
ਜਨਰੇਸੀਅਨ ਸੇਵੀਅਰ ਐਸੋਸੀਏਸ਼ਨ ਵੱਲੋਂ ਤੰਬਾਕੂ ਅਧਿਐਨ ਦੇ ਅੰਕੜਿਆਂ ਬਾਰੇ ਵਿਸ਼ੇਸ਼ ਰਿਪੋਰਟ ਪੇਸ਼
ਭਾਰਤ ਵਿੱਚ ਤੰਬਾਕੂ ਦੇ ਸੇਵਨ ਨਾਲ ਹਰੇਕ ਸਾਲ ਹੁੰਦੀਆਂ ਨੇ 13 ਮਿਲੀਅਨ ਤੋਂ ਵੱਧ ਮੌਤਾਂ
ਦੇਸ਼ ਨੂੰ ਅੰਦਰੋਂ ਖੋਖਲਾ ਕਰ ਰਹੀਆਂ ਨੇ ਤੰਬਾਕੂ ਕੰਪਨੀਆਂ: ਓਪਿੰਦਰਪ੍ਰੀਤ ਕੌਰ ਗਿੱਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਾਰਚ:
ਭਾਰਤ ਵਿੱਚ ਜ਼ਿਆਦਾਤਰ ਮੌਤਾਂ ਅਤੇ ਬਿਮਾਰੀ ਦਾ ਪ੍ਰਮੁੱਖ ਕਾਰਨ ਤੰਬਾਕੂ ਹੈ ਅਤੇ ਹਰ ਸਾਲ ਟੀਬੀ ਅਤੇ ਕੈਂਸਰ ਨਾਲ ਹੋਣ ਵਾਲੀਆਂ 13 ਮਿਲੀਅਨ ਤੋਂ ਵੱਧ ਮੌਤਾਂ ਕੇਵਲ ਤੰਬਾਕੂ ਦੇ ਸੇਵਨ ਨਾਲ ਹੋ ਰਹੀਆਂ ਹਨ। ਜਿਨ੍ਹਾਂ ਵਿੱਚ ਤੰਬਾਕੂ ਅਤੇ ਕੈਂਸਰ ਤੋਂ ਪੀੜਤ ਮਰੀਜ਼ ਵੀ ਸ਼ਾਮਲ ਹਨ। ਇਸ ਗੱਲ ਦਾ ਖੁਲਾਸਾ ਪਿਛਲੇ ਲੰਮੇ ਸਮੇਂ ਤੋਂ ਤੰਬਾਕੂ ਵਿਰੁੱਧ ਸੰਘਰਸ਼ਸ਼ੀਲ ਸੰਸਥਾ ਜਨਰੇਸੀਅਨ ਸੇਵੀਅਰ ਐਸੋਸੀਏਸ਼ਨ (ਜੀਐਸਏ) ਦੀ ਡਾਇਰੈਕਟਰ ਓਪਿੰਦਰਪ੍ਰੀਤ ਕੌਰ ਗਿੱਲ ਨੇ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪੱਤਰਕਾਰ ਸੰਮੇਲਨ ਦੌਰਾਨ ਤੰਬਾਕੂ ਦੇ ਅੰਕੜਿਆਂ ਬਾਰੇ ਇਕ ਵਿਸ਼ੇਸ਼ ਰਿਪੋਰਟ ਪੇਸ਼ ਕੀਤੀ।
ਉਨ੍ਹਾਂ ਕਿਹਾ ਕਿ ਸਰਕਾਰਾਂ ਦੀਆਂ ਟੈਕਸ ਬਾਰੇ ਕਮਜ਼ੋਰ ਨੀਤੀਆਂ ਕਾਰਨ ਤੰਬਾਕੂ ਸਸਤਾ ਹੋਣ ਕਾਰਨ ਦੇਸ਼ ਵਿੱਚ ਇਸ ਦੀ ਖਪਤ ਲਗਾਤਾਰ ਵਧ ਰਹੀ ਹੈ। ਅਜੋਕੇ ਸਮੇਂ ਵਿੱਚ ਛੋਟੇ ਬੱਚੇ ਅਤੇ ਨੌਜਵਾਨ ਮੁਟਿਆਰਾਂ ਵੀ ਤੰਬਾਕੂ ਦਾ ਸੇਵਨ ਕਰਨ ਦੇ ਆਦੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿੱਚ ਛੋਟੇ ਬੱਚੇ, ਨੌਜਵਾਨ ਅਤੇ ਲੜਕੀਆਂ ਤੰਬਾਕੂ ਦੇ ਸੇਵਨ ਨੂੰ ਆਪਣਾ ਸ਼ੌਕ ਸਮਝਦੇ ਹਨ ਪ੍ਰੰਤੂ ਬਾਅਦ ਇਹ ਉਨ੍ਹਾਂ ਦੀ ਆਦਤ ਬਣ ਜਾਂਦੀ ਹੈ ਅਤੇ ਅੱਜ ਨਤੀਜਾ ਸਭ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਰੀ ਐਕਟ ਇੱਕ ਸੁਤੰਤਰ ਖੋਜ ਕਰਤਾਵਾ ਦਾ ਨੈੱਟਵਰਕ ਹੈ ਜੋ ਅਜਿਹੇ ਸਾਰੇ ਵਿਸ਼ਿਆਂ ਨੂੰ ਉਜਾਗਰ ਕਰਨ ਲਈ ਕੰਮ ਕਰ ਰਿਹਾ ਹੈ। ਜਿਸ ਨੂੰ ਆਮ ਲੋਕਾਂ ਅਤੇ ਨੀਤੀ ਨਿਰਮਾਤਾਵਾਂ ਦੇ ਤੁਰੰਤ ਧਿਆਨ ਦੀ ਲੋੜ ਹੈ। ਖੋਜ ਕਰਤਾਵਾਂ ਨੇ ਭਾਰਤ ਵਿੱਚ ਤੰਬਾਕੂਨੋਸ਼ੀ ਦਾ ਵਪਾਰ ਬਾਰੇ ਇੱਕ ਰਿਪੋਰਟ ਤਿਆਰ ਕੀਤੀ ਹੈ। ਜਿਸ ਦੇ ਅੰਕੜੇ ਹੈਰਾਨ ਕਰਨ ਵਾਲੇ ਹਨ। ਰੀ ਐਕਟ ਨੇ ਜਨਤਕ ਤੌਰ ’ਤੇ ਉਪਲਬਧ ਸਰਕਾਰੀ ਸਰੋਤਾ ਦੀ ਸਮੀਖਿਆ ਕੀਤੀ ਹੈ। ਤੰਬਾਕੂ ਦੇ ਨਾਜਾਇਜ਼ ਕਾਰੋਬਾਰ ਨੂੰ ਠੱਲ੍ਹ ਪਾਉਣ ਲਈ ਸਖ਼ਤੀ ਨਾਲ ਕਾਨੂੰਨ ਲਾਗੂ ਕਰਨ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਜਿਵੇਂ ਸ਼ਰਾਬ ਦੀ ਵਿੱਕਰੀ ਲਈ ਸ਼ਰਾਬ ਦੇ ਠੇਕਿਆਂ ਲਈ ਥਾਂ ਨਿਰਧਾਰਿਤ ਕਰਕੇ ਅਲਾਟ ਕੀਤੀ ਜਾਂਦੀ ਹੈ, ਓਵੇਂ ਤੰਬਾਕੂ ਵੇਚਣ ਲਈ ਲਾਇਸੈਂਸ ਲੈਣਾ ਯਕੀਨੀ ਬਣਾਉਣਾ ਚਾਹੀਦਾ ਹੈ।
ਇਸ ਮੌਕੇ ਬਚਪਨ ਬਚਾਓ ਸੰਸਥਾ ਦੇ ਨੁਮਾਇੰਦੇ ਗਜਿੰਦਰ ਨੌਟਿਆਲ, ਤੰਬਾਕੂ ਵਿਰੁੱਧ ਕੰਮ ਕਰ ਰਹੀ ਸੰਸਥਾ ਸਨੇਹਾ ਦੇ ਸੰਚਾਲਕ ਤੇ ਸੇਵਾਮੁਕਤ ਸਿਵਲ ਸਰਜਨ ਡਾ. ਐਸਪੀ ਸੁਰੀਲਾ, ਜੀਐਸਏ ਦੀ ਮੀਤ ਪ੍ਰਧਾਨ ਸੁਰਜੀਤ ਕੌਰ ਸੈਣੀ, ਸਿਟੀਜ਼ਨ ਅਵੇਅਰਨੈੱਸ ਗਰੁੱਪ ਦੇ ਚੇਅਰਮੈਨ ਸੁਰਿੰਦਰ ਵਰਮਾ ਅਤੇ ਡਾ. ਰਾਕੇਸ਼ ਗੁਪਤਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਬੁਲਾਰਿਆਂ ਨੇ ਕਿਹਾ ਕਿ ਸਰਕਾਰਾਂ ਦੀ ਮਿਲੀਭੁਗਤ ਨਾਲ ਪ੍ਰਮੁੱਖ ਤੰਬਾਕੂ, ਸਿਗਰਟ ਅਤੇ ਪਾਨ ਮਸਾਲਾ ਕੰਪਨੀਆਂ ਜਿੱਥੇ ਟੈਕਸ ਦੀ ਚੋਰੀ ਕਰਕੇ ਸਰਕਾਰੀ ਖਜਾਨੇ ਨੂੰ ਚੂਨਾ ਲਗਾ ਰਹੀਆਂ ਹਨ, ਉੱਥੇ ਦੇਸ਼ ਦਾ ਭਵਿੱਖ ਨੌਜਵਾਨ ਪੀੜ੍ਹੀ ਨੂੰ ਅੰਦਰੋਂ ਅੰਦਰੀਂ ਖੋਖਲਾ ਵੀ ਕਰ ਰਹੀਆਂ ਹਨ। ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਤੰਬਾਕੂ ਉਦਯੋਗ ਟੈਕਸ ਅਦਾ ਨਾ ਕਰਕੇ ਧੜੱਲੇ ਨਾਲ ਆਪਣੇ ਉਤਪਾਦਾਂ ਦੀ ਵਿਕਰੀ ਕਰ ਰਹੇ ਹਨ। ਇਸ ਸਬੰਧੀ ਸੰਸਦ ਵਿੱਚ ਇਕ ਰਾਜ ਮੰਤਰੀ ਨੇ ਆਪਣੇ ਜਵਾਬ ਵਿੱਚ ਕਿਹਾ ਕਿ ਐਕਸਾਈਜ਼ ਅਤੇ ਕਸਟਮ ਡਿਊਟੀ ਵਿੱਚ 100 ਕਰੋੜ ਤੋਂ ਵੱਧ ਚੋਰੀ ਕਰਨ ਦੇ ਕੁੱਲ 189 ਮਾਮਲੇ ਸਾਹਮਣੇ ਆਏ ਹਨ।