ਮੁੱਖ ਮੰਤਰੀ ਦੇ ਹੁਕਮਾਂ ’ਤੇ ਸੀਨੀਅਰ ਪੱਤਰਕਾਰ ਤੇ ਉਨ੍ਹਾਂ ਦੀ ਮਾਂ ਦੇ ਕਤਲ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ

ਵਿਸ਼ੇਸ਼ ਜਾਂਚ ਟੀਮ ਵੱਲੋਂ ਘਟਨਾਸਥਾਨ ਦਾ ਦੌਰਾ ਕਰਕੇ ਲਿਆ ਵਾਰਦਾਤ ਦਾ ਜਾਇਜ਼ਾ, ਪੀੜਤ ਪਰਿਵਾਰ ਤੇ ਲੋਕਲ ਪੁਲੀਸ ਨਾਲ ਕੀਤੀ ਗੱਲ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 23 ਸਤੰਬਰ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਅਤੇ ਉਨ੍ਹਾਂ ਦੀ ਮਾਤਾ ਦੇ ਸ਼ੱਕੀ ਕਤਲ ਦੀ ਜਾਂਚ ਕਰਨ ਲਈ ਆਈ.ਜੀ (ਅਪਰਾਧ) ਮੈਡਮ ਸ਼ਸ਼ੀ ਪ੍ਰਭਾ ਦੀ ਅਗਵਾਈ ਵਿੱਚ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ। ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਅਤੇ ਉਨ੍ਹਾਂ ਦੀ ਮਾਤਾ ਮੁਹਾਲੀ ਵਿਖੇ ਫੇਜ਼-3ਬੀ2 ਵਿੱਚ ਸਥਿਤ ਆਪਣੇ ਘਰ ਵਿੱਚ ਮ੍ਰਿਤਕ ਹਾਲਤ ਵਿੱਚ ਮਿਲੇ ਅਤੇ ਪੁਲਿਸ ਨੂੰ ਸ਼ੱਕ ਹੈ ਕਿ ਕਿਸੇ ਨਾਮਾਲੂਮ ਮਕਸਦ ਲਈ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ।
ਚੰਡੀਗੜ੍ਹ ਵਿੱਚ ‘ਇੰਡੀਅਨ ਐਕਸਪ੍ਰੈਸ’, ‘ਦਾ ਟ੍ਰਿਬਿਊਨ’ ਅਤੇ ‘ਦਾ ਟਾਇਮਜ਼ ਆਫ ਇੰਡੀਆ’ ਦੇ ਸਾਬਕਾ ਨਿਊਜ਼ ਐਡੀਟਰ ਸ੍ਰੀ ਕੇ.ਜੇ. ਸਿੰਘ ਦੇ ਗਲ਼ ’ਤੇ ਕੱਟ ਦਾ ਨਿਸ਼ਾਨ ਮਿਲਿਆ ਜਦਕਿ ਉਨ੍ਹਾਂ ਦੀ ਮਾਤਾ ਨੂੰ ਗਲਾ ਘੁੱਟ ਕੇ ਮਾਰ ਦੇਣ ਦਾ ਸ਼ੱਕ ਹੈ। ਇਸ ਅਪਰਾਧਿਕ ਘਟਨਾ ਦਾ ਤੁਰੰਤ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਸੂਬੇ ਦੇ ਪੁਲਿਸ ਮੁਖੀ ਸੁਰੇਸ਼ ਅਰੋੜਾ ਨੂੰ ਇਸ ਕੇਸ ਦੀ ਵਿਸਥਾਰਤ ਪੜਤਾਲ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰਨ ਲਈ ਆਖਿਆ। ਇਸ ਜਾਂਚ ਟੀਮ ਦੀ ਅਗਵਾਈ ਕਰ ਰਹੇ ਆਈ. ਜੀ. (ਅਪਰਾਧ) ਨੂੰ ਜਾਂਚ ਦੌਰਾਨ ਹਰੇਕ ਪਹਿਲੂ ਨੂੰ ਘੋਖਣ ਅਤੇ ਦੋਸ਼ੀਆਂ ਦੀ ਸ਼ਨਾਖਤ ਕਰਕੇ ਛੇਤੀ ਤੋਂ ਛੇਤੀ ਕਾਬੂ ਕਰਨ ਲਈ ਆਖਿਆ। ਇਕ ਸਰਕਾਰੀ ਬੁਲਾਰੇ ਮੁਤਾਬਕ ਮੁੱਖ ਮੰਤਰੀ ਨੇ ਪੁਲਿਸ ਨੂੰ ਇਲਾਕੇ ਵਿੱਚ ਸੁਰੱਖਿਆ ਵਧਾਉਣ ਅਤੇ ਸੂਬੇ ਦੇ ਆਮ ਨਾਗਰਿਕਾਂ ਦੀ ਹਿਫਾਜ਼ਤ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਕਦਮ ਚੁੱਕਣ ਦੇ ਹੁਕਮ ਦਿੱਤੇ। ਮੁੱਖ ਮੰਤਰੀ ਨੇ ਪੰਜਾਬ ਵਿੱਚ ਹਰ ਕੀਮਤ ’ਤੇ ਅਮਨ-ਕਾਨੂੰਨ ਦੀ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ।
ਉਧਰ, ਏਡੀਜੀਪੀ (ਅਪਰਾਧ) ਪ੍ਰਮੋਦ ਕੁਮਾਰ ਬਾਨ ਅਤੇ ਆਈ.ਜੀ (ਅਪਰਾਧ) ਮੈਡਮ ਸ਼ਸ਼ੀ ਪ੍ਰਭਾ ਦੀ ਅਗਵਾਈ ਵਿੱਚ ਪੁਲੀਸ ਟੀਮ ਨੇ ਘਟਨਾ ਸਥਾਨ ਦਾ ਦੌਰਾ ਕਰਕੇ ਦੋਹਰੇ ਕਤਲ ਕਾਂਡ ਦਾ ਜਾਇਜ਼ਾ ਲਿਆ। ਇਸ ਮੌਕੇ ਐਸਐਸਪੀ ਕੁਲਦੀਪ ਸਿੰਘ ਚਾਹਲ, ਐਸਪੀ ਸਿਟੀ ਜਗਜੀਤ ਸਿੰਘ ਜੱਲ੍ਹਾ, ਐਸਪੀ ‘ਡੀ’ ਹਰਬੀਰ ਸਿੰਘ ਅਤੇ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਤਰਲੋਚਨ ਸਿੰਘ ਅਤੇ ਮਟੌਰ ਥਾਣੇ ਦੇ ਐਸਐਚਓ ਜਰਨੈਲ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Crime

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…