
ਐਸਪੀ ਅਖਿਲ ਚੌਧਰੀ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 2 ਮਾਰਚ:
ਆਈ.ਪੀ.ਐਸ ਅਧਿਕਾਰੀ ਅਖਿਲ ਚੌਧਰੀ ਐਸਪੀ ਇੰਡਸਟਰੀ ਨੇ ਦਿਹਾਤੀ ਦੌਰੇ ਦੌਰਾਨ ਪਿੰਡ ਫਤਿਹਗੜ੍ਹ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਉਨ੍ਹਾਂ ਦਾ ਪੁਖਤਾ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਪਿੰਡ ਫਤਹਿਗੜ੍ਹ ਵਿੱਚ ਐਸ.ਐਚ.ਓ ਸਤਨਾਮ ਸਿੰਘ ਵਿਰਕ ਦੀ ਦੇਖ ਰੇਖ ਵਿੱਚ ਪੁਲੀਸ ਪਬਲਿਕ ਮੀਟਿੰਗ ਦਾ ਆਜੋਯਨ ਵੀ ਕੀਤਾ ਗਿਆ ਜਿਸ ਦੌਰਾਨ ਸੰਬੋਧਨ ਕਰਦਿਆਂ ਐਸ.ਪੀ ਅਖਿਲ ਚੌਧਰੀ ਨੇ ਕਿਹਾ ਕਿ ਪੁਲਿਸ ਆਮ ਲੋਕਾਂ ਦੀ ਸਹਾਇਤਾ ਨਾਲ ਹੀ ਗਲਤ ਅਨਸਰਾਂ ਅਤੇ ਅਪਰਾਧ ਨੂੰ ਰੋਕ ਸਕਦੀ ਹੈ ਇਸ ਲਈ ਲੋਕੀ ਪੁਲਿਸ ਦੀ ਮੱਦਦ ਕਰਨ ਤਾਂ ਜੋ ਦਿਨ ਪ੍ਰਤੀ ਦਿਨ ਵੱਧ ਰਹੇ ਅਪਰਾਧਾਂ ਨੂੰ ਨੱਥ ਪਾਈ ਜਾ ਸਕੇ। ਇਸ ਦੌਰਾਨ ਲੋਕਾਂ ਨੇ ਐਸ.ਪੀ ਅਖਿਲ ਚੌਧਰੀ ਨੂੰ ਸੁਆਲ ਕੀਤੇ ਜਿਨ੍ਹਾਂ ਦਾ ਉਨ੍ਹਾਂ ਬਾਖੂਬੀ ਜੁਆਬ ਦਿੱਤਾ।
ਇਸ ਦੌਰਾਨ ਉਘੇ ਸਮਾਜ ਸੇਵੀ ਸੁਖਜਿੰਦਰ ਸਿੰਘ ਮਾਵੀ ਅਤੇ ਐਸ.ਐਚ.ਓ ਸਤਨਾਮ ਸਿੰਘ ਵਿਰਕ ਵੱਲੋਂ ਆਈ.ਪੀ.ਐਸ ਅਧਿਕਾਰੀ ਅਖਿਲ ਚੌਧਰੀ ਦਾ ਗੁਲਦਸਤੇ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਸਰਪੰਚ ਨਰਿੰਦਰ ਸਿੰਘ ਫਤਹਿਗੜ੍ਹ, ਅੰਮ੍ਰਿਤਪਾਲ ਸਿੰਘ ਪੰਚ, ਦਰਬਾਰਾ ਸਿੰਘ ਸਾਬਕਾ ਸਰਪੰਚ, ਲਖਵੀਰ ਸਿੰਘ ਬਿੱਟੂ ਸਰਪੰਚ ਗੋਸਲਾ, ਸੁਖਪ੍ਰੀਤ ਸਿੰਘ, ਸੁਰਜੀਤ ਸਿੰਘ, ਸਰਪੰਚ ਜੁਝਾਰ ਸਿੰਘ ਖੈਰਪੁਰ, ਹਰਸਿਮਰਨ ਸਿੰਘ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ।