nabaz-e-punjab.com

ਪੰਜਾਬ ਵਿੱਚ ਪਸ਼ੂਆਂ ਦੀ ਚੰਗੀ ਨਸਲ ਤਿਆਰ ਕਰਨ ਲਈ ਚਲਾਏ ਜਾਣਗੇ ਵਿਸ਼ੇਸ਼ ਪ੍ਰਾਜੈਕਟ: ਬਲਬੀਰ ਸਿੱਧੂ

ਲਾਈਵ ਸਟਾਕ ਬਰੀਡਿੰਗ ਪਾਲਿਸੀ 2012 ਵਿੱਚ ਕੀਤੀ ਜਾਵੇਗੀ ਨਵੇਂ ਸਿਰਿਓਂ ਸੋਧ
ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਕਿਰਤ ਮੰਤਰੀ ਸਿੱਧੂ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਅਗਾਂਹਵਧੂ ਪਸ਼ੂ ਪਾਲਕਾਂ ਨਾਲ ਕੀਤੀ ਮੀਟਿੰਗ
ਸਾਹੀਵਾਲ ਅਤੇ ਮੋਹਰਾ ਨਸਲ ਦੀ ਸੰਭਾਲ ਲਈ ਅਧਿਕਾਰੀਆਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੁਲਾਈ:
ਪੰਜਾਬ ਦੇ ਕਿਸਾਨਾਂ ਨੂੰ ਕਰਜ਼ੇ ਦੇ ਜਾਲ ’ਚੋਂ ਕੱਢ ਕੇ ਖੁਸ਼ਹਾਲ ਬਣਾਉਣ ਲਈ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਪਸ਼ੂ ਪਾਲਣ ਵਰਗੇ ਸਹਾਇਕ ਧੰਦਿਆਂ ਨਾਲ ਜੋੜਿਆ ਜਾਵੇ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਪਸ਼ੂਆਂ ਦੀ ਚੰਗੀ ਨਸਲ ਤਿਆਰ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤੇ ਪੰਜਾਬ ਵਿੱਚ ਹੀ ਚੰਗੇ ਸੀਮਨ ਦੀ ਉਪਲੱਭਧਤਾ ਯਕੀਨੀ ਬਣਾਈ ਜਾਵੇਗੀ ਤਾਂ ਜੋ ਪਸ਼ੂਆਂ ਦੀ ਚੰਗੀਆਂ ਨਸਲਾਂ ਤਿਆਰ ਕਰਨ ਵਾਸਤੇ ਸੀਮਨ ਬਾਹਰੋਂ ਨਾ ਮੰਗਵਾਉਣਾ ਪਵੇ। ਇਸੇ ਤਹਿਤ ਲਾਇਵਸਟਾਕ ਬਰੀਡਿੰਗ ਪਾਲਿਸੀ 2012 ਵਿੱਚ ਪਸ਼ੂ ਪਾਲਕਾਂ ਦੀ ਸਲਾਹ ਨਾਲ ਲੋੜੀਂਦੀ ਸੋਧ ਵੀ ਕੀਤੀ ਜਾਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਇਥੇ ਸਥਿਤ ਲਾਇਵਸਟਾਕ ਕੰਪਲੈਕਸ ਵਿਖੇ ਪੰਜਾਬ ਦੇ ਅਗਾਂਹ-ਵਧੂ ਡੇਅਰੀ ਫਾਰਮਰਾਂ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕੀਤਾ। ਉਹਨਾਂ ਨੇ ਇਸ ਮੌਕੇ ਪੰਜਾਬ ਬੋਵਾਈਨ ਬਰੀਡਿੰਗ ਐਕਟ, 2016 ਤਹਿਤ ਬਣਾਈ ਗਈ ਕਮੇਟੀ ਦੀ ਪਲੇਠੀ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ।
ਮੀਟਿੰਗ ਦੌਰਾਨ ਸ੍ਰੀ ਸਿੱਧੂ ਨੇ ਕਿਹਾ ਕਿ ਪਸ਼ੂ ਪਾਲਣ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਚੰਗੀ ਨਸਲ ਦੇ ਪਸ਼ੂਆਂ ਦਾ ਹੋਣਾ ਲਾਜ਼ਮੀ ਹੈ ਤੇ ਪੰਜਾਬ ਸਰਕਾਰ ਵੱਲੋਂ ਮੱਝਾਂ ਅਤੇ ਗਾਵਾਂ ਦੀਆਂ ਚੰਗੀਆਂ ਨਸਲਾਂ ਤਿਆਰ ਕਰਨ ਲਈ ਵਿਸ਼ੇਸ਼ ਪ੍ਰੋਜੈਕਟ ਚਲਾਏ ਜਾਣਗੇ। ਇਹਨਾਂ ਤਹਿਤ ਪੰਜਾਬ ਵਿੱਚੋਂ ਚੰਗੀਆਂ ਨਸਲਾਂ ਦੀਆਂ ਮੱਝਾਂ ਅਤੇ ਗਾਵਾਂ ਦੀ ਚੋਣ ਕੀਤੀ ਜਾਵੇਗੀ ਅਤੇ ਉਹਨਾਂ ਦੀ ਲਗਾਤਾਰ ਮੋਨੀਟਰਿੰਗ ਦੌਰਾਨ ਉਹਨਾਂ ਵੱਲੋਂ ਦਿੱਤੇ ਜਾਂਦੇ ਦੁੱਧ, ਬਿਮਾਰੀਆਂ ਤੋਂ ਬਚਾਅ ਆਦਿ ‘ਤੇ ਨਜ਼ਰ ਰੱਖੀ ਜਾਵੇਗੀ ਅਤੇ ਇਹਨਾਂ ਤੋਂ ਪੈਦਾ ਹੋਣ ਵਾਲੇ ਵੱਛਿਆਂ ਅਤੇ ਕੱਟਿਆਂ ਦੀ ਸਰਕਾਰ ਵੱਲੋਂ ਸੰਭਾਲ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਪਸ਼ੂ ਪਾਲਕਾਂ ਨੂੰ ਵੱਛਿਆਂ ਅਤੇ ਕੱਟਿਆਂ ਨੂੰ ਪਾਲਣ ਲਈ ਖਰਚਾ ਦਿੱਤਾ ਜਾਵੇਗਾ ਅਤੇ ਬਾਅਦ ਵਿੱਚ ਚੰਗੀ ਨਸਲ ਤਿਆਰ ਕਰਨ ਦੇ ਟੀਚੇ ਨਾਲ ਸਰਕਾਰ ਇਹਨਾਂ ਨੂੰ ਕਿਸਾਨਾਂ ਤੋਂ ਖਰੀਦੇਗੀ।
ਸ੍ਰੀ ਸਿੱਧੂ ਨੇ ਕਿਹਾ ਕਿ ਇਸ ਸਬੰਧੀ ਇਕ ਵਿਸ਼ੇਸ਼ ਖੁਰਾਕ ਚਾਰਟ ਵੀ ਤਿਆਰ ਕਰਕੇ ਦਿੱਤਾ ਜਾਵੇਗਾ ਤੇ ਸਰਕਾਰ ਉਸੇ ਪਸ਼ੂ ਪਾਲਕ ਦੇ ਵੱਛੇ ਜਾਂ ਕੱਟੇ ਨੂੰ ਖਰੀਦੇਗੀ ਜਿਹੜਾ ਉਸ ਖੁਰਾਕ ਚਾਰਟ ਦੀ ਪੂਰਨ ਰੂਪ ਵਿੱਚ ਪਾਲਣਾ ਕਰੇਗਾ। ਉਹਨਾਂ ਕਿਹਾ ਕਿ ਇਸ ਨਾਲ ਜਿਥੇ ਦੁਧਾਰੂ ਪਸ਼ੂਆਂ ਦੀ ਚੰਗੀ ਨਸਲ ਤਿਆਰ ਕਰਨ ਵਿੱਚ ਸਹਾਇਤਾ ਮਿਲੇਗੀ, ਉਥੇ ਪਸ਼ੂ ਪਾਲਕ ਵੀ ਮੁਕਾਬਲੇ ਦੀ ਭਾਵਨਾ ਨਾਲ ਨਸਲ ਸੁਧਾਰ ਵੱਲ ਵਿਸ਼ੇਸ਼ ਧਿਆਨ ਦੇਣਗੇ। ਉਹਨਾਂ ਦੱਸਿਆ ਕਿ ਮੋਨੀਟਰਿੰਗ ਲਈ ਸਬੰਧਤ ਵਿਭਾਗਾਂ ਦੀਆਂ ਵਿਸ਼ੇਸ਼ ਟੀਮਾਂ ਬਣਾਈਆਂ ਜਾਣਗੀਆਂ, ਜਿਹਨਾਂ ਵਿੱਚ ਵੈਟਰਨਰੀ ਨਾਲ ਸਬੰਧਤ ਵਿਦਿਆਰਥੀਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਜਿਹਾ ਕਰਨ ਨਾਲ ਪੰਜਾਬ ਦੀ ਬਾਹਰੋਂ ਮੰਗਵਾਏ ਜਾਂਦੇ ਸੀਮਨ ਉੱਤੇ ਨਿਰਭਰਤਾ ਘੱਟ ਜਾਵੇਗੀ ਸਗੋਂ ਪੰਜਾਬ ਦੇਸ਼ ਦੇ ਹੋਰਨਾਂ ਸੂਬਿਆਂ ਨੂੰ ਸੀਮਨ ਸਪਲਾਈ ਕਰਨ ਦੇ ਸਮਰੱਥ ਹੋ ਜਾਵੇਗਾ। ਉਹਨਾਂ ਨੇ ਪਸ਼ੂ ਪਾਲਣ ਅਤੇ ਡੇਅਰੀ ਨਾਲ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਉਹ ਪਸ਼ੂਆਂ ਸਬੰਧੀ ਸਾਰਾ ਰਿਕਾਰਡ ਪਹਿਲ ਦੇ ਆਧਾਰ ‘ਤੇ ਮੁਕੰਮਲ ਕਰਨ। ਮੀਟਿੰਗ ਦੌਰਾਨ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (ਪੀ.ਡੀ.ਐਫ.ਏ.) ਨੂੰ ਬੋਵਾਇਨ ਫਰੋਜ਼ਨ ਸੀਮਨ ਦੀ ਦਰਾਮਦ ਵਾਸਤੇ ਐਨ.ਓ.ਸੀ ਜਾਰੀ ਕਰਨ ਸਬੰਧੀ ਕੈਬਨਿਟ ਮੰਤਰੀ ਨੇ ਕਿਹਾ ਕਿ ਪਹਿਲਾਂ ਪੀ.ਡੀ.ਐਫ.ਏ ਵੱਲੋਂ ਬੀਤੇ ਸਮੇਂ ਦੌਰਾਨ ਮੰਗਵਾਏ ਗਏ ਸੀਮਨ ਦੀ ਵਰਤੋਂ ਸਬੰਧੀ ਪੂਰੀ ਰਿਪੋਰਟ ਵਿਭਾਗ ਨੂੰ ਦਿੱਤੀ ਜਾਵੇ। ਉਸ ਤੋਂ ਬਾਅਦ ਹੀ ਐਨ.ਓ.ਸੀ ਜਾਰੀ ਕੀਤੀ ਜਾਵੇਗੀ। ਉਹਨਾਂ ਨੇ ਵਿਭਾਗੀ ਅਧਿਕਾਰੀਆਂ ਅਤੇ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀ ਟੈਗਿੰਗ ਯਕੀਨੀ ਬਣਾਉਣ ਦੇ ਵੀ ਨਿਰਦੇਸ਼ ਦਿੱਤੇ। ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੀ.ਡੀ.ਐਫ.ਏ ਦੇ ਮੁੱਲਾਂਪੁਰ ਸਥਿਤ ਸੀਮਨ ਸਟੋਰ ਦੀ ਨਿਯਮਿਤ ਤੌਰ ‘ਤੇ ਜਾਂਚ ਕੀਤੀ ਜਾਵੇ, ਜਿਸ ਵਿੱਚ ਸਾਰੇ ਰਿਕਾਰਡ ਨੂੰ ਵੀ ਘੋਖਿਆ ਜਾਵੇ। ਇਸ ਤੋਂ ਇਲਾਵਾ ਸੀਮਨ ਹਾਸਲ ਕਰਨ ਵਾਲੇ ਪਸ਼ੂ ਪਾਲਕਾਂ ਤੋਂ ਸੀਮਨ ਸਬੰਧੀ ਵੇਰਵੇ ਵੀ ਇਕੱਤਰ ਕੀਤੇ ਜਾਣ।
ਸ੍ਰੀ ਸਿੱਧੂ ਨੇ ਕਿਹਾ ਕਿ ਇਹ ਗੱਲ ਵੀ ਯਕੀਨੀ ਬਣਾਈ ਜਾਵੇ ਕਿ ਕਿਸੇ ਇਕ ਨਸਲ ਦਾ ਸੀਮਨ ਕਿਸੇ ਦੂਸਰੀ ਨਸਲ ਲਈ ਨਾ ਵਰਤਿਆ ਜਾਵੇ ਅਤੇ ਪਸ਼ੂਆਂ ਦੀ ਨਸਲ ਦੀ ਸੁਚੱਜੀ ਸੰਭਾਲ ਕੀਤੀ ਜਾਵੇ। ਉਹਨਾਂ ਕਿਹਾ ਕਿ ਸਾਹੀਵਾਲ ਅਤੇ ਮੋਹਰਾ ਨਸਲ ਦੀ ਸੰਭਾਲ ਵੱਲ ਉਚੇਚਾ ਧਿਆਨ ਦਿੱਤਾ ਜਾਵੇ। ਉਹਨਾਂ ਹੋਰ ਕਿਹਾ ਕਿ ਬਰੀਡਿੰਗ ਸਬੰਧੀ ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ ਨਿਯਮਾਂ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਜੇਕਰ ਵਿਭਾਗੀ ਅਧਿਕਾਰੀਆਂ ਜਾਂ ਕਰਮਚਾਰੀਆਂ ਵੱਲੋਂ ਆਪਣੀ ਡਿਊਟੀ ਸਬੰਧੀ ਕੋਈ ਕੁਤਾਹੀ ਕੀਤੀ ਗਈ ਤਾਂ ਉਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਪੰਜਾਬ ਦੇ ਸਾਰੇ ਜ਼ਿਲਿਂਆਂ ਵਿੱਚ ਪਸ਼ੂ ਪਾਲਕਾਂ ਨਾਲ ਜ਼ਿਲਂਾ ਪੱਧਰੀ ਮੀਟਿੰਗਾਂ ਵੀ ਕੀਤੀਆਂ ਜਾਣਗੀਆਂ। ਮੀਟਿੰਗ ਵਿੱਚ ਪੁੱਜੇ ਪਸ਼ੂ ਪਾਲਕਾਂ ਨੇ ਉਹਨਾਂ ਦਾ ਪੱਖ ਸੁਣੇ ਜਾਣ ਲਈ ਕੈਬਨਿਟ ਮੰਤਰੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਅਤੇ ਸੂਬੇ ਵਿੱਚ ਪਸ਼ੂ ਪਾਲਣ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ।
ਮੀਟਿੰਗ ਵਿੱਚ ਕੈਬਨਿਟ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਅਮਰਜੀਤ ਸਿੰਘ, ਡੇਅਰੀ ਵਿਭਾਗ ਦੇ ਡਾਇਰੈਕਟਰ ਇੰਦਰਜੀਤ ਸਿੰਘ, ਪਸ਼ੂ ਪਾਲਣ ਵਿਭਾਗ ਦੇ ਜੁਆਇੰਟ ਡਾਇਰੈਕਟਰ ਡਾ. ਗੁਰਦੀਪ ਸਿੰਘ, ਆਈ.ਵੀ.ਆਰ.ਆਈ ਦੇ ਨੁਮਾਇੰਦੇ ਡਾ. ਜੀ.ਕੇ ਗੌੜ, ਗੜਵਾਸੂ ਦੇ ਡਾਇਰੈਕਟਰ (ਰਿਸਰਚ) ਡਾ. ਜੇ.ਪੀ.ਐਸ ਗਿੱਲ, ਪਸ਼ੂ ਪਾਲਣ ਵਿਭਾਗ ਪੰਜਾਬ ਦੇ ਸਲਾਹਕਾਰ ਡਾ. ਵੀ.ਕੇ ਤਨੇਜਾ, ਅਗਾਂਹ ਵਧੂ ਡੇਅਰੀ ਫਾਰਮਰ ਸੁਖਹਰਪ੍ਰੀਤ ਸਿੰਘ, ਬਰਿੰਦਰ ਸਿੰਘ, ਬੂਟਾ ਸਿੰਘ, ਹਰਜਿੰਦਰ ਸਿੰਘ ਅਤੇ ਪੀ.ਡੀ.ਐਫ.ਏ ਦੇ ਨੁਮਾਇੰਦੇ ਤੇ ਅਗਾਂਹ ਵਧੂ ਡੇਅਰੀ ਫਾਰਮਰ ਸੁਖਦੇਵ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵਿਭਾਗ ਦੇ ਅਧਿਕਾਰੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸੀਐਮ ਦੀ ਯੋਗਸ਼ਾਲਾ: ਯੋਗਾ ਕਲਾਸਾਂ ਲੋਕਾਂ ਦੇ ਜੀਵਨ ਨੂੰ ਬਣਾ ਰਹੀਆ ਨੇ ਰੋਗ ਮੁਕਤ

ਸੀਐਮ ਦੀ ਯੋਗਸ਼ਾਲਾ: ਯੋਗਾ ਕਲਾਸਾਂ ਲੋਕਾਂ ਦੇ ਜੀਵਨ ਨੂੰ ਬਣਾ ਰਹੀਆ ਨੇ ਰੋਗ ਮੁਕਤ ਯੋਗਾ ਕਲਾਸਾਂ ਵੱਧ ਭਾਰ, ਪ…