Share on Facebook Share on Twitter Share on Google+ Share on Pinterest Share on Linkedin ਪਾਦਰੀ ਦੇ 6.66 ਕਰੋੜ ਗੁੰਮ: ਮੁਲਜ਼ਮ ਥਾਣੇਦਾਰਾਂ ਦਾ ਖਾਸ ਮੁਖ਼ਬਰ ਸੁਰਿੰਦਰ ਸਿੰਘ ਗ੍ਰਿਫ਼ਤਾਰ ਦੋ ਥਾਣੇਦਾਰ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ, ਪੁਲੀਸ ਵੱਲੋਂ ਥਾਣੇਦਾਰਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਪਰੈਲ: ਜਲੰਧਰ ਦੇ ਪਾਦਰੀ ਦੀ 6.66 ਕਰੋੜ ਰੁਪਏ ਦੀ ਰਕਮ ਹੜੱਪ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਮੁਖ਼ਬਰ ਸੁਰਿੰਦਰ ਸਿੰਘ ਵਾਸੀ ਨੌਸ਼ਿਹਰਾ ਖੁਰਦ, ਜ਼ਿਲ੍ਹਾ ਗੁਰਦਾਸਪੁਰ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਮਾਮਲੇ ਸਬੰਧੀ ਪੰਜਾਬ ਪੁਲੀਸ ਦੇ ਮੁਹਾਲੀ ਸਥਿਤ ਸਟੇਟ ਕਰਾਈਮ ਥਾਣਾ ਫੇਜ਼-4 ਵਿੱਚ ਦੋ ਥਾਣੇਦਾਰਾਂ ਏਐਸਆਈ ਜੋਗਿੰਦਰ ਸਿੰਘ ਅਰਬਣ ਅਸਟੇਟ ਪਟਿਆਲਾ ਅਤੇ ਏਐਸਆਈ ਰਾਜਪ੍ਰੀਤ ਸਿੰਘ ਨਵੀਂ ਮਹਿੰਦਰਾ ਕਲੋਨੀ ਪਟਿਆਲਾ ਅਤੇ ਸੁਰਿੰਦਰ ਸਿੰਘ ਦੇ ਖ਼ਿਲਾਫ਼ ਬੀਤੀ 13 ਅਪਰੈਲ ਨੂੰ ਕੇਸ ਦਰਜ ਕੀਤਾ ਗਿਆ ਸੀ। ਇਸ ਕੇਸ ਵਿੱਚ ਨਾਮਜ਼ਦ ਉਕਤ ਦੋਵੇਂ ਥਾਣੇਦਾਰ ਫਿਲਹਾਲ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਏਆਈਜੀ ਰਾਕੇਸ਼ ਕੌਸ਼ਲ ਦੀ ਰਿਪੋਰਟ ਅਨੁਸਾਰ ਉਕਤ ਮਾਮਲੇ ਸਬੰਧੀ ਸਟੇਟ ਕਰਾਈਮ ਵਿੰਗ ਵੱਲੋਂ ਬੀਤੀ 15 ਅਪਰੈਲ ਨੂੰ ਪੰਜਾਬ ਪੁਲੀਸ ਕੰਟਰੋਲ ਰੂਮ ਚੰਡੀਗੜ੍ਹ ਦੇ ਇੰਚਾਰਜ ਨੂੰ ਪੱਤਰ ਲਿਖਿਆ ਗਿਆ ਸੀ। ਜਿਨ੍ਹਾਂ ਵੱਲੋਂ ਇਸ ਸਬੰਧੀ ਪੰਜਾਬ ਦੇ ਸਮੂਹ ਥਾਣਿਆਂ ਅਤੇ ਗੁਆਂਢੀ ਸੂਬਿਆਂ ਜਿਨ੍ਹਾਂ ਵਿੱਚ ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਦਿੱਲੀ ਅਤੇ ਉੱਤਰ ਪ੍ਰਦੇਸ਼ ਦੀ ਪੁਲੀਸ ਨੂੰ ਮੁਲਜ਼ਮਾਂ ਦੀਆਂ ਫੋਟੋਆਂ ਸਮੇਤ ਸਰਕੂਲਰ ਭੇਜਿਆ ਗਿਆ ਸੀ। ਜਿਸ ਦੇ ਸਿੱਟੇ ਵਜੋਂ ਪੁਲੀਸ ਦੇ ਹੱਥ ਇੱਕ ਵੱਡੀ ਸਫਲਤਾ ਲੱਗੀ। ਜਦੋਂ ਸਮਰਾਲਾ ਪੁਲੀਸ ਨੇ ਵਿਸ਼ੇਸ਼ ਨਾਕਾਬੰਦੀ ਦੌਰਾਨ ਸੁਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਸਟੇਟ ਕਰਾਈਮ ਪੁਲੀਸ ਦੇ ਹਵਾਲੇ ਕੀਤਾ ਗਿਆ। ਮੁਲਜ਼ਮ ਸੁਰਿੰਦਰ ਸਿੰਘ ਅੱਜ ਮੁਹਾਲੀ ਦੀ ਡਿਊਟੀ ਮੈਜਿਸਟਰੇਟ ਮੈਡਮ ਜੈਸਿਕਾ ਸੂਦ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਛੇ ਦਿਨ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਮੁਲਜ਼ਮ ਨੂੰ 23 ਅਪਰੈਲ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜਾਂਚ ਟੀਮ ਅਨੁਸਾਰ ਪੁਲੀਸ ਰਿਮਾਂਡ ਦੌਰਾਨ ਉਕਤ ਕੇਸ ਸਬੰਧੀ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਸਬੰਧੀ ਪੰਜਾਬ ਸਰਕਾਰ ਦੇ ਹੁਕਮਾਂ ’ਤੇ ਡੀਜੀਪੀ ਵੱਲੋਂ ਆਈਜੀ (ਕਰਾਈਮ) ਪਰਵੀਨ ਕੁਮਾਰ ਸਿਨਹਾ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ (ਸਿੱਟ) ਦਾ ਗਠਨ ਕੀਤਾ ਗਿਆ ਹੈ। ਜਿਸ ਵਿੱਚ ਜਲੰਧਰ ਪੁਲੀਸ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਅਤੇ ਏਆਈਜੀ ਰਾਕੇਸ਼ ਕੌਸ਼ਲ ਨੂੰ ਸ਼ਾਮਲ ਕੀਤਾ ਗਿਆ ਹੈ। ਉਂਜ ਐਸਆਈਟੀ ਦੀ ਓਵਰਆਲ ਨਿਗਰਾਨੀ ਬਿਊਰੋ ਆਫ਼ ਇਨਵੇਸਟੀਗੇਸ਼ਨ ਪ੍ਰਬੋਧ ਕੁਮਾਰ ਕਰ ਰਹੇ ਹਨ। ਪੁਲੀਸ ਨੇ ਮੁਲਜ਼ਮ ਥਾਣੇਦਾਰਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਅਤੇ ਪਾਦਰੀ ਦੇ ਪੈਸੇ ਬਰਾਮਦ ਕਰਨ ਲਈ ਕਾਰਵਾਈ ਤੇਜ਼ ਕਰ ਦਿੱਤੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਉਕਤ ਕੇਸ ਵਿੱਚ ਨਾਮਜ਼ਦ ਥਾਣੇਦਾਰ ਅਤੇ ਸਰਕਾਰੀ ਮੁਖ਼ਬਰ ਆਪਣੀ ਗ੍ਰਿਫ਼ਤਾਰੀ ਤੋਂ ਬਚਨ ਲਈ ਰੂਪੋਸ਼ ਹੋ ਗਏ ਹਨ। ਜਿਨ੍ਹਾਂ ਦੀ ਭਾਲ ਵਿੱਚ ਉਨ੍ਹਾਂ ਦੇ ਟਿਕਾਣਿਆਂ ਦੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੇ ਪਰਿਵਾਰਕ ਮੈਂਬਰਾਂ ’ਤੇ ਦਬਾਅ ਬਣਾਇਆ ਜਾ ਰਿਹਾ ਹੈ। ਸੂਤਰ ਦੱਸਦੇ ਹਨ ਕਿ ਇਸ ਮਾਮਲੇ ਵਿੱਚ ਡੀਐਸਪੀ ਰੈਂਕ ਦੇ ਅਧਿਕਾਰੀ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਕਤ ਅਧਿਕਾਰੀ ਡਿਊਟੀ ਤੋਂ ਕਥਿਤ ਤੌਰ ’ਤੇ ਗ਼ੈਰ ਹਾਜ਼ਰ ਚੱਲ ਰਹੇ ਸੀ। ਉਂਜ ਵੀ ਪਾਦਰੀ ਤੋਂ ਪੈਸਿਆਂ ਦੀ ਬਰਾਮਦਗੀ ਸਬੰਧੀ ਪੁਲੀਸ ਵੱਲੋਂ ਘੜੀ ਗਈ ਕਹਾਣੀ ਵੀ ਕਈ ਪ੍ਰਕਾਰ ਦੇ ਸ਼ੰਕੇ ਖੜੇ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਅਧਿਕਾਰੀ ਨੇ ਇੱਕ ਮੁਖ਼ਬਰ ਖਾਸ ਦੀ ਸੂਚਨਾ ’ਤੇ ਜਲੰਧਰ ਸਥਿਤ ਪਾਦਰੀ ਦੇ ਘਰੋਂ ਸਾਢੇ 15 ਕਰੋੜ ਤੋਂ ਵੱਧ ਰਕਮ ਬਰਾਮਦ ਕੀਤੀ ਗਈ ਸੀ ਪ੍ਰੰਤੂ ਪੁਲੀਸ ਨੇ ਇਸ ਰਾਸ਼ੀ ’ਚੋਂ 6.66 ਕਰੋੜ ਹੜੱਪ ਕਰਦਿਆਂ ਸਾਢੇ 9 ਕਰੋੜ ਰੁਪਏ ਦੀ ਬਰਾਮਦਗੀ ਦਿਖਾਈ ਗਈ। ਇਸ ਸਬੰਧੀ ਪੁਲੀਸ ਦੀ ਛਾਪਾਮਾਰ ਟੀਮ ਜਲੰਧਰ ਪੁਲੀਸ ਅਤੇ ਆਮਦਨ ਕਰ ਵਿਭਾਗ ਨੂੰ ਵੀ ਇਤਲਾਹ ਦੇਣ ਦੀ ਲੋੜ ਨਹੀਂ ਸਮਝੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ