
ਉੱਚ-ਜੋਖ਼ਮ ਵਾਲੀਆਂ ਗਰਭਵਤੀ ਅੌਰਤਾਂ ਦੇ ਇਲਾਜ ’ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ: ਸਿਵਲ ਸਰਜਨ
ਮਾਤਰੀ ਮੌਤਾਂ ਦੇ ਕਾਰਨ, ਉਪਾਅ, ਨਿਗਰਾਨੀ ਤੇ ਕਾਰਵਾਈ ਸਬੰਧੀ ਦੋ ਰੋਜ਼ਾ ਸਿਖਲਾਈ ਵਰਕਸ਼ਾਪ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ:
ਮੁਹਾਲੀ ਦੇ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਦੀ ਪ੍ਰਧਾਨਗੀ ਹੇਠ ਮੈਡੀਕਲ ਕਾਲਜ ਮੁਹਾਲੀ ਵਿੱਚ ‘ਮਾਤਰੀ ਮੌਤ ਨਿਗਰਾਨੀ ਤੇ ਕਾਰਵਾਈ’ (ਐਮਡੀਐਸਆਰ) ਵਿਸ਼ੇ ’ਤੇ ਦੋ ਰੋਜ਼ਾ ਸਿਖਲਾਈ ਵਰਕਸ਼ਾਪ ਲਗਾਈ ਗਈ। ਜਿਸ ਵਿੱਚ ਮੁਹਾਲੀ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਤੋਂ ਸੀਨੀਅਰ ਮੈਡੀਕਲ ਅਫ਼ਸਰਾਂ, ਮੈਡੀਕਲ ਅਫ਼ਸਰਾਂ, ਸਟਾਫ਼ ਨਰਸਾਂ ਅਤੇ ਏਐਨਐਮਜ਼ ਨੇ ਹਿੱਸਾ ਲਿਆ।
ਸਿਵਲ ਸਰਜਨ ਨੇ ਕਿਹਾ ਕਿ ਮਾਤਰੀ ਮੌਤਾਂ ਰੋਕਣ ਲਈ ਐਮਡੀਐਸਆਰ ਨਿਰੰਤਰ ਚੱਲਣ ਵਾਲਾ ਨਿਗਰਾਨੀ ਸਿਸਟਮ ਹੈ, ਜਿਸ ਨਾਲ ਸਿਹਤ ਸੇਵਾਵਾਂ ਵਿੱਚ ਸੁਧਾਰ ਲਿਆ ਕੇ ਭਵਿੱਖ ਵਿੱਚ ਮਾਤਰੀ ਮੌਤਾਂ ਨੂੰ ਠੱਲ੍ਹ ਪਾਉਣ ਲਈ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ। ਮਾਤਰੀ ਮੌਤ ਦਰ ਘਟਾਉਣ ਲਈ ਹਰ ਗਰਭਵਤੀ ਅੌਰਤ ਦਾ ਇਸਤਰੀ ਰੋਗ ਮਾਹਰ ਡਾਕਟਰ ਕੋਲੋਂ ਨਿਰੰਤਰ ਚੈੱਕਅਪ ਕਰਵਾਇਆ ਜਾਵੇ ਅਤੇ ਹਾਈ ਰਿਸਕ ਜਾਂ ਉਚ ਜੋਖ਼ਮ ਵਾਲੀਆਂ ਅੌਰਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਮਾਤਰੀ ਮੌਤ ਨਿਗਰਾਨੀ ਅਤੇ ਕਾਰਵਾਈ ਸਿਖਲਾਈ ਦਾ ਮੁੱਖ ਉਦੇਸ਼ ਵੀ ਮਾਤਰੀ ਮੌਤ ਦਰ ਦੇ ਸਹੀ ਕਾਰਨਾਂ ਦਾ ਪਤਾ ਲਗਾ ਕੇ ਉਸ ਵਿੱਚ ਕਮੀ ਲਿਆਉਣਾ ਹੈ। ਉਨ੍ਹਾਂ ਦੱਸਿਆ ਕਿ ਮਾਤਰੀ ਮੌਤ ਨਿਗਰਾਨੀ ਅਤੇ ਕਾਰਵਾਈ ਇਕ ਜਾਂਚ, ਨਿਗਰਾਨੀ ਤੇ ਮੁਲਾਂਕਣ ਪ੍ਰਣਾਲੀ ਹੈ, ਜਿਸ ਵਿੱਚ ਗਰਭਵਤੀ ਅੌਰਤ ਦੀ ਮੌਤ ਦੇ ਕਾਰਨਾਂ ਦੀ ਪੜਤਾਲ ਕੀਤੀ ਜਾਂਦੀ ਹੈ ਅਤੇ ਕਾਰਨ ਸਮਝਣ ਤੋਂ ਬਾਅਦ ਹਾਈ ਰਿਸਕ ਅੌਰਤਾਂ ਸਮੇਤ ਗਰਭਵਤੀ ਅੌਰਤਾਂ ਨੂੰ ਕੁਪੋਸ਼ਣ ਮੁਕਤ ਕਰਨ, ਸਿਹਤ ਸੇਵਾਵਾਂ ਵਿੱਚ ਸੁਧਾਰ ਲਿਆਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਨਿਧੀ ਕੌਸ਼ਲ ਨੇ ਕਿਹਾ ਕਿ ਪਿਛਲੇ ਵਰ੍ਹਿਆਂ ਦੌਰਾਨ ਸਿਹਤ ਵਿਭਾਗ ਨੇ ਰਿਪੋਰਟਿੰਗ, ਮੁਲਾਂਕਣ ਅਤੇ ਐਕਸ਼ਨ ਪਲਾਨ ਨਾਲ ਮਾਤਰੀ ਮੌਤ ਦੀ ਮੁਲਾਂਕਣ ਪ੍ਰਕਿਰਿਆ ਸ਼ੁਰੂ ਕੀਤੀ ਸੀ, ਜਿਸ ਤਹਿਤ ਮਾਂ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾ ਕੇ ਠੋਸ ਯੋਜਨਾ ਉਲੀਕੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਵਰਕਸ਼ਾਪ ਦਾ ਮੁੱਖ ਉਦੇਸ਼ ਮਾਤਰੀ ਮੌਤ ਨਿਗਰਾਨੀ ਅਤੇ ਕਾਰਵਾਈ ਲਈ ਪ੍ਰਕਿਰਿਆ ਨੂੰ ਤੇਜ਼ ਅਤੇ ਪ੍ਰਬੰਧਨ ਨੂੰ ਮਜ਼ਬੂਤ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਮਾਤਰੀ ਮੌਤ ਦਾ ਗੁਪਤ ਮੁਲਾਂਕਣ ਕਰਵਾਉਣ ਲਈ ਇਕ ਸਿਸਟਮ ਸਥਾਪਿਤ ਕਰਨਾ ਜ਼ਰੂਰੀ ਹੈ ਅਤੇ ਮਾਤਰੀ ਮੌਤ ਦੇ ਕਾਰਨਾਂ ਦੇ ਮੁਲਾਂਕਣ ਨਾਲ ਭਵਿੱਖ ਵਿੱਚ ਠੋਸ ਕਦਮ ਚੁੱਕੇ ਜਾ ਸਕਦੇ ਹਨ। ਇਸ ਤਹਿਤ ਹਰ ਮਾਤਰੀ ਮੌਤ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਂਦੀ ਹੈ।

ਇਸ ਮੌਕੇ ਸਟੇਟ ਪ੍ਰੋਗਰਾਮ ਅਫ਼ਸਰ ਡਾ. ਇੰਦਰਦੀਪ ਕੌਰ, ਸਹਾਇਕ ਡਾਇਰੈਕਟਰ ਡਾ. ਵਿਨੀਤ ਨਾਗਪਾਲ, ਐਸਐਮਓ ਡਾ. ਸੁਰਿੰਦਰਪਾਲ ਕੌਰ, ਡਾ. ਅਲਕਜੋਤ ਕੌਰ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਗੁਰਦੀਪ ਕੌਰ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।