
ਪੈਨਸ਼ਨਰਜ਼ ਦਿਵਸ ਮੌਕੇ 35 ਪੈਨਸ਼ਨਰ ਬਾਬਿਆਂ ਦਾ ਵਿਸ਼ੇਸ਼ ਸਨਮਾਨ
ਡਾ.ਅੰਬੇਦਕਰ ਵੈਲਫੇਅਰ ਮਿਸ਼ਨ ਸੈਕਟਰ-69 ਵਿੱਚ ਪੈਨਸ਼ਨਰ ਦਿਵਸ ਮਨਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਦਸੰਬਰ:
ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ, ਜ਼ਿਲ੍ਹਾ ਮੁਹਾਲੀ ਵੱਲੋਂ ਅੱਜ ਇੱਥੋਂ ਦੇ ਡਾ.ਅੰਬੇਦਕਰ ਵੈਲਫੇਅਰ ਮਿਸ਼ਨ ਸੈਕਟਰ-69 ਵਿਖੇ ‘ਪੈਨਸ਼ਨਰਜ਼ ਦਿਵਸ’ ਮਨਾਇਆ ਗਿਆ। ਜਿਸ ਵਿੱਚ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਕਨਵੀਨਰ ਠਾਕੁਰ ਸਿੰਘ ਮੁੱਖ ਮਹਿਮਾਨ ਅਤੇ ਪ੍ਰੇਮ ਸਾਗਰ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਪ੍ਰਧਾਨਗੀ ਜਰਨੈਲ ਸਿੰਘ ਸਿੱਧੂ ਨੇ ਕੀਤੀ। ਸਮਾਰੋਹ ਵਿੱਚ ਮੁਹਾਲੀ ਸਮੇਤ ਪੰਚਕੂਲਾ, ਚੰਡੀਗੜ੍ਹ ਅਤੇ ਪੰਜਾਬ ਭਰ ’ਚੋਂ ਪੈਨਸ਼ਨਰ ਬਾਬਿਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਆਪਣੀਆਂ ਮੰਗਾਂ ਲਈ ਆਵਾਜ਼ ਬੁਲੰਦ ਕੀਤੀ।
ਸੀਨੀਅਰ ਮੀਤ ਪ੍ਰਧਾਨ ਤੇ ਕੌਂਸਲਰ ਸੁੱਚਾ ਸਿੰਘ ਕਲੌੜ ਨੇ ਪੈਨਸ਼ਨਰ ਦਿਵਸ ਦੀ ਮਹੱਤਤਾ ਅਤੇ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਬੈਂਚ ਵੱਲੋਂ 17 ਦਸੰਬਰ 1982 ਨੂੰ ਸੁਣਾਏ ਇਤਿਹਾਸਕ ਫੈਸਲਾ ਬਾਰੇ ਦੱਸਦਿਆਂ ਕਿਹਾ ਕਿ ਪੈਨਸ਼ਨ ਕੋਈ ਇਨਾਮ, ਭੀਖ ਜਾਂ ਖਰਾਇਤ ਨਹੀਂ ਹੈ, ਜੋ ਸਰਕਾਰ ਦੀ ਮਰਜ਼ੀ ਨਾਲ ਦਿੱਤੀ ਜਾਂਦੀ ਹੈ, ਬਲਕਿ ਪੈਨਸ਼ਨ ’ਤੇ ਕਰਮਚਾਰੀ ਦਾ ਹੱਕ ਹੈ, ਜੋ ਸਮਾਜਿਕ ਸੁਰੱਖਿਆ ਤਹਿਤ ਉਸ ਨੂੰ ਹਰ ਹਾਲਤ ਵਿੱਚ ਮਿਲਣਾ ਚਾਹੀਦਾ ਹੈ।
ਠਾਕੁਰ ਸਿੰਘ, ਪ੍ਰੇਮ ਸਾਗਰ ਸ਼ਰਮਾ, ਡਾ. ਐਨਕੇ ਕਲਸੀ, ਦਲਬਾਰਾ ਸਿੰਘ ਚਾਹਲ, ਕਰਤਾਰ ਪਾਲ, ਸ਼ਿਆਮ ਲਾਲ ਸ਼ਰਮਾ, ਗੁਰਬਖ਼ਸ਼ ਸਿੰਘ, ਬਾਬੂ ਰਾਮ ਦੀਵਾਨਾ ਆਦਿ ਵੱਖ-ਵੱਖ ਬੁਲਾਰਿਆਂ ਨੇ ਪੈਨਸ਼ਨਰ ਦਿਵਸ ਦੀ ਮਹੱਤਤਾ ਦਾ ਵਰਣਨ ਕਰਦਿਆਂ ਸਰਕਾਰ ਨੂੰ ਅਪੀਲ ਕੀਤੀ ਕਿ ਪੈਨਸ਼ਨਰਾਂ ਦੀਆਂ ਪੈਨਸ਼ਨਾਂ 2.59 ਗੁਣਾਂਕ ਨਾਲ ਤੁਰੰਤ ਸੋਧੀਆਂ ਜਾਣ, ਨੈਸ਼ਨਲ ਆਧਾਰ ’ਤੇ ਪੈਨਸ਼ਨ ਸੋਧ ਵਿਧੀ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾਵੇ, 1-1-2016 ਤੋਂ 30-6-2021 ਤੱਕ ਦਾ ਬਕਾਇਆ ਯਕਮੁਸ਼ਤ ਭੁਗਤਾਨ ਕੀਤਾ ਜਾਵੇ ਅਤੇ ਹੋਰ ਜਾਇਜ਼ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ, ਨਹੀਂ ਤਾਂ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ 80 ਸਾਲ ਤੋਂ ਵੱਧ ਉਮਰ ਦੇ 35 ਪੈਨਸ਼ਨਰ ਬਾਬਿਆਂ ਨੂੰ ਗਰਮ ਲੋਈਆਂ ਅਤੇ ਐਸੋਸੀਏਸ਼ਨ ਦੇ 42 ਅਣਥੱਕ ਵਰਕਰਾਂ ਨੂੰ ਯਾਦਗਾਰੀਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

ਆਈਵੀਵਾਈ ਹਸਪਤਾਲ ਸੈਕਟਰ-71 ਦੇ ਆਰਥੋਪੈਡਿਕ ਸਰਜਨ ਡਾ. ਭਾਨੂ ਪ੍ਰਤਾਪ ਸਿੰਘ ਸਲੂਜਾ ਨੇ ਹੱਡੀਆਂ ਦੇ ਰੋਗਾਂ ਦੀ ਰੋਕਥਾਮ ਬਾਰੇ ਵਿਸ਼ੇਸ਼ ਲੈਕਚਰ ਦਿੱਤਾ। ਪੈਨਸ਼ਨਰਾਂ ਦੀ ਸਿਹਤ ਦੀ ਜਾਂਚ ਕੀਤੀ। ਮੰਚ ਸੰਚਾਲਨ ਭਗਤ ਰਾਮ ਰੰਗਾੜਾ ਨੇ ਕੀਤਾ। ਇਸ ਮੌਕੇ ਸਰਬਜੀਤ ਸਿੰਘ ਪੰਧੇਰ, ਚੇਅਰਮੈਨ ਮੂਲਰਾਜ ਸ਼ਰਮਾ, ਮੀਤ ਪ੍ਰਧਾਨ ਰਵਿੰਦਰ ਕੌਰ ਗਿੱਲ, ਕੁਲਦੀਪ ਸਿੰਘ ਜਾਂਗਲਾ, ਮਦਨਜੀਤ ਸਿੰਘ, ਭੁਪਿੰਦਰ ਸਿੰਘ ਬੱਲ, ਭਗਤ ਰਾਮ ਰੰਗਾੜਾ, ਹਰਜੀਤ ਸਿੰਘ ਪ੍ਰਧਾਨ ਫਤਿਹਗੜ੍ਹ ਸਾਹਿਬ, ਪ੍ਰੀਤਮ ਸਿੰਘ, ਜਸਵਿੰਦਰ ਸਿੰਘ ਵਾਲੀਆ, ਅਜੀਤ ਸਿੰਘ, ਕ੍ਰਿਸ਼ਨ ਚੰਦ ਮੱੁਲਾਂਪੁਰ, ਰਾਜਿੰਦਰ ਮੋਹਨ, ਅਮਰੀਕ ਸਿੰਘ ਸੇਠੀ, ਰਾਜਿੰਦਰ ਪਾਲ ਸ਼ਰਮਾ, ਜਗਤਾਰ ਸਿੰਘ, ਪਿਆਰੇ ਲਾਲ, ਐਨਕੇ ਸ਼ਰਮਾ, ਐਸਡੀ ਡੈਡ, ਪ੍ਰੇਮ ਚੰਦ ਵੀ ਹਾਜ਼ਰ ਸਨ। ਅੰਤ ਵਿੱਚ ਪ੍ਰਧਾਨ ਜਰਨੈਲ ਸਿੰਘ ਸਿੱਧੂ ਨੇ ਸਾਰਿਆਂ ਦਾ ਧੰਨਵਾਦ ਕੀਤਾ।