ਖੇਤੀਬਾੜੀ ਡਾਇਰੈਕਟਰ ਵੱਲੋਂ ਸਾਉਣੀ ਦੀਆਂ ਫਸਲਾਂ ਦੀ ਕਾਸ਼ਤ ਤੇ ਝੋਨੇ ਦੀ ਸਿੱਧੀ ਬਿਜਾਈ ਦਾ ਜਾਇਜ਼ਾ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜੂਨ:
ਪੰਜਾਬ ਵਿੱਚ ਸਾਉਣੀ ਦੀਆਂ ਫਸਲਾਂ ਧਾਨ, ਮੱਕੀ, ਮੂੰਗੀ, ਮਾਂਹ, ਅਰਹਰ ਆਦਿ ਦੀ ਕਾਸ਼ਤ ਦਾ ਸਮਾਂ ਚੱਲ ਰਿਹਾ ਹੈ। ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਵੱਖ ਵੱਖ ਪਿੰਡਾਂ ਵਿਚ ਚੱਲ ਰਹੀ ਝੋਨੇ ਦੀ ਸਿੱਧੀ ਬਿਜਾਈ, ਮੱਕੀ ਦੀ ਪ੍ਰਦਰਸ਼ਨ ਪਲਾਟ ਅਤੇ ਪੰਨਸੀਡ ਵੱਲੋਂ ਸਪਲਾਈ ਕੀਤੇ ਗਏ ਮੂੰਗੀ ਕਿਸਮ ਐਸ.ਐਮ.ਐਲ. 832 ਦੇ ਖੇਤਾਂ ਦਾ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਡਾ. ਸੁਤੰਤਰ ਕੁਮਾਰ ਐਰੀ ਵੱਲੋਂ ਵਿਭਾਗ ਦੇ ਹੋਰ ਅਧਿਕਾਰੀਆਂ ਨਾਲ ਦੌਰਾ ਕੀਤਾ ਗਿਆ।
ਝੋਨੇ ਦੀ ਕਾਸ਼ਤ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਝੋਨੇ ਦੀਆਂ ਕਿਸਮਾਂ ਪੀ.ਆਰ-121, 122, 114, 126 ਅਤੇ 127 ਦੀ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਵਿਚ ਅਤੇ ਬਾਸਮਤੀ ਕਿਸਮਾਂ 1121, 1509 ਅਤੇ 1718 ਦੀ ਬਿਜਾਈ ਜੂਨ ਦੇ ਦੂਜੇ ਪੰਦਰਵਾੜੇ ਵਿਚ ਕਰਨੀ ਚਾਹੀਦੀ ਹੈ। ਸਿੱਧੀ ਬਿਜਾਈ ਲਈ 8 ਤੋਂ 10 ਕਿਲੋ ਬੀਜ ਜਰੂਰੀ ਹੁੰਦਾ ਹੈ ਬਿਜਾਈ ਤੋਂ ਪਹਿਲਾਂ 8 ਘੰਟੇ ਲਈ ਬੀਜ ਪਾਣੀ ਵਿੱਚ ਭਿਊ ਕੇ ਬਾਅਦ ਵਿਚ ਸੁਕਾ ਕੇ ਬੀਜਣਾ ਚਾਹੀਦਾ ਹੈ , ਬੀਜ ਭਿਉਣ ਸਮੇਂ 20 ਗ੍ਰਾਮ ਬਾਵਿਸਟਿਨ ਅਤੇ ਇਕ ਗ੍ਰਾਮ ਸਟ੍ਰੈਪਟੋਸਾਈਕਲੀਨ ਨਾਲ ਸੋਧ ਕਰ ਲੈਣੀ ਚਾਹੀਦੀ ਹੈ। ਭਾਰੀਆਂ ਜਮੀਨਾਂ ਵਿਚ ਬਿਜਾਈ ਵੱਤਰ ਵਿਚ ਕਰੋ ਅਤੇ ਪੈਡੀਮੈਥਲਿਨ 30%ਈ.ਸੀ. ਇੱਕ ਲੀਟਰ ਦਾਵਈ ਦਾ ਸਪਰੇ 200 ਲਿਟਰ ਪਾਣੀ ਵਿਚ ਘੋਲ ਕੇ ਬਿਜਾਈ ਤੋਂ ਬਾਅਦ ਤੁਰੰਤ (24 ਘੰਟੇ ਦੇ ਅੰਦਰ ਅੰਦਰ) ਕਰਨ ਲਈ ਸਿਫਾਰਿਸ਼ ਕੀਤੀ ਜਾਂਦੀ ਹੈ। ਬਿਜਾਈ ਤੋਂ 25 ਤੋਂ 30 ਦਿਨ ਦੂਜੀ ਸਪਰੇ ਨਦੀਨ ਨਾਸਕ ਦਵਾਈ ਦਾ ਸਪਰੇ ਕਰਨਾ ਚਾਹੀਦਾ ਹੈ।
ਨੀਦਨ ਨਾਸਕ ਦਵਾਈਆਂ ਦਾ ਸਪਰੇ ਕੋਟ ਵਾਲੀ ਜਾਂ ਫਲੈਟ ਫੈਨ ਨੋਜਲ ਨਾਲ ਕਰਨਾ ਚਾਹੀਦਾ ਹੈ। ਝੋਨੇ ਦੀਆਂ ਪਰਮਲ ਕਿਸਮਾਂ ਵਿਚ ਯੂਰੀਆ 130 ਕਿਲੋ ਪ੍ਰਤੀ ਏਕੜ ਤਿੰਨ ਬਰਾਬਰ ਹਿੱਸਿਆਂ ਵਿਚ ਬਿਜਾਈ ਤੋਂ 4,6 ਅਤੇ 9 ਹਫਤੇ ਬਾਅਦ ਛੱਟਾ ਨਾਲ ਪਾਓ ਅਤੇ ਜੇਕਰ ਪਹਿਲਾਂ ਕਣਕ ਨੂੰ ਫਾਸਫੋਰਸ ਪਾਈ ਗਈ ਹੈ ਤਾਂ ਇਸ ਖਾਦ ਦੀ ਝੋਨੇ ਵਿਚ ਪਾਉਣ ਦੀ ਲੋੜ ਨਹੀਂ ਹੈ। ਬਾਸਮਤੀ ਕਿਸਮਾ ਵਿਚ 54 ਕਿਲੋ ਯੂਰੀਆ ਤਿੰਨ ਬਰਾਬਰ ਹਿੱਸਿਆਂ ਵਿਚ 3,6,ਅਤੇ 9 ਹਫਤੇ ਬਾਅਦ ਛੱਟੇ ਨਾਲ ਪਾਉਣੀ ਚਾਹੀਦੀ ਹੈ। ਝੋਨੇ ਦੀ ਫਸਲ ਵਿਚ ਜਿੰਕ ਦੀ ਘਾਟ ਆਉਣ ਤੇ 25 ਕਿਲੋ ਜਿੰਕ ਸਲਫੇਟ ਹੈਪਟਾਹਾਈਡ੍ਰੇਟ (21%) ਜਾਂ 16.5 ਕਿਲੋ ਜਿੰਕ ਸਲਫੇਟ ਮੋਨੋਹਾਈਡ੍ਰੇਟ (33 ਫੀਸਦੀ) ਨੂੰ ਏਨੀ ਹੀ ਸੁੱਕੀ ਮਿੱਟੀ ਵਿੱਚ ਰਲਾ ਕੇ ਘਾਟ ਵਾਲੇ ਥਾਂਵਾਂ ਵਿਚ ਖਿਲਾਰ ਦੇਣਾ ਚਾਹੀਦੀ ਹੈ।
ਇਸੇ ਤਰ੍ਹਾਂ ਲੋਹੇ ਦੀ ਘਾਟ ਆਉਣ ਤੇ ਇਕ ਕਿੱਲੋ ਫੈਰਸ ਸਲਫੇਟ ਨੂੰ 100 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਛਿੜਕਾਅ ਕਰਨਾ ਚਾਹੀਦਾ ਹੈ। ਅਜਿਹੇ 2 ਤੋਂ 3 ਛਿੜਕਾਅ ਕਰਨ ਨਾਲ ਲੋਹੇ ਦੀ ਘਾਟ ਪੂਰੀ ਕੀਤੀ ਜਾ ਸਕਦੀ ਹੈ। ਕੋਵਿਡ-19 ਮਹਾਂਮਾਰੀ ਕਾਰਨ ਪੈਦਾ ਹੋਏ ਇਨ੍ਹਾਂ ਹਾਲਾਤਾਂ ਚ ਵੱਡੀ ਗਿਣਤੀ ਕਿਸਾਨਾਂ ਵਿਚ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ, ਬੇਸ਼ੱਕ ਇਨ੍ਹਾਂ ਵਿਚ ਜਿਆਦਾਤਰ ਕਿਸਾਨ ਸਿੱਧੀ ਬਿਜਾਈ ਨੂੰ ਇੱਕ ਤਜਰਬੇ ਵਜੋਂ ਲੈ ਰਹੇ ਹਨ, ਲੇਕਿਨ ਜੇਕਰ ਇਹ ਤਜਰਬਾ ਇਸ ਵਾਰ ਸਫਲ ਹੋ ਜਾਂਦਾ ਹੈ ਤਾਂ ਆਉਂਦੇ ਸਮੇਂ ਵਿਚ ਝੋਨੇ ਦੀ ਖੇਤੀ ਵਿਚ ਕ੍ਰਾਂਤੀਕਾਰੀ ਬਦਲਾਅ ਆਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਇਲਾਕੇ ਦੇ ਕਈ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਕਰ ਦਿੱਤੀ ਹੈ ਅਤੇ ਕਈ ਵੱਲੋਂ ਝੋਨਾ ਬੀਜਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਪਿੰਡ ਰਸਨਹੇੜੀ ਦੇ ਕਿਸਾਨ ਬਲਜਿੰਦਰ ਸਿੰਘ, ਅਵਤਾਰ ਸਿੰਘ, ਜਸਵੀਰ ਸਿੰਘ ਅਤੇ ਕੁਲਦੀਪ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਹਰ ਵਾਰ ਰਿਵਾਇਤੀ ਤਰੀਕੇ ਨਾਲ ਹੀ ਝੋਨਾ ਲਗਾਉਂਦੇ ਸਨ, ਪ੍ਰੰਤੂ ਇਸ ਵਾਰ ਕੋਵਿਡ-19 ਮਹਾਂਮਾਰੀ ਕਾਰਨ ਪੈਦਾ ਹੋਈ ਮਜਦੂਰਾਂ ਦੀ ਘਾਟ ਅਤੇ ਝੋਨਾ ਲਗਾਉਣ ਦੇ ਰੇਟਾਂ ਵਿਚ ਆਈ ਤੇਜੀ ਨੂੰ ਦੇਖਦੇ ਹੋਏ ਉਨ੍ਹਾਂ 5-5 ਏਕੜ ਵਿਚ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਫੈਸਲਾ ਕੀਤਾ ਹੈ।
ਕਿਸਾਨਾਂ ਦੇ ਗਰੁੱਪ ਬਣਾ ਕੇ ਉਨ੍ਹਾਂ ਤੱਕ ਖੇਤੀਬਾੜੀ ਤਕਨੀਕੀ ਸਹੂ੍ਹਲਤਾਂ ਮੁਹੱਈਆ ਕਰਵਾਉਣ ਵਾਲੇ ਗਰੁੱਪ ਸੰਚਾਲਕ ਰਾਜਵੀਰ ਸਿੰਘ ਨੇ ਦੱਸਿਆ ਕਿ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਨੂੰ ਲੈ ਕੇ ਕਿਸਾਨਾਂ ਵਿਚ ਕਾਫੀ ਉਤਸ਼ਾਹ ਹੈ, ਉਨ੍ਹਾਂ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਮੁਹਾਲੀ ਵੱਲੋਂ ਉਨ੍ਹਾਂ ਨੂੰ ਝੋਨੇ ਦੀ ਸਿੱਧੀ ਬਿਜਾਈ, ਮੱਕੀ ਦੀ ਬਿਜਾਈ ਅਤੇ ਫਸਲਾਂ ਦੀ ਰਹਿੰਦ ਖੂੰਹਦ ਦੀ ਸਾਂਭ ਸੰਭਾਲ ਲਈ ਮਸ਼ੀਨਾਂ ਉਪਦਾਨ ਤੇ ਮੁਹੱਈਆ ਕਰਵਾਈਆਂ ਹਨ ਅਤੇ ਉਨ੍ਹਾਂ ਵੱਲੋਂ ਚਲਾਏ ਜਾ ਰਹੇ ਖੇਤੀਬਾੜੀ ਸਹਾਇਕ ਗਰੁੱਪ ਵੱਲੋਂ ਇਲਾਕੇ ਦੇ ਕਿਸਾਨਾਂ ਲਈ ਮਸ਼ੀਨਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਸਬੰਧੀ ਮੁੱਖ ਖੇਤੀਬਾੜੀ ਅਫਸਰ ਰਣਜੀਤ ਸਿੰਘ ਬੈਂਸ ਨੇ ਦੱਸਿਆ ਕਿ ਵਿਭਾਗ ਵੱਲੋਂ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਲਈ 30 ਫੀਸਦੀ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਵਿਭਾਗ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਇੱਕ ਤਜਰਬੇ ਦੇ ਤੌਰ ਤੇ ਝੋਨੇ ਦੀ ਸਿੱਧੀ ਬਿਜਾਈ ਜਰੂਰ ਕਰਨ ਤਾਂ ਜੋ ਦਿਨੋ ਦਿਨ ਹੇਠਾਂ ਡਿੱਗਦੇ ਪਾਣੀ ਦੇ ਪੱਧਰ ਨੂੰ ਰੋਕਿਆ ਜਾ ਸਕੇ। ਸਿੱਧੀ ਬਿਜਾਈ ਪ੍ਰਤੀ ਕਿਸਾਨਾਂ ਦੇ ਉਤਸਾਹ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਟੀਚਾ ਅਸਾਨੀ ਨਾਲ ਪ੍ਰਾਪਤ ਹੋ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਿਸਾਨਾਂ ਲਈ ਹਰ ਪੱਖੋਂ ਲਾਹੇਵੰਦ ਹੈ, ਇਸ ਨਾਲ ਜਿੱਥੇ ਕਿਸਾਨਾਂ ਦੀ ਲੇਬਰ ਤੇ ਨਿਰਭਰਤਾ ਘੱਟ ਹੋਵੇਗੀ, ਉਥੇ ਪਾਣੀ ਅਤੇ ਪੈਸੇ ਦੀ ਵੀ ਬੱਚਤ ਹੋਵੇਗੀ। ਉਨ੍ਹਾਂ ਨੇ ਇਹ ਜਾਣਕਾਰੀ ਦਿੱਤੀ ਕਿ ਖੇਤੀਬਾੜੀ ਵਿਭਾਗ ਵੱਲੋਂ ਇਸ ਲਈ ਲਗਾਤਾਰ ਕੈਂਪ ਅਤੇ ਵੱਟਸਅੱਪ ਗਰੁੱਪ ਬਣਾ ਕੇ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ ਜੋ ਕਿਸਾਨਾਂ ਲਈ ਲਾਹੇਵੰਦ ਹੋਵੇਗੀ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…