
ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਮਾਨਾ ਦਾ ਵਿਸ਼ੇਸ਼ ਸਨਮਾਨ
ਨੌਜਵਾਨਾਂ ਨੂੰ ਦਿਲ, ਦਿਮਾਗ ਤੇ ਸਰੀਰ ਪੱਖੋਂ ਹਮੇਸ਼ਾ ਤੰਦਰੁਸਤ ਰੱਖਦੀ ਹੈ ਕਬੱਡੀ: ਮਲੂਕਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਸਤੰਬਰ:
ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਦਲਦਲ ਵਿੱਚ ਧੱਸਦੀ ਜਾ ਰਹੀ ਹੈ ਜਿਸ ਨੂੰ ਬਚਾਉਣ ਲਈ ਨੌਜਵਾਨ ਪੀੜ੍ਹੀ ਦਾ ਖੇਡਾਂ ਵੱਲ ਰੁਝਾਨ ਵਧਾਉਣ ਦੀ ਲੋੜ ਹੈ। ਕਬੱਡੀ ਇੱਕ ਅਜਿਹਾ ਖੇਡ ਹੈ ਜਿਸ ਵਿੱਚ ਦਿਲ, ਦਿਮਾਗ ਅਤੇ ਸਰੀਰ ਹਮੇਸ਼ਾ ਤੰਦਰੁਸਤ ਰਹਿੰਦਾ ਹੈ। ਇਹ ਗੱਲ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਖੇਡ ਦਿਵਸ ਤੇ ਰਾਸ਼ਟਰਪਤੀ ਵੱਲੋਂ ਮੇਜਰ ਧਿਆਨ ਚੰਦ ਐਵਾਰਡ ਨਾਲ ਨਵਾਜੇ ਗਏ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਮਾਨਾ ਨੂੰ ਸਨਮਾਨਿਤ ਕਰਨ ਲਈ ਸਥਾਨਕ ਫੇਜ਼ 3ਏ ਵਿਖੇ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਆਖੀ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਵਿੱਚ ਇੰਟਰਨੈਸ਼ਨਲ ਪੱਧਰ ਦੇ ਕਬੱਡੀ ਟੂਰਨਾਮੈਂਟ ਕਰਵਾਏ ਗਏ ਪਰ ਜਦੋਂ ਦੀ ਕਮਾਨ ਕਾਂਗਰਸ ਸਰਕਾਰ ਦੇ ਹੱਥ ਵਿੱਚ ਆਈ ਹੈ ਉਸ ਦਿਨ ਤੋਂ ਬਾਅਦ ਕਬੱਡੀ ਖੇਡ ਦਾ ਰੁਤਬਾ ਵਿਦੇਸ਼ਾਂ ਵਿੱਚ ਹੀ ਨਹੀਂ ਸਗੋਂ ਪੰਜਾਬ ਵਿੱਚ ਵੀ ਘੱਟਦਾ ਜਾ ਰਿਹਾ ਹੈ।
ਇਸ ਮੌਕੇ ਦਵਿੰਦਰ ਸਿੰਘ ਬਾਜਵਾ ਵੱਲੋਂ ਮੁੱਖ ਸ਼ਖਸ਼ੀਅਤਾਂ ਮਨਪ੍ਰੀਤ ਸਿੰਘ ਮਾਨਾ ਅਤੇ ਦੇ ਪਹੁੰਚਣ ਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆ ਕਬੱਡੀ ਖਿਡਾਰੀ ਮਨਪ੍ਰੀਤ ਮਾਨਾ ਨੇ ਦੱਸਿਆ ਕਿ ਉਹਨਾਂ ਨੂੰ ਇਹ ਸਨਮਾਨ ਮਿਲਣ ਨਾਲ ਉਹਲਾਂ ਦੀ ਆਪਣੀ ਮਾਂ-ਖੇਡ ਸਬੰਧੀ ਜ਼ਿੰਮੇਵਾਰੀ ਹੋਰ ਵੀ ਵੱਧ ਗਈ ਹੈ। ਉਹਨਾਂ ਦੱਸਿਆ ਕਿ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਉਸਦਾ ਸੁਪਨਾ ਹੈ ਅਤੇ ਉਹ ਨੌਜਵਾਨਾਂ ਨਾਲ ਮਿਲਕੇ ਇਸਨੂੰ ਸਾਕਾਰ ਕਰਨ ਲਈ ਲੱਗੇ ਹੋਏ ਹਨ।
ਇਸ ਮੌਕੇ ਸ੍ਰੀ ਮਲੂਕਾ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਡਾਂਵਾਡੋਲ ਹੈ ਇਸੇ ਲਈ ਆਏ ਦਿਨ ਕਤਲ, ਚੋਰੀ ਡਕੈਤੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਜਿਸ ਦੀ ਮਿਸਾਲ ਬੀਤੀ 30 ਅਗਸਤ ਨੂੰ ਗੁਰਮੇਜ ਸਿੰਘ ਉਰਫ ਪੱਪੀ ਭਗਵਾਨਪੁਰ ਦਾ 6 ਨੌਜਵਾਨਾਂ ਵਲੋੱ ਕੀਤਾ ਗਿਆ ਕਤਲ ਹੈ ਅਤੇ ਇਸਦੇ ਨਾਲ ਹੀ ਕੁੱਝ ਦਿਨ ਪਹਿਲਾਂ ਬਠਿੰਡਾ ਵਿੱਚ ਅਕਾਲੀ ਲੀਡਰ ਸੁਖਨ ਸੰਧੂ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋੱ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਵੀ ਕਬੱਡੀ ਖਿਡਾਰੀ ਮਨਪ੍ਰੀਤ ਮਾਨਾ ਵਾਂਗੂ ਪੰਜਾਬ ਲਈ ਖੇਡਾਂ ਵਿੱਚ ਨਾਂ ਰੌਸ਼ਨ ਕਰਨ ਅਤੇ ਨਸ਼ੇ ਵਰਗੀ ਨਾ-ਮੁਰਾਦ ਬਿਮਾਰੀ ਤੋੱ ਦੂਰ ਰਹਿਣ। ਇਸ ਮੌਕੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਦਵਿੰਦਰ ਸਿੰਘ ਬਾਜਵਾ, ਜਰਨਲ ਸਕੱਤਰ ਅਮਨਪ੍ਰੀਤ ਸਿੰਘ, ਭਾਰਤੀ ਕਬੱਡੀ ਟੀਮ ਦੇ ਕੋਚ ਹਰਪ੍ਰੀਤ ਸਿੰਘ ਬਾਬਾ, ਉੱਘੇ ਖੇਡ ਪ੍ਰਮੋਟਰਜ ਨਰਿੰਦਰ ਸਿੰਘ ਕੰਗ, ਮਨਜੀਤ ਸਿੰਘ ਮਾਵੀ, ਸਮੇਤ ਹੋਰ ਮੈਂਬਰ ਹਾਜ਼ਰ ਸਨ।