ਦੱਖਣੀ ਆਸਟਰੇਲੀਆ ਦੀ ਮੰਤਰੀ ਜ਼ੋਅ ਬੈਟਿਸਨ ਵੱਲੋਂ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ

ਸਿੱਖਿਆ, ਖੇਡਾਂ, ਖੇਤੀਬਾੜੀ ਤੇ ਸਮਾਰਟ ਸਿਟੀ ਦੇ ਖੇਤਰ ਵਿੱਚ ਆਪਸੀ ਸਹਿਯੋਗ ਬਾਰੇ ਕੀਤੀਆਂ ਵਿਚਾਰਾਂ

ਆਸਟਰੇਲੀਅਨ ਸਿੱਖ ਖੇਡਾਂ ਵਿੱਚ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਨਵਜੋਤ ਸਿੱਧੂ ਤੇ ਵਿਧਾਇਕ ਪ੍ਰਗਟ ਸਿੰਘ ਨੂੰ ਦਿੱਤਾ ਸੱਦਾ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 7 ਨਵੰਬਰ:
ਆਸਟਰੇਲੀਆ ਦੇ ਸੂਬੇ ਦੱਖਣੀ ਆਸਟਰੇਲੀਆ ਦੀ ਸਮੁਦਾਇਕ ਤੇ ਸਮਾਜਿਕ ਇਕਸੁਰਤਾ, ਸਮਾਜਿਕ ਹਾਊਸਿੰਗ, ਮਹਿਲਾ ਰੁਤਬਾ, ਏਜਿੰਗ, ਬਹੁਸੱਭਿਆਚਾਰਕ ਤੇ ਯੁਵਾ ਮਾਮਲੇ ਤੇ ਵਲੰਟੀਅਰ ਮੰਤਰੀ ਜ਼ੋਅ ਬੈਟਿਸਨ ਨੇ ਅੱਜ ਇਥੇ ਪੰਜਾਬ ਮਿਉਂਸਪਲ ਭਵਨ ਵਿਖੇ ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਦੋਵਾਂ ਮੰਤਰੀਆਂ ਨੇ ਦੱਖਣੀ ਆਸਟਰੇਲੀਆ ਤੇ ਪੰਜਾਬ ਵਿਚਾਲੇ ਸਿੱਖਿਆ, ਖੇਡਾਂ, ਖੇਤੀਬਾੜੀ ਤੇ ਸਮਾਰਟ ਸਿਟੀ ਦੇ ਖੇਤਰ ਵਿੱਚ ਆਪਸੀ ਸਹਿਯੋਗ ਵਧਾਉਣ ਬਾਰੇ ਵਿਚਾਰਾਂ ਕੀਤੀਆਂ। ਇਸ ਮੁਲਾਕਾਤ ਦੌਰਾਨ ਸ. ਨਵਜੋਤ ਸਿੰਘ ਸਿੱਧੂ ਨੇ ਆਸਟਰੇਲੀਆਈ ਮੰਤਰੀ ਨਾਲ ਸਮਾਰਟ ਸਿਟੀ ਪ੍ਰਾਜੈਕਟ ਬਾਰੇ ਚਰਚਾ ਕਰਦੇ ਹੋਏ ਅੰਮ੍ਰਿਤਸਰ ਅਤੇ ਦੱਖਣੀ ਆਸਟਰੇਲੀਆ ਦੇ ਕਿਸੇ ਵੀ ਇਕ ਸ਼ਹਿਰ ਦਰਮਿਆਨ ਸਮਾਜਿਕ, ਆਰਥਿਕ, ਬੁਨਿਆਦੀ ਢਾਂਚਾਗਤ, ਖੇਡਾਂ ਅਤੇ ਸੱਭਿਆਚਾਰਕ ਅਦਾਨ ਪ੍ਰਦਾਨ ਦੇ ਖੇਤਰਾਂ ਵਿੱਚ ਲਗਾਤਾਰ ਸਹਿਯੋਗ ਉਤੇ ਜ਼ੋਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਆਸਟਰੇਲੀਆਈ ਧਿਰ ਪਾਸੋਂ ਇਸ ਮਾਮਲੇ ਵਿੱਚ ਪੂਰਾ ਸਹਿਯੋਗ ਮਿਲਣ ਦੀ ਆਸ ਹੈ। ਹੋਰਨਾਂ ਮੁੱਦਿਆਂ ਨੂੰ ਛੂੰਹਦੇ ਹੋਏ ਸ. ਸਿੱਧੂ ਨੇ ਦੋਵਾਂ ਸੂਬਿਆਂ ਦਰਮਿਆਨ ਖੇਤੀਬਾੜੀ ਦੇ ਬੇਹੱਦ ਅਹਿਮ ਖੇਤਰ ਵਿੱਚ ਸਹਿਯੋਗ ਦੀ ਜ਼ੋਰਦਾਰ ਵਕਾਲਤ ਕਰਦੇ ਹੋਏ ਵਿਗਿਆਨਕ ਖੋਜ ਅਤੇ ਐਗਰੋ ਆਧਾਰਿਤ ਉਦਯੋਗਾਂ ਦੀ ਸਥਾਪਤੀ ਉਤੇ ਜ਼ੋਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਸਿੱਖਿਆ ਅਤੇ ਖੇਡਾਂ ਦੇ ਖੇਤਰਾਂ ਦੀ ਵੀ ਕਾਫੀ ਅਹਿਮੀਅਤ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਇਨ੍ਹਾਂ ਦੋਵਾਂ ਖੇਤਰਾਂ ਵਿੱਚ ਵੀ ਦੋਵੇਂ ਸੂਬੇ ਆਪਸੀ ਅਦਾਨ ਪ੍ਰਦਾਨ ਰਾਹੀਂ ਵਧਣ ਫੁੱਲਣ ਦਾ ਰਾਹ ਖੋਲ੍ਹ ਸਕਦੇ ਹਨ। ਸ. ਸਿੱਧੂ ਨੇ ਕਿਹ ਕਿ ਆਸਟਰੇਲੀਅਨ ਹਾਈ ਕਮਿਸ਼ਨਰ ਨਾਲ ਮੀਟਿੰਗ ਤੋਂ ਬਾਅਦ ਅੱਜ ਉਨ੍ਹਾਂ ਨਾਲ ਇਸ ਦੂਜੀ ਮੀਟਿੰਗ ਨਾਲ ਇਹ ਆਸ ਬੱਝੀ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧ ਹੋਰ ਮਜ਼ਬੂਤ ਹੋਣਗੇ। ਇਸ ਮੌਕੇ ਆਸਟਰੇਲੀਆਈ ਮੰਤਰੀ ਨੇ ਸ. ਸਿੱਧੂ ਅਤੇ ਵਿਧਾਇਕ ਸ. ਪਰਗਟ ਸਿੰਘ ਨੂੰ ਆਉਣ ਵਾਲੀਆਂ ਆਸਟਰੇਲੀਅਨ ਸਿੱਖ ਖੇਡਾਂ ਵਿੱਚ ਬਤੌਰ ਮਹਿਮਾਨ ਸ਼ਿਰਕਤ ਕਰਨ ਦਾ ਹਾਰਦਿਕ ਸੱਦਾ ਜਿਸ ਬਾਰੇ ਸ. ਸਿੱਧੂ ਨੇ ਕਿਹਾ ਕਿ ਉਹ ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੂਚਿਤ ਕਰਨਗੇ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਵੇਗੀ ਕਿ ਮੁੱਖ ਮੰਤਰੀ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦਾ ਵਫਦ ਆਸਟਰੇਲੀਅਨ ਸਿੱਖ ਖੇਡਾਂ ਵਿੱਚ ਸ਼ਾਮਲ ਹੋਵੇ। ਇਸ ਨਾਲ ਦੁਵੱਲੇ ਸਬੰਧ ਹੋਰ ਵੀ ਮਜ਼ਬੂਤ ਹੋਣਗੇ। ਇਸ ਮੁਲਾਕਾਤ ਦੌਰਾਨ ਗੈਰ ਰਸਮੀ ਗੱਲਬਾਤ ਕਰਦਿਆਂ ਆਸਟਰੇਲੀਅਨ ਮੰਤਰੀ ਨੇ ਸ੍ਰੀ ਸਿੱਧੂ ਅਤੇ ਨਾਲ ਬੈਠੇ ਵਿਧਾਇਕ ਪਰਗਟ ਸਿੰਘ ਵੱਲੋਂ ਕ੍ਰਮਵਾਰ ਕ੍ਰਿਕਟ ਤੇ ਹਾਕੀ ਖੇਡ ਵਿੱਚ ਭਾਰਤ ਲਈ ਪਾਏ ਯੋਗਦਾਨ ਦੀ ਵੀ ਪ੍ਰਸੰਸਾ ਕੀਤੀ। ਇਸ ਮੌਕੇ ਵਿਧਾਇਕ ਪਰਗਟ ਸਿੰਘ, ਸਲਾਹਕਾਰ ਡਾ.ਅਮਰ ਸਿੰਘ ਤੇ ਸ. ਅੰਗਦ ਸਿੰਘ ਸੋਹੀ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…