ਜਵਾਈ ਨੂੰ ਅਗਵਾ ਕਰਨ ਦਾ ਮਾਮਲਾ: ਸਾਬਕਾ ਐੱਸਐੱਚਓ ਨੂੰ ਉਮਰ ਕੈਦ, 25 ਹਜ਼ਾਰ ਰੁਪਏ ਜੁਰਮਾਨਾ

4 ਜੁਲਾਈ 2010 ਤੋਂ ਭੇਦਭਰੀ ਹਾਲਤ ਵਿੱਚ ਲਾਪਤਾ ਹੈ ਗੁਰਦੀਪ ਸਿੰਘ, ਖਨੌਰੀ ਨਹਿਰ ’ਚੋਂ ਮਿਲੀ ਸੀ ਬਲੈਰੋ ਗੱਡੀ

ਨੌਜਵਾਨ ਦਾ ਹੁਣ ਤੱਕ ਕੁੱਝ ਪਤਾ ਨਹੀਂ ਕਿੱਥੇ ਹੈ, ਮਰ ਗਿਆ ਜਾਂ ਜਿਊਂਦਾ?

ਨਬਜ਼-ਏ-ਪੰਜਾਬ, ਮੁਹਾਲੀ, 30 ਨਵੰਬਰ:
ਮੁਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਸ਼ਹਿਰ ਦੇ ਭੇਦਭਰੀ ਹਾਲਤ ਵਿੱਚ ਲਾਪਤਾ ਹੋਏ ਨੌਜਵਾਨ ਦੇ ਮਾਮਲੇ ਵਿੱਚ ਪੰਜਾਬ ਪੁਲੀਸ ਦੇ ਇੱਕ ਸਾਬਕਾ ਐੱਸਐੱਚਓ ਜਗਵੀਰ ਸਿੰਘ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ। ਦੋਸ਼ੀ ਥਾਣੇਦਾਰ ਨੂੰ ਧਾਰਾ 364 ਵਿੱਚ ਉਮਰ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨਾ, ਧਾਰਾ 466 ਵਿੱਚ 7 ਸਾਲ ਦੀ ਕੈਦ ਤੇ 5 ਹਜ਼ਾਰ ਰੁਪਏ ਜੁਰਮਾਨਾ, ਧਾਰਾ 471 ਵਿੱਚ 5 ਸਾਲ ਦੀ ਕੈਦ ਤੇ 5 ਹਜ਼ਾਰ ਰੁਪਏ ਜੁਰਮਾਨਾ, ਧਾਰਾ 474 ਵਿੱਚ 5 ਸਾਲ ਦੀ ਕੈਦ ਤੇ 5 ਹਜ਼ਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਗਈ ਹੈ।
ਪਿੰਡ ਕੁੰਭੜਾ ਦਾ ਨੌਜਵਾਨ ਗੁਰਦੀਪ ਸਿੰਘ ਕਰੀਬ 14 ਸਾਲ ਪਹਿਲਾਂ ਫੇਜ਼-11 ’ਚੋਂ ਭੇਦਭਰੀ ਹਾਲਤ ਵਿੱਚ ਲਾਪਤਾ ਹੋ ਗਿਆ ਸੀ। ਬਾਅਦ ਵਿੱਚ ਪਤਾ ਲੱਗਾ ਕਿ ਉਸ ਨੂੰ ਉਸ ਦੇ ਸਹੁਰੇ ਅਤੇ ਥਾਣੇਦਾਰ ਜਗਵੀਰ ਸਿੰਘ ਨੇ ਅਗਵਾ ਕੀਤਾ ਹੈ। ਇਸ ਸਬੰਧੀ ਸੈਂਟਰਲ ਥਾਣਾ ਫੇਜ਼-8 ਵਿੱਚ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਸੁਣਵਾਈ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਵਿੱਚ ਚੱਲ ਰਹੀ ਸੀ।
ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਦੀ ਮਾਤਾ ਭੁਪਿੰਦਰ ਕੌਰ ਵਾਸੀ ਪਿੰਡ ਕੁੰਭੜਾ ਦੀ ਸ਼ਿਕਾਇਤ ਅਨੁਸਾਰ ਉਸ ਦੇ ਬੇਟੇ ਗੁਰਦੀਪ ਸਿੰਘ ਦਾ ਵਿਆਹ ਥਾਣੇਦਾਰ ਜਗਵੀਰ ਸਿੰਘ ਦੀ ਧੀ ਜਸਪ੍ਰੀਤ ਕੌਰ ਵਾਸੀ ਫੇਜ਼-11 ਨਾਲ 30 ਨਵੰਬਰ 2008 ਨੂੰ ਹੋਇਆ ਸੀ। ਵਿਆਹ ਤੋਂ ਕੁਝ ਦਿਨਾਂ ਬਾਅਦ ਪਤੀ ਪਤਨੀ ਵਿੱਚ ਝਗੜਾ ਹੋ ਗਿਆ। ਇਸ ਸਬੰਧੀ ਲੜਕੀ ਦੇ ਪਰਿਵਾਰ ਨੇ ਲੜਕੇ ਵਾਲਿਆਂ ਵਿਰੁੱਧ ਪਰਚਾ ਵੀ ਦਰਜ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਦੋਵੇਂ ਪਰਿਵਾਰਾਂ ਵਿੱਚ ਆਪਸੀ ਫ਼ੈਸਲਾ ਹੋ ਗਿਆ ਅਤੇ ਗੁਰਦੀਪ ਸਿੰਘ ਸਹੁਰੇ ਪਰਿਵਾਰ ਨਾਲ ਫੇਜ਼-11 ਵਿੱਚ ਰਹਿਣ ਲੱਗ ਪਿਆ।
ਨੌਜਵਾਨ ਦੀ ਮਾਂ ਅਨੁਸਾਰ ਗੁਰਦੀਪ ਕੁੱਝ ਦਿਨਾਂ ਮਗਰੋਂ ਉਨ੍ਹਾਂ ਮਿਲਣ ਆ ਜਾਇਆ ਕਰਦਾ ਸੀ ਪ੍ਰੰਤੂ ਉਸਦੀ ਪਤਨੀ ਇਤਰਾਜ਼ ਕਰਦੀ ਅਤੇ ਗੁਰਦੀਪ ਨੂੰ ਕੁੰਭੜਾ ਆਉਣ ਤੋਂ ਰੋਕਦੀ ਸੀ। 4 ਜੁਲਾਈ 2010 ਨੂੰ ਗੁਰਦੀਪ ਸਿੰਘ ਘਰੋਂ ਬਲੈਰੋ ਗੱਡੀ ’ਤੇ ਗਿਆ ਸੀ। ਉਸ ਦਿਨ ਇਕ ਵਾਰ ਉਸ ਦੀ ਪਰਿਵਾਰ ਨਾਲ ਗੱਲ ਹੋਈ ਕਿ ਉਹ ਘਰ ਆ ਰਿਹਾ ਹੈ। ਕਾਫ਼ੀ ਦੇਰ ਤੱਕ ਜਦੋਂ ਗੁਰਦੀਪ ਘਰ ਨਾ ਪਰਤਿਆ। ਇਸ ਤੋਂ ਬਾਅਦ ਗੁਰਦੀਪ ਸਿੰਘ ਨਾਲ ਪਰਿਵਾਰ ਦਾ ਕੋਈ ਰਾਬਤਾ ਨਾ ਹੋਇਆ।
ਨੌਜਵਾਨ ਦੀ ਮਾਂ ਭੁਪਿੰਦਰ ਕੌਰ ਅਤੇ ਚਾਚਾ ਦਲਜੀਤ ਸਿੰਘ ਕੁੰਭੜਾ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਗੁਰਦੀਪ ਸਿੰਘ ਆਪਣੇ ਸਹੁਰੇ ਜਗਵੀਰ ਸਿੰਘ ਦੇ ਨਾਲ ਬਲੈਰੋ ਗੱਡੀ ਵਿੱਚ ਜਾਣ ਬਾਰੇ ਪਤਾ ਲੱਗਾ ਸੀ। ਬਾਅਦ ਵਿੱਚ ਗੁਰਦੀਪ ਸਿੰਘ ਦਾ ਕੋਈ ਥਹੁ ਪਤਾ ਨਹੀਂ ਲੱਗਾ। ਉਸ ਦੇ ਲਾਪਤਾ ਹੋਣ ਸਬੰਧੀ ਪਰਿਵਾਰ ਵੱਲੋਂ ਥਾਣੇ ਵਿੱਚ ਰਿਪੋਰਟ ਦਰਜ ਕਰਵਾਈ। ਇਸੇ ਦੌਰਾਨ ਥਾਣੇਦਾਰ ਨੇ ਆਪਣੀ ਲੜਕੀ ਜਸਪ੍ਰੀਤ ਕੌਰ ਨੂੰ ਵਿਦੇਸ਼ ਭੇਜ ਦਿੱਤਾ ਹੈ ਅਤੇ ਬਾਕੀ ਪਰਿਵਾਰ ਵਾਲੇ ਵੀ ਘਰ ਨੂੰ ਤਾਲਾ ਲਗਾ ਕੇ ਕਿਧਰੇ ਚਲੇ ਗਏ। ਉਨ੍ਹਾਂ ਦੋਸ਼ ਲਾਇਆ ਕਿ ਤਤਕਾਲੀ ਐਸਐਚਓ ਜਗਵੀਰ ਸਿੰਘ ਨੇ ਗੁਰਦੀਪ ਸਿੰਘ ਨੂੰ ਗੱਡੀ ਸਮੇਤ ਲਾਪਤਾ ਕਰ ਦਿੱਤਾ ਸੀ। ਇਸ ਸਬੰਧੀ ਉਸ ਦੀ ਮਾਂ ਭੁਪਿੰਦਰ ਕੌਰ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਜਗਵੀਰ ਸਿੰਘ ਵਿਰੁੱਧ ਧਾਰਾ 364, 466, 471 ਅਤੇ 474 ਤਹਿਤ ਕੇਸ ਦਰਜ ਕਰਕੇ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ। ਬਾਅਦ ਵਿੱਚ ਗੁਰਦੀਪ ਸਿੰਘ ਦੀ ਬਲੈਰੋ ਗੱਡੀ ਖਨੌਰੀ ਨਹਿਰ ’ਚੋਂ ਬਰਾਮਦ ਕੀਤੀ ਗਈ ਸੀ, ਜਦੋਂਕਿ ਗੁਰਦੀਪ ਸਿੰਘ ਬਾਰੇ ਹੁਣ ਤੱਕ ਕੋਈ ਸੁਰਾਗ ਨਹੀਂ ਮਿਲਿਆ ਕਿ ਉਹ ਮਰ ਗਿਆ ਹੈ ਅਤੇ ਜਿਊਂਦਾ ਹੈ। ਕਿਉਂਕਿ ਹੁਣ ਤੱਕ ਨਾ ਤਾਂ ਉਸ ਬਾਰੇ ਕੁੱਝ ਪਤਾ ਲੱਗਾ ਅਤੇ ਨਾ ਹੀ ਹੁਣ ਤੱਕ ਲਾਸ਼ ਨਹੀਂ ਮਿਲੀ ਹੈ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…