ਫ਼ਸਲਾਂ ’ਤੇ ਕੀੜਿਆਂ ਦੀ ਮਾਰ ਅਤੇ ਹੋਰ ਬਿਮਾਰੀਆਂ ਦੀ ਰੋਕਥਾਮ ਲਈ ਵਿਸ਼ੇਸ਼ ਟਰੇਨਿੰਗ ਪ੍ਰੋਗਰਾਮ
ਨਬਜ਼-ਏ-ਪੰਜਾਬ, ਮੁਹਾਲੀ, 4 ਦਸੰਬਰ:
ਮੁੱਖ ਖੇਤੀਬਾੜੀ ਅਫ਼ਸਰ ਮੁਹਾਲੀ ਡਾ. ਗੁਰਮੇਲ ਸਿੰਘ ਦੀ ਅਗਵਾਈ ਹੇਠ ਅੱਜ ਵੱਖ-ਵੱਖ ਫ਼ਸਲਾਂ ਉੱਤੇ ਹਮਲਾ ਕਰਨ ਵਾਲੇ ਕੀੜਿਆਂ ਅਤੇ ਹੋਰ ਬਿਮਾਰੀਆਂ ਦੀ ਸੁਚੱਜੀ ਰੋਕਥਾਮ ਲਈ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੇ ਵਟਸਅੱਪ ਐਪ ਨੈਸ਼ਨਲ ਸਟ ਸਰਵੇਲੈਂਸ ਸਿਸਟਮ (ਐਨਪੀਐਸਐਸ) ਸਬੰਧੀ ਮੁਹਾਲੀ ਜ਼ਿਲ੍ਹੇ ਦੇ ਅਗਾਹਵਧੂ ਕਿਸਾਨਾਂ ਅਤੇ ਵਿਭਾਗੀ ਅਧਿਕਾਰੀਆਂ/ਕਰਮਚਾਰੀਆਂ ਦੀ ਹਾਜਰੀ ਵਿੱਚ ਟਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ। ਸੈਂਟਰਲ ਇੰਟਾਗਰੇਟਿਡ ਪੈਸਟ ਮੈਨੇਜਮੈਂਟ ਸੈਂਟਰ ਜਲੰਧਰ ਦੇ ਪਲਾਂਟ ਪ੍ਰੋਟੈਕਸ਼ਨ ਅਫ਼ਸਰ ਚੇਤਨ ਅਤੇ ਚੰਦਰ ਭਾਨ ਸਮੇਤ ਹੋਰਨਾਂ ਮਾਹਰਾਂ ਨੇ ਐਪ ਦੀ ਵਰਤੋਂ ਸਬੰਧੀ ਜਾਣਕਾਰੀ ਸਾਂਝੀ ਕੀਤੀ।
ਬੁਲਾਰਿਆਂ ਨੇ ਦੱਸਿਆ ਕਿ ਇਸ ਐਪ ਦੀ ਵਰਤੋਂ ਨਾਲ ਕਿਸਾਨ ਫ਼ਸਲਾਂ ’ਤੇ ਕੀੜਿਆਂ ਅਤੇ ਹੋਰ ਬਿਮਾਰੀਆਂ ਦੀ ਆਪਣੇ ਮੋਬਾਈਲ ਰਾਹੀਂ ਫੋਟੋ ਲੈ ਕੇ ਪਛਾਣ ਅਤੇ ਰੋਕਥਾਮ ਕਰ ਸਕਦੇ ਹਨ। ਉਨ੍ਹਾਂ ਨੇ ਕਣਕ ਦੀ ਫ਼ਸਲ ’ਤੇ ਗੁਲਾਬੀ ਸੁੰਡੀ ਦੇ ਹਮਲੇ ਬਾਰੇ ਵੀ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਗੁਲਾਬੀ ਸੁੰਡੀ ਦਾ ਹਮਲਾ ਮਾਨਸਾ, ਫਿਰੋਜ਼ਪੁਰ, ਮੋਗਾ ਅਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਵਧੇਰੇ ਦੇਖਣ ਨੂੰ ਮਿਲਿਆ ਹੈ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਵੱਖ-ਵੱਖ ਫ਼ਸਲਾਂ ’ਤੇ ਬੀਮਾਰੀਆਂ ਦੀ ਮਾਰ ਤੋਂ ਬਚਨ ਅਤੇ ਕੀੜਿਆਂ ਦੀ ਸਮੇਂ ਸਿਰ ਸੁਚੱਜੀ ਰੋਕਥਾਮ ਲਈ ਇਸ ਐਪ ਦੀ ਵੱਧ ਵੱਧ ਵਰਤੋਂ ਕਰਨ ਲਈ ਅਪੀਲ ਕੀਤੀ। ਇਸ ਮੌਕੇ ਖੇਤੀਬਾੜੀ ਅਫ਼ਸਰ ਡਾ. ਸੰਦੀਪ ਬਹਿਲ, ਏਡੀਏ ਡਾ. ਗੁਰਦਿਆਲ ਕੁਮਾਰ, ਡਾ. ਦਾਨਿਸ਼ ਕੁਮਾਰ, ਡਾ. ਮਨਦੀਪ ਕੌਰ, ਡਾ. ਜਸਵਿੰਦਰ ਸਿੰਘ, ਸੁੱਚਾ ਸਿੰਘ, ਰੁਪਿੰਦਰ ਕੌਰ, ਅੰਮ੍ਰਿਤਪਾਲ ਸਿੰਘ, ਜਗਦੀਪ ਸਿੰਘ (ਆਤਮਾ ਸਕੀਮ) ਅਤੇ ਵੱਖ-ਵੱਖ ਪਿੰਡਾਂ ਦੇ ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ।