
ਐਸਪੀ ਸਿੰਘ ਦੀ ਪਤਨੀ ਤੇ ਬਚਾਅ ਪੱਖ ਦੇ ਵਕੀਲ ਨੇ ਵਿਜੀਲੈਂਸ ਕਾਰਵਾਈ ’ਤੇ ਚੁੱਕੇ ਸਵਾਲ
ਐਸਪੀ ਸਿੰਘ ਦੀ ਗ੍ਰਿਫ਼ਤਾਰੀ ਬਾਰੇ ਵਿਜੀਲੈਂਸ ਨੇ ਕੀਤਾ ਪੁਖ਼ਤਾ ਸਬੂਤ ਹੋਣ ਦਾ ਦਾਅਵਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜਨਵਰੀ:
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਪੰਜਾਬ ਰਾਜ ਉਦਯੋਗ ਬਰਾਮਦ ਨਿਗਮ (ਪੀਐਸਆਈਈਸੀ) ਦੇ ਕਾਰਜਕਾਰੀ ਡਾਇਰੈਕਟਰ ਐਸਪੀ ਸਿੰਘ ਖ਼ਿਲਾਫ਼ ਪੁਖ਼ਤਾ ਸਬੂਤ ਹੋਣ ਦਾ ਦਾਅਵਾ ਕੀਤਾ ਹੈ। ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਵਿਜੀਲੈਂਸ ਅਧਿਕਾਰੀ ਨੇ ਕਿਹਾ ਕਿ ਉਕਤ ਮਾਮਲੇ ਵਿੱਚ ਜਾਂਚ ਏਜੰਸੀ ਕੋਲ ਠੋਸ ਸਬੂਤ ਹਨ। ਮੁਲਜ਼ਮ ਤੋਂ ਹੋਰਨਾਂ ਮਾਮਲਿਆਂ ਬਾਰੇ ਵੀ ਪੁੱਛਗਿੱਛ ਕਰਨੀ ਹੈ।
ਉਧਰ, ਮੁਹਾਲੀ ਅਦਾਲਤ ਦੇ ਬਾਹਰ ਐਸਪੀ ਸਿੰਘ ਦੀ ਪਤਨੀ ਅਤੇ ਬਚਾਅ ਪੱਖ ਦੇ ਵਕੀਲ ਹਰਮੀਤ ਸਿੰਘ ਓਬਰਾਏ ਨੇ ਵਿਜੀਲੈਂਸ ਦੀ ਕਾਰਵਾਈ ’ਤੇ ਸਵਾਲ ਚੁੱਕੇ ਹਨ। ਮੁਲਜ਼ਮ ਅਧਿਕਾਰੀ ਦੀ ਪਤਨੀ ਨੇ ਕਿਹਾ ਕਿ ਵਿਜੀਲੈਂਸ ਨੇ ਉਸ ਦੇ ਪਤੀ ਨੂੰ ਗਲਤ ਤਰੀਕੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ। ਐਸਪੀ ਸਿੰਘ ਉੱਤੇ ਲੱਗੇ ਗੰਭੀਰ ਦੋਸ਼ਾਂ ਬਾਰੇ ਉਸ ਨੇ ਕਿਹਾ ਕਿ ਇਸ ਬਾਰੇ ਵਾਹਿਗੁਰੂ ਜਾਣਦਾ ਹੈ ਕੌਣ ਸੱਚਾ ਤੇ ਕੌਣ ਝੂਠਾ ਹੈ। ਵਾਹਿਗੁਰੂ ਦਾ ਫ਼ੈਸਲਾ ਮਨਜ਼ੂਰ ਹੋਵੇਗਾ।
ਐਸਪੀ ਸਿੰਘ ਦੀ ਪਤਨੀ ਨੇ ਆਪਣੇ ਸਹੁਰਾ ਮਰਹੂਮ ਐਨਐਸ ਪਰਵਾਨਾ ਦੇ ਪੱਤਰਕਾਰੀ ਦੇ ਖੇਤਰ ਵਿੱਚ ਬਣਾਏ ਰੁਤਬੇ ਬਾਰੇ ਬੋਲਦਿਆਂ ਕਿਹਾ ਕਿ ਵਿਸ਼ਵ ਭਰ ਵਿੱਚ ਲੋਕ ਪਰਵਾਨਾ ਜੀ ਦੀ ਇਮਾਨਦਾਰੀ ਦੀਆਂ ਮਿਸਾਲਾਂ ਦਿੰਦੇ ਹਨ। ਲੇਕਿਨ ਵਿਜੀਲੈਂਸ ਨੇ ਉਸ ਇਮਾਨਦਾਰ ਪੱਤਰਕਾਰ ਦੇ ਅੰਤਿਮ ਸਸਕਾਰ ਮੌਕੇ ਗ੍ਰਿਫ਼ਤਾਰ ਕਰਕੇ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦਾ ਘਾਣ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਵਿਜੀਲੈਂਸ ਦੀ ਟੀਮ ਉਨ੍ਹਾਂ ਦੇ ਘਰ ਵੀ ਆਈ ਸੀ ਅਤੇ ਪਰਵਾਨਾ ਵੀ ਘਰ ਵਿੱਚ ਮੌਜੂਦ ਸਨ। ਪਰਿਵਾਰ ਨੇ ਖ਼ਦਸ਼ਾ ਜਾਹਰ ਕੀਤਾ ਹੈ ਕਿ ਸ਼ਾਇਦ ਵਿਜੀਲੈਂਸ ਦੀ ਕਾਰਵਾਈ ਤੋਂ ਪਹੁੰਚੇ ਸਦਮੇ ਕਾਰਨ ਉਨ੍ਹਾਂ ਦੀ ਮੌਤ ਹੋਈ ਹੈ। ਕਿਉਂਕਿ ਉਹ ਸੁੱਤੇ ਹੀ ਰਹਿ ਗਏ।
ਬਚਾਅ ਪੱਖ ਦੇ ਵਕੀਲ ਹਰਮੀਤ ਸਿੰਘ ਓਬਰਾਏ ਨੇ ਦੱਸਿਆ ਕਿ ਵਿਜੀਲੈਂਸ ਨੇ ਸੱਤ ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਚਾਰ ਦਿਨ ਦਾ ਰਿਮਾਂਡ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸੰਸਕਾਰ ਮੌਕੇ ਜਦੋਂ ਐਸਪੀ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ, ਉਦੋਂ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਹੋਰਨਾਂ ਪਤਵੰਤਿਆਂ ਨੇ ਵਿਜੀਲੈਂਸ ਟੀਮ ਦੇ ਬਹੁਤ ਤਰਲੇ ਮਿੰਨਤਾਂ ਕੀਤੀਆਂ ਕਿ ਪਰਵਾਨਾ ਦੀ ਅੰਤਿਮ ਅਰਦਾਸ ਤੋਂ ਬਾਅਦ ਉਹ ਐਸਪੀ ਸਿੰਘ ਨੂੰ ਵਿਜੀਲੈਂਸ ਕੋਲ ਪੇਸ਼ ਕਰ ਦੇਣਗੇ ਪ੍ਰੰਤੂ ਵਿਜੀਲੈਂਸ ਨੇ ਇੱਕ ਨਹੀਂ ਸੁਣੀ ਅਤੇ ਐਸਪੀ ਸਿੰਘ ਨੂੰ ਫੜ ਕੇ ਆਪਣੇ ਨਾਲ ਲੈ ਗਏ।