ਮੁਹਾਲੀ ਜ਼ਿਲ੍ਹੇ ਵਿੱਚ ਫੋਟੋ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦਾ ਕੰਮ ਸ਼ੁਰੂ

ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਕੀਤੀ ਮੀਟਿੰਗ, ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾਂ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਨਵੰਬਰ:
ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਸਮਾਂ ਸਾਰਣੀ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਨੇ ਉਮਰ ਯੋਗਤਾ 1 ਜਨਵਰੀ 2021 ਦੇ ਆਧਾਰ ’ਤੇ ਫੋਟੋ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਵੋਟਾਂ ਦੀ ਸੁਧਾਈ ਇਹ ਕਾਰਜ 15 ਦਸੰਬਰ ਤੱਕ ਜਾਰੀ ਰਹੇਗਾ। ਇਹ ਪ੍ਰਗਟਾਵਾ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਦਿਪਾਂਕਰ ਗਰਗ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਮੀਟਿੰਗ ਦੌਰਾਨ 1 ਜਨਵਰੀ 2021 ਦੇ ਆਧਾਰ ’ਤੇ ਤਿਆਰ ਕੀਤੀ ਗਈ ਫੋਟੋ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾਂ ਵੀ ਜਾਰੀ ਕੀਤੀ ਗਈ ਅਤੇ ਇਸ ਦਾ 1-1 ਸੈੱਟ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਦਿੱਤਾ ਗਿਆ।
ਸ੍ਰੀ ਦਿਪਾਂਕਰ ਗਰਗ ਨੇ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੋਟਰ ਸੂਚੀ ਦੇ ਸੈੱਟ ਅਤੇ ਬਿਨਾਂ ਫੋਟੋ ਵੋਟਰ ਸੂਚੀ ਦੀ ਸੀਡੀ ਸੌਂਪੀ ਅਤੇ ਵੋਟਰ ਸੂਚੀ ਵਿੱਚ ਸੁਧਾਈ ਦੇ ਪ੍ਰੋਗਰਾਮ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਡਰਾਫ਼ਟ ਸੂਚੀ ਸਬੰਧੀ ਅੱਜ ਤੋਂ 15 ਦਸੰਬਰ ਤੱਕ ਦਾਅਵੇ, ਇਤਰਾਜ਼ ਪ੍ਰਾਪਤ ਕੀਤੇ ਜਾਣੇ ਹਨ। ਜਿਨ੍ਹਾਂ ਵਿਅਕਤੀਆਂ ਦੀ ਉਮਰ 1 ਜਨਵਰੀ 2021 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋਵੇ, ਉਹ ਆਪਣਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਵਾਉਣ ਲਈ ਫਾਰਮ ਨੰਬਰ 6 ਭਰ ਕੇ ਦੇ ਸਕਦੇ ਹਨ, ਵੋਟਰ ਸੂਚੀ ਵਿੱਚ ਸ਼ਾਮਲ ਨਾਮ ’ਤੇ ਇਤਰਾਜ਼ ਕਰਨ ਜਾਂ ਵੋਟ ਕਟਵਾਉਣ ਲਈ ਫਾਰਮ ਨੰਬਰ 7, ਵੋਟਰ ਸੂਚੀ ਵਿੱਚ ਪਹਿਲੇ ਤੋਂ ਦਰਜ ਕਿਸੇ ਇੰਦਰਾਜ ਵਿੱਚ ਕਿਸੇ ਕਿਸਮ ਦੀ ਦਰੁਸਤੀ ਲਈ ਫਾਰਮ ਨੰਬਰ 8, ਵੋਟਰ ਵੱਲੋਂ ਸਬੰਧਤ ਹਲਕੇ ਵਿੱਚ (ਜਿਸ ਚੋਣ ਹਲਕੇ ਵਿੱਚ ਉਹ ਪਹਿਲਾਂ ਵੋਟਰ ਦੇ ਤੌਰ ’ਤੇ ਰਜਿਸਟਰ ਹੈ) ਵਿੱਚ ਆਪਣੀ ਰਿਹਾਇਸ਼ ਬਦਲਣ ਦੀ ਸੂਰਤ ਵਿੱਚ ਵੋਟ ਤਬਦੀਲ ਕਰਨ ਲਈ ਫਾਰਮ ਨੰਬਰ 8 ੳ ਭਰਿਆ ਜਾਵੇਗਾ। ਇਸ ਤੋਂ ਇਲਾਵਾ 21, 22 ਨਵੰਬਰ ਅਤੇ 5, 6 ਦਸੰਬਰ ਨੂੰ ਬੂਥ ਲੈਵਲ ਅਫ਼ਸਰਾਂ ਵੱਲੋਂ ਆਪਣੇ ਪੋਲਿੰਗ ਬੂਥਾਂ ’ਤੇ ਹਾਜ਼ਰ ਰਹਿ ਕੇ ਦਾਅਵੇ, ਇਤਰਾਜ਼ ਪ੍ਰਾਪਤ ਕੀਤੇ ਜਾਣਗੇ।
ਸ੍ਰੀ ਦਿਪਾਂਕਰ ਗਰਗ ਨੇ ਕਿਹਾ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੌਰਾਨ ਮੁੱਖ ਤੌਰ ’ਤੇ ਟਰਾਂਸਜੈਂਡਰ, ਮਾਈਗਰਾਂਟ ਵਰਕਰ, ਪੀ.ਡਬਲਿਊ.ਡੀ., ਐਨਆਰਆਈ ਅਤੇ ਨਵੇਂ ਵੋਟਰ (ਜਿਨ੍ਹਾਂ ਦੀ ਉਮਰ 18 ਤੋਂ 19 ਸਾਲ) ਦੀ ਇਨਰੋਲਮੈਂਟ ’ਤੇ ਧਿਆਨ ਕੇਂਦਰਿਤ ਕੀਤਾ ਜਾਣਾ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ-19 ਦੇ ਚੱਲਦਿਆਂ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹੋਏ ਆਪਣੀ ਵੋਟ ਬਣਾਉਣ ਲਈ www.NVSP.in ਅਤੇ Voterhelpline 1pp ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਅਤੇ ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1950 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਆਮ ਆਦਮੀ ਪਾਰਟੀ (ਆਪ) ਦੇ ਆਗੂ ਮੇਜਰ ਸਿੰਘ, ਕਾਂਗਰਸ ਆਗੂ ਅਜੈਬ ਸਿੰਘ ਬਾਕਰਪੁਰ, ਬਸਪਾ ਆਗੂ ਸੁਖਦੇਵ ਸਿੰਘ ਚੱਪੜਚਿੜੀ, ਭਾਜਪਾ ਆਗੂ ਜੋਗਿੰਦਰ ਸਿੰਘ, ਅਕਾਲੀ ਆਗੂ ਹਰਸੰਗਤ ਸਿੰਘ ਸੋਹਾਣਾ, ਤਹਿਸੀਲਦਾਰ (ਚੋਣਾਂ) ਸੰਜੇ ਕੁਮਾਰ ਅਤੇ ਜਗਤਾਰ ਸਿੰਘ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…