ਅਦਾਕਾਰਾ ਸੋਨੀਆ ਮਾਨ ਮੁਹਾਲੀ ਤੋਂ ਅਕਾਲੀ ਦਲ ਦੀ ਟਿਕਟ ’ਤੇ ਲੜੇਗੀ ਵਿਧਾਨ ਸਭਾ ਦੀ ਚੋਣ?

ਪਹਿਲਾਂ ਸਿਆਸੀ ਸਮਝੌਤੇ ਤਹਿਤ ਮੁਹਾਲੀ ਤੋਂ ਬਸਪਾ ਨੇ ਦਿੱਤੀ ਸੀ ਗੁਰਮੀਤ ਬਾਕਰਪੁਰ ਨੂੰ ਟਿਕਟ

ਸੋਨੀਆ ਮਾਨ ਨੇ ਕਿਸਾਨੀ ਸੰਘਰਸ਼ ਤੇ ਕਿਸਾਨ ਹਿੱਤਾਂ ਨੂੰ ਅਕਾਲੀ ਦਲ ਕੋਲ ਵੇਚਿਆ: ਕਿਸਾਨ ਆਗੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਨਵੰਬਰ:
ਕਿਸਾਨੀ ਤਿੰਨ ਖੇਤੀ ਕਾਲੇ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਲੜੀਵਾਰ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਸਰਗਰਮ ਭੂਮਿਕਾ ਨਿਭਾਉਣ ਪ੍ਰਸਿੱਧ ਅਦਾਕਾਰਾ ਸੋਨੀਆ ਮਾਨ ਅੱਜ ਦੁਪਹਿਰ 12 ਵਜੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਉਨ੍ਹਾਂ ਨੂੰ ਮੁਹਾਲੀ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰਨ ਦੀ ਚਰਚਾਂ ਪੂਰੇ ਜ਼ੋਰਾਂ ’ਤੇ ਹੈ। ਸੋਨੀਆ ਮਾਨ ਦੇ ਸਮਰਥਕਾਂ ਸਮੇਤ ਕੁੱਝ ਅਕਾਲੀ ਆਗੂਆਂ ਵੱਲੋਂ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਅਤੇ ਮੁਹਾਲੀ ਤੋਂ ਟਿਕਟ ਦੇਣ ਦੀ ਗੱਲ ਪ੍ਰਚਾਰੀ ਜਾ ਰਹੀ ਹੈ।
ਸੂਤਰਾਂ ਦੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਸੁਖਬੀਰ ਸਿੰਘ ਬਾਦਲ ਵੱਲੋਂ ਸੋਨੀਆ ਮਾਨ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਉਪਰੰਤ ਮੰਚ ਤੋਂ ਹੀ ਉਸ ਨੂੰ ਮੁਹਾਲੀ ਤੋਂ ਪਾਰਟੀ ਉਮੀਦਵਾਰ ਐਲਾਨਿਆ ਜਾ ਸਕਦਾ ਹੈ। ਉਂਜ ਵੀ ਸੋਨੀਆ ਮਾਨ ਬਾਰੇ ਵਿਰੋਧੀ ਇਹ ਗੱਲ ਕਹਿੰਦੇ ਆ ਰਹੇ ਹਨ ਕਿ ਉਨ੍ਹਾਂ ਨੂੰ ਕਿਸਾਨਾਂ ਨਾਲ ਕੋਈ ਹਮਦਰਦੀ ਨਹੀਂ ਹੈ ਬਲਕਿ ਉਹ ਮੁਹਾਲੀ ਹਲਕੇ ਵਿੱਚ ਆਪਣਾ ਆਧਾਰ ਬਣਾਉਣ ਲਈ ਕਿਸਾਨੀ ਸੰਘਰਸ਼ ਦੌਰਾਨ ਸਟੇਜਾਂ ’ਤੇ ਬੋਲਦੇ ਆ ਰਹੇ ਹਨ।
ਜਾਣਕਾਰੀ ਅਨੁਸਾਰ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਸਿਆਸੀ ਗੱਠਜੋੜ ਕੀਤਾ ਗਿਆ ਹੈ ਅਤੇ ਸਮਝੌਤੇ ਤਹਿਤ ਮੁਹਾਲੀ ਹਲਕੇ ਦੀ ਸੀਟ ਬਸਪਾ ਨੂੰ ਦਿੱਤੀ ਗਈ ਸੀ ਪ੍ਰੰਤੂ ਬਸਪਾ ਕੋਲ ਕੋਈ ਮਜ਼ਬੂਤ ਉਮੀਦਵਾਰ ਜਾਂ ਪ੍ਰਮੁੱਖ ਆਗੂ ਨਾ ਹੋਣ ਕਾਰਨ ਪਿਛਲੇ ਦਿਨੀਂ ਇਲਾਕੇ ਦੇ ਸੀਨੀਅਰ ਆਗੂ ਗੁਰਮੀਤ ਸਿੰਘ ਬਾਕਰਪੁਰ ਨੂੰ ਬਸਪਾ ਵਿੱਚ ਸ਼ਾਮਲ ਕਰਵਾ ਕੇ ਮੁਹਾਲੀ ਹਲਕੇ ਦਾ ਇੰਚਾਰਜ ਥਾਪਿਆ ਗਿਆ ਸੀ ਅਤੇ ਬਾਕਰਪੁਰ ਨੇ ਬਸਪਾ ਦੀ ਟਿਕਟ ’ਤੇ ਚੋਣ ਲੜਨ ਸਬੰਧੀ ਸਮੁੱਚੇ ਹਲਕੇ ਅੰਦਰ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਸਨ। ਉਹ ਰੋਜ਼ਾਨਾ ਨੁੱਕੜ ਮੀਟਿੰਗਾਂ ਕਰ ਰਹੇ ਹਨ ਪ੍ਰੰਤੂ ਹੁਣ ਅਕਾਲੀ ਦਲ ਵੱਲੋਂ ਸੋਨੀਆ ਮਾਨ ਨੂੰ ਚੋਣ ਲੜਾਉਣ ਲਈ ਬਸਪਾ ਨੂੰ ਦਿੱਤੀ ਮੁਹਾਲੀ ਹਲਕੇ ਦੀ ਸੀਟ ਵਾਪਸ ਲਈ ਜਾ ਰਹੀ ਹੈ। ਸੂਤਰ ਦੱਸਦੇ ਹਨ ਕਿ ਇਸ ਸਬੰਧੀ ਲਗਪਗ ਫੈਸਲਾ ਕਰ ਲਿਆ ਗਿਆ ਹੈ ਬਸ ਰਸਮੀ ਐਲਾਨ ਕਰਨਾ ਬਾਕੀ ਰਹਿ ਗਿਆ ਹੈ, ਜੋ ਅੱਜ ਪਾਰਟੀ ਪ੍ਰਧਾਨ ਵੱਲੋਂ ਕੀਤਾ ਜਾ ਸਕਦਾ ਹੈ।
ਜਾਣਕਾਰੀ ਅਨੁਸਾਰ ਸੋਨੀਆ ਮਾਨ ਨੂੰ ਮੁਹਾਲੀ ਤੋਂ ਅਕਾਲੀ ਦਲ ਦੀ ਟਿਕਟ ਦਿਵਾਉਣ ਵਿੱਚ ਹਰਿਆਣਾ ਦੇ ਚੌਟਾਲਾ ਪਰਿਵਾਰ ਦੀ ਪ੍ਰਮੁੱਖ ਭੂਮਿਕਾ ਮੰਨੀ ਜਾ ਰਹੀ ਹੈ। ਇਸ ਪਰਿਵਾਰ ਦੀ ਬਾਦਲਾਂ ਨਾਲ ਨੇੜਤਾ ਜੱਗ ਜਾਹਰ ਹੈ। ਉਂਜ ਇਲਾਕੇ ਦੇ ਅਕਾਲੀ ਆਗੂ ਹਾਈ ਕਮਾਂਡ ਦੇ ਇਸ ਫੈਸਲੇ ਤੋਂ ਨਾਖ਼ੁਸ਼ ਹਨ ਪ੍ਰੰਤੂ ਉਹ ਖੁੱਲ੍ਹ ਕੇ ਬੋਲਣ ਤੋਂ ਝਿਜਕ ਰਹੇ ਹਨ।
ਉਧਰ, ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ), ਜ਼ਿਲ੍ਹਾ ਮੁਹਾਲੀ ਦੇ ਸੀਨੀਅਰ ਮੀਤ ਪ੍ਰਧਾਨ ਕਿਰਪਾਲ ਸਿੰਘ ਸਿਆਊ ਅਤੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਕਰਾਲਾ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਜਾ ਰਹੀ ਸੋਨੀਆ ਮਾਨ ’ਤੇ ਕਿਸਾਨੀ ਸੰਘਰਸ਼ ਨੂੰ ਕਥਿਤ ਤੌਰ ’ਤੇ ਵੇਚਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੂੰ ਪਹਿਲੇ ਦਿਨ ਤੋਂ ਹੀ ਇਹ ਸ਼ੱਕ ਸੀ ਕਿ ਉਹ (ਸੋਨੀਆ ਮਾਨ) ਕਿਸਾਨੀ ਸੰਘਰਸ਼ ਦੀ ਆੜ ਵਿੱਚ ਰਾਜਨੀਤੀ ਵਿੱਚ ਦਾਖ਼ਲ ਹੋਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਬੀਬੀ ਮਾਨ ਨੇ ਸਿਆਸੀ ਪਾਰਟੀ ਦੀ ਟਿਕਟ ’ਤੇ ਚੋਣ ਲੜਨੀ ਸੀ ਤਾਂ ਉਹ ਕਿਸਾਨੀ ਸੰਘਰਸ਼ ਦਾ ਹਿੱਸਾ ਕਿਉਂ ਬਣੇ। ਉਨ੍ਹਾਂ ਐਲਾਨ ਕੀਤਾ ਕਿ ਚੋਣਾਂ ਦੌਰਾਨ ਸੋਨੀਆ ਮਾਨ ਦਾ ਪਿੰਡਾਂ ਵਿੱਚ ਜ਼ਬਰਦਸਤ ਵਿਰੋਧ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਕਿਸਾਨ ਸਮਰਥਕਾਂ ਦੀ ਵੀ ਜਵਾਬਤਲਬੀ ਕੀਤੀ ਜਾਵੇਗੀ, ਜਿਨ੍ਹਾਂ ਨੇ ਸੋਨੀਆ ਮਾਨ ਦੀ ਪਿੰਡਾਂ ਵਿੱਚ ਮੀਟਿੰਗਾਂ ਕਰਵਾਈਆਂ ਹਨ।

Load More Related Articles
Load More By Nabaz-e-Punjab
Load More In Agriculture & Forrest

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …