ਕਣਕ ਦੀ ਬਿਜਾਈ: ਕਿਸਾਨ ਇਕੱਲੇ ਡੀਏਪੀ ਖਾਦ ’ਤੇ ਹੀ ਨਿਰਭਰ ਨਾ ਰਹਿਣ: ਡਾ. ਗੁਰਮੇਲ ਸਿੰਘ

ਮਾਰਕੀਟ ਵਿੱਚ ਕਣਕ ਦੀ ਬਿਜਾਈ ਲਈ ਡੀਏਪੀ ਖਾਦ ਦੇ ਚਾਰ ਬਦਲ ਉਪਲਬਧ: ਮੁੱਖ ਖੇਤੀਬਾੜੀ ਅਫ਼ਸਰ

ਨਬਜ਼-ਏ-ਪੰਜਾਬ, ਮੁਹਾਲੀ, 2 ਨਵੰਬਰ:
ਮਾਰਕੀਟ ਵਿੱਚ ਕਣਕ ਦੀ ਬਿਜਾਈ ਲਈ ਡੀਏਪੀ ਖਾਦ ਦੇ ਚਾਰ ਬਦਲ ਉਪਲਬਧ ਹਨ, ਇਸ ਲਈ ਕਿਸਾਨਾਂ ਨੂੰ ਇਕੱਲੇ ਡੀਏਪੀ ਖਾਦ ’ਤੇ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ ਬਲਕਿ ਸਬੰਧਤ ਵਿਕਲਪਾਂ ਨੂੰ ਅਪਣਾਉਣਾ ਚਾਹੀਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਭੂਮੀ ਵਿਗਿਆਨ ਵਿਭਾਗ ਦੇ ਮਿੱਟੀ ਦੇ ਰਸਾਇਣ ਵਿਗਿਆਨੀ ਡਾ. ਗੋਬਿੰਦਰ ਸਿੰਘ ਦੇ ਹਵਾਲੇ ਨਾਲ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਸਿੰਗਲ ਸੁਪਰਫਾਸਫੇਟ ਵਿੱਚ 16 ਫੀਸਦੀ ਫਾਸਫੋਰਸ ਹੁੰਦਾ ਹੈ। ਕਿਸਾਨ ਡੀਏਪੀ ਦੇ ਇੱਕ ਥੈਲੇ ਦੀ ਥਾਂ ਇਸ ਖਾਦ ਦੇ ਤਿੰਨ ਥੈਲੇ ਵਰਤ ਸਕਦੇ ਹਨ। ਇਸ ਤੋਂ ਇਲਾਵਾ, ਇਹ ਵਾਧੂ ਸਲਫ਼ਰ ਪ੍ਰਦਾਨ ਕਰਦਾ ਹੈ।
ਇਸੇ ਤਰ੍ਹਾਂ ਐਨਪੀਕੇ 12:32:16 ਵਿੱਚ 32 ਫੀਸਦੀ ਫਾਸਫੋਰਸ ਹੁੰਦਾ ਹੈ। ਐਨਪੀਕੇ 12:32:16 ਦਾ ਡੇਢ ਬੈਗ ਡੀਏਪੀ ਦੇ ਇੱਕ ਬੈਗ ਦੇ ਬਰਾਬਰ ਹੈ। ਇਹ ਪੋਟਾਸ਼ ਦੇ ਵਾਧੂ ਫਾਇਦੇ ਦੀ ਪੇਸ਼ਕਸ਼ ਕਰਦਾ ਹੈ, ਜੋ ਕਿ ਡੀਏਪੀ ਵਿੱਚ ਮੌਜੂਦ ਨਹੀਂ ਹੈ। ਉਨ੍ਹਾਂ ਕਿਹਾ ਕਿ ਟ੍ਰਿਪਲ ਸੁਪਰਫਾਸਫੇਟ ਵਿੱਚ 46 ਫੀਸਦੀ ਫਾਸਫੋਰਸ ਹੁੰਦਾ ਹੈ ਅਤੇ ਡੀਏਪੀ ਦੇ ਬਰਾਬਰ ਮਾਤਰਾ ਵਿੱਚ ਵਰਤਿਆ ਜਾ ਸਕਦਾ ਹੈ, ਜਿਸ ਨਾਲ ਵਾਧੂ ਸਲਫ਼ਰ ਲਾਭ ਮਿਲਦਾ ਹੈ, ਜਦੋਂਕਿ ਐਨਪੀਕੇ 10:26:26 ਵਿੱਚ ਕੁੱਲ ਮਿਸ਼ਰਣ ਦਾ 26 ਫ਼ੀਸਦੀ ਫਾਸਫੋਰਸ ਹੁੰਦਾ ਹੈ ਅਤੇ ਇਹ ਫਸਲਾਂ ਦੀਆਂ ਫਾਸਫੋਰਸ ਦੀਆਂ ਲੋੜਾਂ ਨੂੰ ਵੀ ਪੂਰਾ ਕਰ ਸਕਦਾ ਹੈ। ਇਹ ਪੋਟਾਸ਼ ਦਾ ਵਾਧੂ ਫ਼ਾਇਦਾ ਵੀ ਪ੍ਰਦਾਨ ਕਰਦਾ ਹੈ, ਜੋ ਕਿ ਡੀਏਪੀ ਵਿੱਚ ਮੌਜੂਦ ਨਹੀਂ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਡੀਏਪੀ ਦੀ ਕਥਿਤ ਕਮੀ ਬਾਰੇ ਚਿੰਤਾ ਨਾ ਕਰਨ ਦਾ ਭਰੋਸਾ ਦਿਵਾਉਂਦਿਆਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਨ੍ਹਾਂ ਪ੍ਰਭਾਵਸ਼ਾਲੀ ਅਤੇ ਆਸਾਨੀ ਨਾਲ ਉਪਲਬਧ ਵਿਕਲਪਾਂ ਦੀ ਸਫਲਤਾਪੂਰਵਕ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਹ ਕਿਸੇ ਵੀ ਹੋਰ ਜਾਣਕਾਰੀ ਲਈ ਮੁੱਖ ਖੇਤੀਬਾੜੀ ਦਫ਼ਤਰ, ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਮੁਹਾਲੀ ਜਾਂ ਸਥਾਨਕ ਪੱਧਰ ’ਤੇ ਬਲਾਕ ਖੇਤੀਬਾੜੀ ਅਫ਼ਸਰਾਂ ਨਾਲ ਸੰਪਰਕ ਕਰ ਸਕਦੇ ਹਨ।

Load More Related Articles
Load More By Nabaz-e-Punjab
Load More In General News

Check Also

ਲੇਡੀ ਸਿੰਘ ਕੰਵਲਜੀਤ ਕੌਰ ਮੁੜ ਚੁਣੇ ਗਏ ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ

ਲੇਡੀ ਸਿੰਘ ਕੰਵਲਜੀਤ ਕੌਰ ਮੁੜ ਚੁਣੇ ਗਏ ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ ਹਰਜੀਤ ਗਰੇਵਾਲ ਸਕੱਤਰ ਤੇ ਹਰਸ਼ਰਨ …