
ਖਰੜ ਹਲਕੇ ਦੀਆਂ ਪੰਚਾਇਤਾਂ ਨੂੰ ਜਲਦੀ ਸੌਂਪੇ ਜਾਣਗੇ ਵਾਟਰ ਟੈਂਕਰ: ਜਥੇਦਾਰ ਬਡਾਲੀ
ਕੁਰਾਲੀ, 25 ਦਸੰਬਰ (ਰਜਨੀਕਾਂਤ ਗਰੋਵਰ):
ਪੰਜਾਬ ਸਰਕਾਰ ਵੱਲੋਂ ਪਿਛਲੇ 10 ਸਾਲਾਂ ਵਿੱਚ ਖਰੜ ਵਿਧਾਨ ਸਭਾ ਹਲਕਾ ਦੇ ਲੋਕਾਂ ਨੂੰ ਸਿਹਤ ਸਹੂਲਤਾਂ, ਆਟਾ-ਦਾਲ ਸਕੀਮ, ਪਿੰਡਾਂ ਤੇ ਸਕੂਲਾਂ ਪਖਾਨੇ ਬਣਾਉਣਾ, ਸਿਹਤ ਬੀਮਾ ਯੋਜਨਾ, ਕੱਚੇ ਮਕਾਨਾਂ ਲਈ ਪੈਸੇ, ਪੀਣ ਵਾਲੇ ਪਾਣੀ ਦੇ ਟਿਊਬਵੈਲਾਂ ਤੋਂ ਇਲਾਵਾ ਸਰਕਾਰੀ ਸਕੂਲਾਂ ਦੀਆਂ ਆਲੀਸ਼ਾਨ ਇਮਾਰਤਾਂ ਬਣਾ ਕੇ ਦਿੱਤੀਆਂ ਗਈਆਂ ਹਨ। ਇਸ ਗੱਲ ਦਾ ਖੁਲਾਸਾ ਜ਼ਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਜਥੇਦਾਰ ਉਜਾਗਰ ਸਿੰਘ ਬਡਾਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਖਰੜ ਹਲਕੇ ਅਧੀਨ ਪੈਂਦੇ ਬਲਾਕ ਮਾਜਰੀ ਦੇ ਪਿੰਡ ਮਾਜਰੀ, ਕਰਤਾਰਪੁਰ, ਖਿਜ਼ਰਾਬਾਦ, ਹੇਠਲੀ ਪੱਤੀ ਖੈਰਪੁਰ, ਤਾਰਾਪੁਰ, ਗੂੜ੍ਹਾ ਅਤੇ ਬਲਾਕ ਖਰੜ ਦੇ ਪਿੰਡ ਮੁੱਲਾਂਪੁਰ ਗਰੀਬਦਾਸ, ਰਡਿਆਲਾ, ਚਡਿਆਲਾ, ਮੱਛਲੀ ਕਲਾਂ, ਝੰਜੇੜੀ, ਕਰੌਰਾਂ, ਮਸੌਲ ਆਦਿ 13 ਪਿੰਡਾਂ ਨੂੰ 13 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਪਿੰਡਾਂ ਦੇ ਲੋਕਾਂ ਨੂੰ ਸਾਂਝੇ ਕੰਮ ਤੇ ਧਾਰਮਿਕ ਪ੍ਰੋਗਰਾਮ ਲਈ ਵਾਟਰ ਟੈਂਕਰ ਜਲਦੀ ਹੀ ਪਿੰਡਾਂ ਦੀਆਂ ਗਰਾਮ ਪੰਚਾਇਤਾਂ ਦੇ ਸਪੁਰਦ ਕਰ ਦਿੱਤੇ ਜਾਣਗੇ।
ਜਥੇਦਾਰ ਬਡਾਲੀ ਨੇ ਕਿਹਾ ਕਿ ਮੁਹਾਲੀ ਤੋਂ-ਖਰੜ, ਖਰੜ ਤੋਂ ਕੁਰਾਲੀ ਅਤੇ ਖਰੜ ਤੋਂ ਲੁਧਿਆਣਾ ਵਾਇਆ ਮੋਰਿੰਡਾ ਮੁੱਖ ਸੜਕ ਨੂੰ ਫੋਰਲੇਨ ਬਣਾਇਆ ਜਾਵੇਗਾ। ਇਨ੍ਹਾਂ ਸੜਕਾਂ ਦੇ ਪ੍ਰਾਜੈਕਟ ਦੀ ਉਸਾਰੀ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਹੋ ਗਿਆ ਹੈ। ਪਿੰਡ ਬਲੌਂਗੀ ਤੋਂ ਖਰੜ ਤੱਕ ਫਲਾਈ ਓਵਰ ਦਾ ਕੰਮ ਮਿਥੇ ਸਮੇਂ ਵਿੱਚ ਮੁਕੰਮਲ ਕਰਕੇ ਇਲਾਕੇ ਦੇ ਲੋਕਾਂ ਨੂੰ ਟਰੈਫ਼ਿਕ ਦੀ ਭਾਰੀ ਸਮੱਸਿਆ ਤੋਂ ਨਿਜਾਤ ਦਿਲਵਾਈ ਜਾਵੇਗੀ। ਇਸ ਤੋਂ ਇਲਾਵਾ ਖਰੜ ਤੋਂ ਬਨੂੜ ਤੱਕ ਸੜਕ ਨੂੰ ਵੀ ਲੋੜ ਅਨੁਸਾਰ ਚੌੜਾ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।