ਮੇਅਰ ਜੀਤੀ ਸਿੱਧੂ ਵੱਲੋਂ ਜੇਤੂ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ

ਮਿਸਰ ਦੀ ਰਾਜਧਾਨੀ ਕਾਇਰੋ ਵਿੱਚ ਮੁਹਾਲੀ ਦੇ ਖਿਡਾਰੀਆਂ ਨੇ ਜਿੱਤੇ 9 ਤਗਮੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਨਵੰਬਰ:
ਮਿਸਰ ਦੇਸ਼ ਦੀ ਰਾਜਧਾਨੀ ਕਾਇਰੋ ਵਿਖੇ 18 ਤੋਂ 24 ਅਕਤੂਬਰ ਦਰਮਿਆਨ ਹੋਏ ਕਿੱਕ ਬਾਕਸਿੰਗ ਮੁਕਾਬਲਿਆਂ ਵਿੱਚ ਮੁਹਾਲੀ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜ ਸੋਨੇ ਅਤੇ ਤਿੰਨ ਚਾਂਦੀ ਅਤੇ ਇੱਕ ਕਾਂਸੀ ਦਾ ਤਗਮਾ ਜਿੱਤ ਕੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਇਨ੍ਹਾਂ ਜੇਤੂ ਖਿਡਾਰੀਆਂ ਨੂੰ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਨਗਰ ਨਿਗਮ ਭਵਨ ਵਿਖੇ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਹਾਜ਼ਰ ਸਨ।
ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਖੇਡਾਂ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਹਨ ਅਤੇ ਇਸ ਨਾਲ ਜਿੱਥੇ ਨੌਜਵਾਨਾਂ ਵਿੱਚ ਅਨੁਸ਼ਾਸਨ ਵਧਦਾ ਹੈ ਉੱਥੇ ਸਪੋਰਟਸਮੈਨਸ਼ਿਪ ਦੇ ਚੱਲਦੇ ਉਨ੍ਹਾਂ ਵਿੱਚ ਆਪਸੀ ਭਾਈਚਾਰਾ ਵੀ ਵਧਦਾ ਹੈ ਅਤੇ ਉਨ੍ਹਾਂ ਦਾ ਆਤਮ ਵਿਸ਼ਵਾਸ ਵੀ ਬੁਲੰਦੀਆਂ ’ਤੇ ਪਹੁੰਚਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਲੜਕੀਆਂ ਅਤੇ ਬੱਚੀਆਂ ਖੇਡਾਂ ਵਿੱਚ ਵੱਡੀਆਂ ਮੱਲ੍ਹਾਂ ਮਾਰ ਰਹੀਆਂ ਹਨ। ਜਿਸ ਨਾਲ ਨਾ ਸਿਰਫ਼ ਸਾਡੇ ਮੁਹਾਲੀ ਸ਼ਹਿਰ ਬਲਕਿ ਸਮੁੱਚੇ ਦੇਸ਼ ਦਾ ਸਿਰ ਮਾਣ ਨਾਲ ਉੱਚਾ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਖੇਡਾਂ ਨੂੰ ਬੜ੍ਹਾਵਾ ਦੇਣ ਲਈ ਮੁਹਾਲੀ ਨਗਰ ਨਿਗਮ ਅਹਿਮ ਕਦਮ ਪੁੱਟਣ ਜਾ ਰਹੀ ਹੈ ਅਤੇ ਗਮਾਡਾ ਵੱਲੋਂ ਬਣਾਏ ਗਏ ਖੇਡ ਸਟੇਡੀਅਮਾਂ ਨੂੰ ਨਗਰ ਨਿਗਮ ਆਪਣੇ ਅਧੀਨ ਲੈ ਕੇ ਇਲਾਕੇ ਦੇ ਖਿਡਾਰੀਆਂ ਨੂੰ ਵਧੀਆ ਖੇਡ ਸਹੂਲਤਾਂ ਮੁਹੱਈਆ ਕਰਾਏਗੀ। ਜਾਣਕਾਰੀ ਅਨੁਸਾਰ ਕਾਜਲ ਨੇ 17 ਸਾਲ ਉਮਰ ਵਰਗ ਵਿੱਚ ਸੋਨੇ, ਜਾਨਵੀ ਸ਼ਰਮਾ ਨੇ 15 ਸਾਲ ਉਮਰ ਵਰਗ ਵਿੱਚ ਸੋਨੇ, ਸੰਜੋਤ ਕੌਰ ਨੇ 15 ਸਾਲ ਉਮਰ ਵਰਗ ਵਿੱਚ ਸੋਨੇ, ਸਾਧਵੀ ਸ਼ਰਮਾ ਨੇ 14 ਸਾਲ ਉਮਰ ਵਰਗ ਵਿੱਚ ਸੋਨੇ ਅਤੇ ਸੰਤੋਖ ਡੋਗਰਾ ਨੇ 17 ਸਾਲ ਉਮਰ ਵਰਗ ਵਿੱਚ ਸੋਨੇ ਦਾ ਤਗਮਾ ਜਿੱਤਿਆ ਹੈ।
ਇਸੇ ਤਰ੍ਹਾਂ ਅਕਸ਼ਤ ਖਰਬੰਦਾ ਨੇ 19 ਸਾਲ ਉਮਰ ਵਰਗ ਵਿੱਚ ਚਾਂਦੀ, ਚੇਤਨ ਜੋਸ਼ੀ ਨੇ 17 ਸਾਲ ਉਮਰ ਵਰਗ ਵਿੱਚ ਚਾਂਦੀ, ਸੱਜਣ ਸਿੰਘ ਨੇ 16 ਸਾਲ ਉਮਰ ਵਰਗ ਵਿੱਚ ਚਾਂਦੀ ਅਤੇ ਹਿਮਾਂਸ਼ੂ ਗੋਇਲ ਨੇ 20 ਸਾਲ ਉਮਰ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਮੁਹਾਲੀ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …