Nabaz-e-punjab.com

ਮੁਹਾਲੀ ਤੋਂ ਵਿਸ਼ੇਸ਼ ਰੇਲਗੱਡੀ ਰਾਹੀਂ ਯੂਪੀ ਦੇ ਹਰਦੋਈ ਲਈ ਰਵਾਨਾ ਹੋਏ 1288 ਪ੍ਰਵਾਸੀ ਮਜ਼ਦੂਰ

ਲੰਘੀ ਰਾਤ ਹੀ ਮੁਹਾਲੀ ਪਹੁੰਚ ਗਈ ਸੀ ਵਿਸ਼ੇਸ਼ ਰੇਲਗੱਡੀ, ਸਾਰਿਆਂ ਦੀ ਮੈਡੀਕਲ ਜਾਂਚ ਕੀਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਮਈ:
ਉੱਤਰ ਪ੍ਰਦੇਸ਼ ਦੇ ਪ੍ਰਵਾਸੀ ਮਜ਼ਦੂਰਾਂ ਵਾਲੀ ਪਹਿਲੀ ਵਿਸ਼ੇਸ਼ ਰੇਲ ਗੱਡੀ ਅੱਜ ਮੁਹਾਲੀ ਰੇਲਵੇ ਸਟੇਸ਼ਨ ਤੋਂ ਹਰਦੋਈ ਲਈ ਰਵਾਨਾ ਹੋਈ। ਯੂਪੀ ਦੇ ਹਰਦੋਈ ਜ਼ਿਲ੍ਹੇ ਨਾਲ ਸਬੰਧਤ 1288 ਵਿਅਕਤੀ ਮੁਹਾਲੀ ਵਿੱਚ ਕੰਮ ਕਰਨ ਲਈ ਆਏ ਹੋਏ ਸਨ ਅਤੇ ਕਰੋਨਾਵਾਇਰਸ ਦੇ ਚੱਲਦਿਆਂ ਕਰਫਿਊ ਲੱਗਣ ਕਾਰਨ ਖ਼ੁਦ ਨੂੰ ਇੱਥੇ ਫਸ ਹੋਏ ਮਹਿਸੂਸ ਕਰ ਰਹੇ ਸੀ। 24 ਕੋਚਾਂ ਵਾਲੀ ਰੇਲਗੱਡੀ ਵੀਰਵਾਰ ਨੂੰ ਸਵੇਰੇ 10 ਵਜੇ ਮੁਹਾਲੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ। ਜਿਸ ਨੂੰ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਏਡੀਸੀ ਸ੍ਰੀਮਤੀ ਆਸ਼ਿਕਾ ਜੈਨ, ਐਸਡੀਐਮ ਜਗਦੀਪ ਸਹਿਗਲ ਅਤੇ ਹਿਮਾਸ਼ੂ ਜੈਨ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਡੀਸੀ ਨੇ ਦੱਸਿਆ ਕਿ ਇਹ ਰੇਲਗੱਡੀ ਰਸਤੇ ਵਿੱਚ ਕਿਸੇ ਸਟੇਸ਼ਨ ’ਤੇ ਨਹੀਂ ਰੁਕੇਗੀ ਅਤੇ ਸਿੱਧਾ ਹਰਦੋਈ ਸਟੇਸ਼ਨ ’ਤੇ ਜਾ ਕੇ ਰੁਕੇਗੀ। ਇਸ ਤੋਂ ਪਹਿਲਾਂ ਰੇਲਵੇ ਸਟੇਸ਼ਨ ’ਤੇ ਤਾਇਨਾਤ ਸਟਾਫ਼ ਨੇ ਇਹ ਯਕੀਨੀ ਬਣਾਇਆ ਕਿ ਕਰਮਚਾਰੀ ਰੇਲਗੱਡੀ ’ਤੇ ਚੜ੍ਹਦਿਆਂ ਸਮਾਜਿਕ ਦੂਰੀਆਂ ਦੀ ਪਾਲਣਾ ਕਰਨ। ਪ੍ਰਸ਼ਾਸਨ ਨੇ ਸਾਰੇ ਯਾਤਰੀਆਂ ਲਈ ਪੀਣ ਵਾਲੇ ਪਾਣੀ ਅਤੇ ਭੋਜਨ ਨੂੰ ਯਕੀਨੀ ਬਣਾਇਆ। ਉਨ੍ਹਾਂ ਦੱਸਿਆ ਕਿ ਰੇਲ ਗੱਡੀ ਵਿੱਚ ਚੜ੍ਹਨ ਤੋਂ ਪਹਿਲਾਂ ਮਜ਼ਦੂਰਾਂ ਦੀ ਨਿਰਧਾਰਿਤ ਕੁਲੈਕਸ਼ਨ ਸੈਂਟਰਾਂ ਵਿੱਚ ਚੰਗੀ ਤਰ੍ਹਾਂ ਮੈਡੀਕਲ ਜਾਂਚ ਕੀਤੀ ਗਈ। ਉਨ੍ਹਾਂ ਨੂੰ ਅੱਠ ਕੁਲੈਕਸਨ ਸੈਂਟਰਾਂ ਤੋਂ ਰੇਲਵੇ ਸਟੇਸ਼ਨ ਤੱਕ ਬੱਸਾਂ ਰਾਹੀਂ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਸਰਕਾਰੀ ਪੋਰਟਲ ’ਤੇ ਰਜਿਸਟਰ ਕਰਵਾਉਣ ਵਾਲਿਆਂ ਨਾਲੋਂ 35 ਫੀਸਦੀ ਘੱਟ ਰਵਾਨਾ ਹੋਏ। ਉਨ੍ਹਾਂ ਇਕ ਦਿਨ ਪਹਿਲਾਂ 1188 ਵਿਅਕਤੀਆਂ ਨਾਲ ਸੰਪਰਕ ਕੀਤਾ ਗਿਆ ਸੀ ਪਰ 25 ਫੀਸਦੀ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਜਦਕਿ 10 ਫੀਸਦੀ ਪੁਸਟੀ ਹੋਣ ਦੇ ਬਾਅਦ ਵੀ ਰੇਲਵੇ ਸਟੇਸ਼ਨ ’ਤੇ ਨਹੀਂ ਗਏ। ਇਸ ਲਈ, ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰਾਖਵੀਂ/ਉਡੀਕ ਸੂਚੀ ਵਿੱਚ ਸ਼ਾਮਲ ਕੀਤਾ ਅਤੇ ਉਨ੍ਹਾਂ ਨੂੰ ਜਾਣ ਦੀ ਸਹੂਲਤ ਦਿੱਤੀ। ਇਹ ਵੀ ਪਤਾ ਲੱਗਾ ਹੈ ਕਿ ਇਹ ਗੱਡੀ ਬੀਤੀ ਰਾਤ ਹੀ ਮੁਹਾਲੀ ਰੇਲਵੇ ਸਟੇਸ਼ਨ ’ਤੇ ਪਹੁੰਚ ਗਈ ਸੀ ਅਤੇ ਜਿਹੜੇ ਪ੍ਰਵਾਸੀ ਦੇਰ ਸ਼ਾਮ ਅਤੇ ਰਾਤ ਨੂੰ ਰੇਲਵੇ ਸਟੇਸ਼ਨ ’ਤੇ ਪਹੁੰਚ ਗਏ ਸੀ, ਉਨ੍ਹਾਂ ਨੂੰ ਰਾਤ ਹੀ ਗੱਡੀ ਵਿੱਚ ਬਿਠਾ ਦਿੱਤਾ ਸੀ ਅਤੇ ਗੱਡੀ ਵਿੱਚ ਹੀ ਖਾਣਾ ਪਰੋਸਿਆ ਗਿਆ।
ਸ੍ਰੀ ਦਿਆਲਨ ਨੇ ਕਿਹਾ ਕਿ ਇਹ ਇਕ ਚੰਗਾ ਸਗਨ ਹੈ। ਲੋਕਾਂ ਦਾ ਵਾਪਸ ਜਾਣ ਤੋਂ ਇਨਕਾਰ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ ਅਸੀਂ ਆਮ ਹਾਲਾਤ ਵੱਲ ਵਧ ਰਹੇ ਹਾਂ; ਸਖ਼ਤ ਨਿਰਮਾਣ ਕਾਰਜਾਂ ਅਤੇ ਉਦਯੋਗਿਕ ਕਾਰਜਾਂ ਨੂੰ ਦੁਬਾਰਾ ਸ਼ੁਰੂ ਕਰਨ ਦੀ ਆਗਿਆ ਨੇ ਕਮਾਈ ਦਾ ਮੌਕਾ ਗੁਆਉਣ ਦੇ ਖ਼ਤਰੇ ਨੂੰ ਘਟਾ ਦਿੱਤਾ ਹੈ ਅਤੇ ਵੱਡੇ ਪੱਧਰ ’ਤੇ ਵਾਪਸੀ ਨੂੰ ਰੋਕਿਆ ਜਾਵੇਗਾ। ਉਨ੍ਹਾਂ ਪ੍ਰਵਾਸੀਆਂ ਨੂੰ ਅਪੀਲ ਕੀਤੀ ਕਿ ਜਦੋਂ ਤੋਂ ਸਧਾਰਨਤਾ ਹੌਲੀ-ਹੌਲੀ ਬਹਾਲ ਹੋ ਰਹੀ ਹੈ, ਗੰਭੀਰ ਪ੍ਰੇਸ਼ਾਨੀ ਤੋਂ ਸਿਵਾਏ ਕੋਈ ਵੀ ਪ੍ਰਵਾਸੀ, ਜੋ ਵਾਪਸ ਨਹੀਂ ਜਾਣਾ ਚਾਹੁੰਦਾ, ਨੂੰ ਜ਼ਿਲ੍ਹੇ ਵਿੱਚ ਵਾਪਸ ਰਹਿਣ ਦਾ ਸਵਾਗਤ ਹੈ। ਉਨ੍ਹਾਂ ਕਿਹਾ ਕਿ ਪੋਰਟਲ ’ਤੇ ਰਜਿਸਟੇ੍ਰਸ਼ਨ ਦਾ ਅਰਥ ਇਹ ਨਹੀਂ ਹੈ ਕਿ ਉਨ੍ਹਾਂ ਨੂੰ ਲਾਜ਼ਮੀ ਤੌਰ ‘ਤੇ ਪੰਜਾਬ ਛੱਡਣਾ ਪਏਗਾ। ਉਹ ਹਮੇਸ਼ਾ ਇੱਥੇ ਰਹਿਣਾ ਅਤੇ ਕੰਮ ਕਰਨਾ ਚੁਣ ਸਕਦੇ ਹਨ। ਘਰਾਂ ਨੂੰ ਪਰਤ ਰਹੇ ਪ੍ਰਵਾਸੀਆਂ ਨੇ ਰੇਲਗੱਡੀ ਦਾ ਪ੍ਰਬੰਧ ਕਰਨ ਅਤੇ ਭੋਜਨ ਤੇ ਪਾਣੀ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…