nabaz-e-punjab.com

ਜ਼ਿਲ੍ਹਾ ਸਿਹਤ ਵਿਭਾਗ ਦੀ ਵਿਸ਼ੇਸ਼ ਟੀਮ ਨੇ ਸ਼ਾਮਾਂ ਢਾਬੇ ਦੀ ਕੀਤੀ ਅਚਨਚੇਤ ਚੈਕਿੰਗ

ਰੋਟੀਆਂ ਨੂੰ ਥੁੱਕ ਲਗਾਉਣ ਵਾਲੀ ਗੱਲ ਪਹਿਲੀ ਨਜ਼ਰੇ ਝੂਠ ਜਾਪੀ: ਜ਼ਿਲ੍ਹਾ ਸਿਹਤ ਅਧਿਕਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜਨਵਰੀ:
ਇੱਥੋਂ ਨਜ਼ਦੀਕੀ ਪਿੰਡ ਲਖਨੌਰ ਸਥਿਤ ਸ਼ਾਮਾਂ ਢਾਬੇ ਦੇ ਤੰਦੂਰੀਏ ਵੱਲੋਂ ਕਥਿਤ ਤੌਰ ’ਤੇ ਰੋਟੀਆਂ ਨੂੰ ਥੁੱਕ ਲਗਾਉਣ ਦੀ ਵੀਡੀਓ ਦੇਖਣ ਤੋਂ ਬਾਅਦ ਜ਼ਿਲ੍ਹਾ ਸਿਹਤ ਵਿਭਾਗ ਨੇ ਸਚਾਈ ਜਾਣਨ ਲਈ ਉਕਤ ਦੁਕਾਨ ਵਿੱਚ ਜਾ ਕੇ ਅਚਨਚੇਤ ਜਾਂਚ-ਪੜਤਾਲ ਕੀਤੀ। ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸੁਭਾਸ਼ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀਂ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਇਰਲ ਹੋਈ ਸੀ, ਜਿਸ ਵਿੱਚ ਸ਼ਾਮਾਂ ਢਾਬੇ ਦਾ ਤੰਦੂਰੀਆ ਤੰਦੂਰ ਵਿੱਚ ਰੋਟੀਆਂ ਲਗਾਉਣ ਤੋਂ ਪਹਿਲਾਂ ਉਨ੍ਹਾਂ ’ਤੇ ਕਥਿਤ ਤੌਰ ’ਤੇ ਥੁੱਕ ਸੁੱਟਦਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵੀਡੀਓ ਦਾ ਗੰਭੀਰ ਨੋਟਿਸ ਲੈ ਕੇ ਅੱਜ ਫੂਡ ਸੇਫ਼ਟੀ ਅਫ਼ਸਰ ਰਵੀਨੰਦਨ ਕੁਮਾਰ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਬਣਾਈ ਗਈ। ਇਸ ਟੀਮ ਨੇ ਸ਼ਾਮਾਂ ਢਾਬੇ ’ਤੇ ਪਹੁੰਚ ਕੇ ਢਾਬੇ ਦੇ ਮਾਲਕ ਅਤੇ ਉੱਥੇ ਮੌਜੂਦ ਗਾਹਕਾਂ ਨਾਲ ਸਿੱਧੀ ਗੱਲਬਾਤ ਕੀਤੀ।
ਢਾਬੇ ਦੇ ਮਾਲਕ ਨੇ ਜਾਂਚ ਟੀਮ ਨੂੰ ਦੱਸਿਆ ਕਿ ਸਬੰਧਤ ਤੰਦੂਰੀਏ ਨੂੰ ਕੋਈ ਸਰੀਰਕ ਬੀਮਾਰੀ ਹੈ, ਜਿਸ ਕਾਰਨ ਉਹ ਗਰਦਨ ਹਿਲਾਉਂਦਾ ਹੈ ਜਦੋਂਕਿ ਰੋਟੀਆਂ ਉੱਤੇ ਥੁੱਕ ਲਗਾਉਣ ਵਾਲੀ ਗੱਲ ਬਿਲਕੁਲ ਝੂਠ ਅਤੇ ਬੇਬੁਨਿਆਦ ਹੈ। ਉਸ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਇੱਥੇ ਕੰਮ ਕਰ ਰਹੇ ਹਨ ਪਰ ਅੱਜ ਤੱਕ ਕਿਸੇ ਵੀ ਗਾਹਕ ਨੇ ਅਜਿਹੀ ਸ਼ਿਕਾਇਤ ਨਹੀਂ ਕੀਤੀ। ਟੀਮ ਨੇ ਆਪਣੇ ਤੌਰ ’ਤੇ ਉੱਥੇ ਮੌਜੂਦ ਗਾਹਕਾਂ ਦਾ ਪੱਖ ਜਾਣਿਆਂ ਜਿਨ੍ਹਾਂ ਥੁੱਕ ਲਾਉਣ ਵਾਲੀ ਗੱਲ ਨੂੰ ਮੁੱਢੋਂ ਝੂਠ ਕਰਾਰ ਦਿੱਤਾ।
ਡਾ. ਸੁਭਾਸ਼ ਕੁਮਾਰ ਨੇ ਦੱਸਿਆ ਕਿ ਉਕਤ ਤੰਦਰੂੀਆ ਮੌਕੇ ’ਤੇ ਢਾਬੇ ਵਿੱਚ ਮੌਜੂਦ ਨਹੀਂ ਸੀ ਪਰ ਢਾਬੇ ਦੇ ਮਾਲਕ ਨੇ ਪੂਰੀ ਜ਼ਿੰਮੇਵਾਰੀ ਨਾਲ ਥੁੱਕ ਲਾਉਣ ਵਾਲੀ ਗੱਲ ਤੋਂ ਇਨਕਾਰ ਕੀਤਾ ਹੈ। ਉਂਜ ਸਿਹਤ ਵਿਭਾਗ ਦੀ ਟੀਮ ਨੇ ਢਾਬੇ ਵਿੱਚ ਸਫ਼ਾਈ ਨਾ ਹੋਣ ਦਾ ਚਲਾਨ ਜ਼ਰੂਰ ਕੱਟਿਆ ਅਤੇ ਮਾਲਕ ਨੂੰ ਸਫ਼ਾਈ ਰੱਖਣ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ। ਅਧਿਕਾਰੀ ਮੁਤਾਬਕ ਮਾਲਕ ਨੇ ਕਿਹਾ ਕਿ ਕਿਸੇ ਵਿਅਕਤੀ ਨੇ ਸਾਜ਼ਿਸ਼ ਤਹਿਤ ਉਨ੍ਹਾਂ ਦੇ ਢਾਬੇ ਦੀ ਵੀਡੀਓ ਬਣਾਈ ਹੈ। ਉਨ੍ਹਾਂ ਕਿਹਾ ਕਿ ਫੂਡ ਸੇਫ਼ਟੀ ਟੀਮ ਦੁਬਾਰਾ ਉਕਤ ਢਾਬੇ ’ਤੇ ਜਾ ਕੇ ਤੰਦੂਰੀਏ ਨਾਲ ਗੱਲਬਾਤ ਕਰੇਗੀ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …