ਮੁੜ ਸਰਗਰਮ ਹੋਈ ਸੋਨੀਆ ਮਾਨ, ਗੁਰਦੁਆਰਾ ਅੰਬ ਸਾਹਿਬ ਵਿਖੇ ਮੱਥਾ ਟੇਕਿਆ

ਜੇ ਲੋਕ ਚਾਹੁਣਗੇ ਤਾਂ ਸਿਆਸਤ ਵਿੱਚ ਵੀ ਆਵਾਂਗੀ ਤੇ ਚੋਣ ਵੀ ਲੜਾਂਗੀ: ਸੋਨੀਆ ਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਨਵੰਬਰ:
ਕਿਸਾਨੀ ਸੰਘਰਸ਼ ਵਿੱਚ ਸਰਗਰਮ ਰੋਲ ਨਿਭਾਉਣ ਵਾਲੀ ਪ੍ਰਸਿੱਧ ਅਦਾਕਾਰਾ ਸੋਨੀਆ ਮਾਨ ਮੁੜ ਸਰਗਰਮ ਹੋ ਗਏ ਹਨ। ਅੱਜ ਉਹ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਨਤਮਸਤਕ ਹੋਏ ਅਤੇ ਆਪਣੇ ਪ੍ਰਸੰਸਕਾਂ ਨੂੰ ਮਿਲੇ। ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਅਤੇ ਮੁਹਾਲੀ ਹਲਕੇ ਤੋਂ ਬਾਦਲ ਦਲ ਦੀ ਟਿਕਟ ’ਤੇ ਵਿਧਾਨ ਸਭਾ ਦੀ ਚੋਣ ਲੜਨ ਦੀ ਚਰਚਾ ਛਿੜਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਸਖ਼ਤ ਵਿਰੋਧ ਕਾਰਨ ਉਹ ਮਾਯੂਸ ਹੋ ਕੇ ਘਰ ਬੈਠ ਗਏ ਹਨ ਅਤੇ ਕਈ ਦਿਨਾਂ ਤੱਕ ਚੁੱਪ ਰਹੇ। ਪਿਛਲੀ ਦਿਨੀਂ ਜਿੱਥੇ ਉਨ੍ਹਾਂ ਨੇ ਚੋਣਵੇਂ ਮੀਡੀਆ ਨਾਲ ਗੱਲਬਾਤ ਦੌਰਾਨ ਆਪਣੀ ਚੁੱਪੀ ਤੋੜਦਿਆਂ ਸਾਰੀ ਸਥਿਤੀ ਸਪੱਸ਼ਟ ਕੀਤੀ ਗਈ, ਉੱਥੇ ਅੱਜ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਪਹੁੰਚ ਕੇ ਮੱਥਾ ਟੇਕਿਆ।
ਸੋਨੀਆ ਮਾਨ ਦੇ ਗੁਰਦੁਆਰਾ ਆਉਣ ’ਤੇ ਸਿਆਸੀ ਭਖ ਗਈ ਹੈ ਕਿਉਂਕਿ ਜ਼ਿਲ੍ਹਾ ਅਕਾਲੀ ਦਲ ਅਤੇ ਯੂਥ ਵਿੰਗ ਵੱਲੋਂ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਘਨੌਰ ਤੋਂ ਪਾਰਟੀ ਟਿਕਟ ਦੇਣ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਅੰਬ ਸਾਹਿਬ ਵਿਖੇ ਸ਼ੁਕਰਾਨਾ ਅਤੇ ਅਰਦਾਸ ਸਮਾਗਮ ਕਰਵਾਇਆ ਗਿਆ। ਜਿੱਥੇ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਹਾਜ਼ਰ ਸਨ। ਹਾਲਾਂਕਿ ਸੋਨੀਆ ਮਾਨ ਸਮਾਗਮ ਦੀ ਸਮਾਪਤੀ ਤੋਂ ਬਾਅਦ ਗੁਰਦੁਆਰੇ ਆਏ ਸੀ ਪ੍ਰੰਤੂ ਇਹ ਵੀ ਚਰਚਾ ਜ਼ੋਰਾਂ ’ਤੇ ਹੈ ਕਿ ਚੰਦੂਮਾਜਰਾ ਮੁਹਾਲੀ ਹਲਕਾ ਛੱਡ ਕੇ ਜਾ ਰਹੇ ਹਨ ਅਤੇ ਸੋਨੀਆ ਮਾਨ ਵੱਲੋਂ ਹਲਕਾ ਸੰਭਾਲਣ ਲਈ ਗਰਾਉਂਡ ਤਿਆਰ ਕੀਤਾ ਜਾ ਰਿਹਾ ਹੈ।
ਇਸ ਬਾਰੇ ਸੋਨੀਆ ਮਾਨ ਦਾ ਕਹਿਣਾ ਹੈ ਕਿ ਉਹ ਅੱਜ ਮੱਘਰ ਦੀ ਸੰਗਰਾਂਦ ਮੌਕੇ ਗੁਰੂ ਘਰ ਵਿੱਚ ਮੱਥਾ ਟੇਕਣ ਗਏ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਉਸ ਨੂੰ ਬਿਲਕੁਲ ਵੀ ਪਤਾ ਵੀ ਨਹੀਂ ਸੀ ਕਿ ਅੱਜ ਇੱਥੇ ਚੰਦੂਮਾਜਰਾ ਦੇ ਹੱਕ ਵਿੱਚ ਅਕਾਲੀ ਦਲ ਵੱਲੋਂ ਅਰਦਾਸ ਸਮਾਗਮ ਰੱਖਿਆ ਗਿਆ ਹੈ। ਇਸ ਲਈ ਉਨ੍ਹਾਂ ਦੀ ਗੁਰਦੁਆਰਾ ਅੰਬ ਸਾਹਿਬ ਦੀ ਫੇਰੀ ਦਾ ਸਿਆਸੀ ਅਰਥ ਨਹੀਂ ਕੱਢਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅੱਜ ਵੀ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋਏ ਲੋਕਾਂ ਵੱਲੋਂ ਉਨ੍ਹਾਂ ਨੂੰ ਪਿਆਰ ਦਿੰਦਿਆਂ ਮੁਹਾਲੀ ਹਲਕੇ ਤੋਂ ਚੋਣ ਲੜਨ ਲਈ ਕਿਹਾ ਗਿਆ ਹੈ। ਉਂਜ ਉਨ੍ਹਾਂ ਕਿਹਾ ਕਿ ਜੇਕਰ ਲੋਕ ਚਾਹੁਣਗੇ ਤਾਂ ਉਹ ਸਿਆਸਤ ਵਿੱਚ ਵੀ ਆਉਣਗੇ ਅਤੇ ਚੋਣ ਵੀ ਲੜਨਗੇ। ਫਿਲਹਾਲ ਉਸ ਨੇ ਹਾਲੇ ਤੱਕ ਇਹ ਖੁਲਾਸਾ ਨਹੀਂ ਕੀਤਾ ਕਿ ਉਹ ਕਿਹੜੀ ਸਿਆਸੀ ਪਾਰਟੀ ਨਾਲ ਜੁੜਨਾ ਚਾਹੁੰਦੇ ਹਨ ਜਾਂ ਇਹ ਵੀ ਉਸ ਦੇ ਪ੍ਰਸੰਸਕ ਹੀ ਤੈਅ ਕਰਨਗੇ।

Load More Related Articles
Load More By Nabaz-e-Punjab
Load More In Agriculture & Forrest

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …