵਿਭਾਗਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਜੋ ਸਰਕਾਰ ਵੱਲੋਂ ਆਨਲਾਇਨ ਦਿੱਤੀਆਂ ਜਾਂਦੀਆਂ ਹਨ, ਉਹਨਾਂ ਨੂੰ ਆਮ ਜਨਤਾ ਨੂੰ ਮੁਹੱਈਆ ਕਰਵਾਉਣ ਵਿੱਚ ਵੀ ਦਿੱਕਤ ਆ ਰਹੀ ਸੀ। ਕਈ ਸਕੀਮਾਂ ਵਿੱਚ ਇਨ੍ਹਾਂ ਇਲਾਕਿਆਂ ਦੀ ਜੀਓ ਟੈਗਿੰਗ ਕਰਨ ਅਤੇ ਮੌਕੇ ਤੇ ਜਾ ਕੇ ਡਾਟਾ ਅਪਲੋਡ ਕਰਨ ਆਦਿ ਵਿਚ ਨੈਟਵਰਕ ਦੀ ਕਮੀ ਕਰਕੇ ਮੁਸ਼ਕਿਲ ਆ ਰਹੀ ਸੀ। ਸਿਖਿਆ ਵਿਭਾਗ ਵੱਲੋਂ ਸਕੂਲਾਂ ਦੇ ਵਿਦਿਆਰਥੀਆਂ ਲਈ ਆਨਲਾਇਨ ਪੜਾਈ ਲਈ ਵੀ ਮੁਸ਼ਕਿਲ ਦਰਪੇਸ਼ ਸੀ। ਇਸ ਤੋਂ ਇਲਾਵਾ ਬਲਾਕ ਮਾਜਰੀ ਦੇ ਕਈ ਪਿੰਡਾਂ ਵਿੱਚ ਸੈਲਫ ਹੈਲਪ ਗਰੂਪ ਦੀਆਂ ਅੌਰਤਾਂ ਵੱਲੋਂ ਕੰਮਾਂ ਨੂੰ ਆਨਲਾਈਨ ਅੱਗੇ ਵਧਾਉਣ ਲਈ ਇੰਟਰਨੈਟ ਦੀ ਕਮੀ ਕਾਰਨ ਦਿੱਕਤ ਆ ਰਹੀ ਹੈ। ਹੁਣ ਡਿਪਟੀ ਕਮਿਸ਼ਨਰ ਨੇ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਹੈ।