ਪੰਜਾਬ ਪੁਲੀਸ ਦੇ ਸਪੈਸ਼ਲ ਅਪਰੇਸ਼ਨ ਸੈੱਲ ਵੱਲੋਂ ਜਾਅਲੀ ਡਿਗਰੀਆਂ ਵੇਚਣ ਦੇ ਮਾਮਲੇ ਵਿੱਚ ਮੁਲਜ਼ਮ ਗ੍ਰਿਫ਼ਤਾਰ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜਨਵਰੀ:
ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਦੇ ਏਆਈਜੀ ਸ੍ਰੀ ਵਰਿੰਦਰਪਾਲ ਸਿੰਘ ਨੇ ਜਾਅਲੀ ਸਰਟੀਫਿਕੇਟ ਵੇਚਣ ਦੇ ਗੋਰਖਧੰਦੇ ਦਾ ਪਰਦਾਫਾਸ਼ ਕਰਦਿਆਂ ਅੱਜ ਇੱਥੇ ਮੀਡੀਆ ਨੂੰ ਦੱਸਿਆ ਕਿ ਪੁਲੀਸ ਨੂੰ ਖੁਫੀਆ ਆਧਾਰ ’ਤੇ ਸਰਬਜੀਤ ਸਿੰਘ ਵਾਸੀ ਟੋਡਰ ਮਾਜਰਾ, ਕਮਲਜੀਤ ਸਿੰਘ ਵਾਸੀ ਟੋਡਰ, ਜ਼ਿਲ੍ਹਾ ਮੁਹਾਲੀ ਅਤੇ ਗਗਨਦੀਪ ਸਿੰਘ ਵਾਸੀ ਰੁੜਕੀ ਖਾਮ ਜ਼ਿਲ੍ਹਾ ਮੁਹਾਲੀ ਓਪਨ ਯੂਨੀਵਰਸਿਟੀ ਦੇ ਨਾਮ ’ਤੇ ਪੜ੍ਹਾਈ ਦੇਣ ਸਬੰਧੀ ਫੀਸ ਲੈ ਕੇ ਬਿਨਾਂ ਦਾਖ਼ਲੇ ਦੇ ਲੋਕਾਂ ਨੂੰ ਧੋਖੇ ਵਿੱਚ ਰੱਖ ਕੇ ਕਈ ਪ੍ਰਕਾਰ ਦੇ ਫਰਜੀ ਸਰਟੀਫਿਕੇਟ ਤੇ ਡਿਗਰੀਆ ਪ੍ਰਦਾਨ ਕਰਦੇ ਹਨ।
ਪੁਲੀਸ ਨੇ ਗਗਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਨੁਸਾਰ ਇਹਨਾਂ ਵਿਅਕਤੀਆਂ ਨੇ ਬਹੁਤ ਸਾਰੇ ਲੋਕਾਂ ਨੂੰ ਧੋਖੇ ਵਿੱਚ ਰੱਖ ਕੇ ਫਾਰਮੇਸੀ, ਬੀ.ਏ, ਬੀ.ਏ.ਐਮ.ਐਸ, ਬੀ.ਐਸ.ਸੀ, ਬੀ.ਐਸ.ਸੀ ਨਰਸਿੰਗ ਆਦਿ ਦੀਆ ਫਰਜੀ ਡਿਗਰੀਆ ਤਿਆਰ ਕਰਕੇ ਲੋਕਾਂ ਨਾਲ ਲੱਖਾ ਰੁਪਇਆ ਦੀ ਠੱਗੀ ਮਾਰੀ ਹੈ। ਇਹਨਾਂ ਨੇ ਸਥਾਨਕ ਸ਼ਹਿਰ ਵਿੱਚ ਇੱਕ ਪ੍ਰਾਈਵੇਟ ਮੈਡੀਕਲ ਕੌਂਸਲ ਸੰਸਥਾ ਸਥਾਪਤ ਕੀਤੀ ਹੋਈ ਸੀ। ਇਨ੍ਹਾਂ ਦੇ ਖ਼ਿਲਾਫ਼ 5 ਜਨਵਰੀ ਨੂੰ ਧਾਰਾ 420, 467, 468, 471, 120ਬੀ ਤਹਿਤ ਪਰਚਾ ਦਰਜ ਕੀਤਾ ਸੀ। ਜਿਸ ਦੀ ਤਫਤੀਸ਼ ਏਐਸਆਈ ਕੇਵਲ ਸਿੰਘ ਨੂੰ ਦਿੱਤੀ ਗਈ ਹੈ।
ਸ੍ਰੀ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ 9 ਜਨਵਰੀ ਨੂੰ ਉਕਤ ਦਫਤਰ ’ਤੇ ਰੇਡ ਕਰਕੇ ਗਗਨਦੀਪ ਸਿੰਘ ਗ੍ਰਿਫ਼ਤਾਰ ਕੀਤਾ। ਮੁਲਜ਼ਮ ਪਾਸੋਂ ਭਰੇ ਹੋਏ ਅਤੇ ਖਾਲੀ ਫਰਜੀ ਸਰਟੀਫਿਕੇਟ, ਮੋਹਰਾਂ ਅਤੇ ਕੰਪਿਊਟਰ ਬਰਾਮਦ ਕੀਤੇ ਗਏ ਹਨ। ਮੁਲਜ਼ਮ ਨੇ ਆਪਣੀ ਪੁੱਛਗਿੱਛ ਵਿੱਚ ਦੱਸਿਆ ਕਿ ਉਹ ਆਪਸ ਵਿੱਚ ਰਲ ਕੇ ਪਿੱਛਲੇ ਕਰੀਬ ਦਸ ਸਾਲ ਤੋਂ ਅਣਅਧਿਕਾਰਤ ਤੌਰ ਪਰ ਬਿਨਾਂ ਦਾਖ਼ਲੇ ਦੇ ਲੋਕਾਂ ਨੂੰ ਵੱਖ-ਵੱਖ ਟਰੇਡਾਂ ਦੀਆਂ ਫਰਜੀ ਡਿਗਰੀਆ/ਸਰਟੀਫਿਕੇਟ ਵੇਚ ਰਹੇ ਹਨ। ਇਸ ਤਰ੍ਹਾਂ ਗਗਨਦੀਪ ਸਿੰਘ ਅਤੇ ਉਕਤ ਮੁਲਜ਼ਮਾਂ ਨਾਲ ਰਲ ਕੇ ਕਾਫੀ ਲੋਕਾਂ ਤੋਂ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਬਾਕੀ ਮੁਲਜ਼ਮ ਅਜੇ ਫਰਾਰ ਹਨ ਅਤੇ ਪਹਿਲਾ ਵੀ ਇਹਨਾਂ ਖਿਲਾਫ ਮੁਕੱਦਮੇ ਦਰਜ ਹਨ। ਪੁਲਿਸ ਇਸ ਤਹਿ ਤੱਕ ਪਹੁੰਚ ਰਹੀ ਹੈ ਕਿ ਫਰਜੀ ਡਿਗਰੀਆ ਕਿੰਨਾ-ਕਿੰਨਾ ਲੋਕਾਂ ਤੱਕ ਪਹੁੰਚ ਚੁੱਕੀਆ ਹਨ ਅਤੇ ਉਹਨਾਂ ਦੀ ਦੁਰਵਰਤੋਂ ਕਰਕੇ ਲੋਕਾਂ ਦੀ ਜਾਨ ਮਾਲ ਨਾਲ ਤਾਂ ਨਹੀਂ ਖੇਡ ਰਹੇ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …