
ਸੀਸਵਾਂ ਮਾਰਗ ’ਤੇ ਦੋਵੇਂ ਪਾਸੇ ਬਣਨਗੇ ਸਪੀਡ ਬਰੈਕਰ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 4 ਦਸੰਬਰ:
ਇੱਥੋਂ ਦੇ ਨੇੜਲੇ ਪਿੰਡ ਬੂਥਗੜ੍ਹ ਵਿਖੇ ਸੀਸਵਾਂ ਮਾਰਗ ਨੂੰ ਨਿਊ ਚੰਡੀਗੜ੍ਹ ਪ੍ਰਾਜੈਕਟ ਰਾਹੀਂ ਵੱਡੀ ਸੜਕ ਨਾਲ ਜੋੜਨ ਵਾਲੀ ਸੜਕ ਤੇ ਕੱਟ ਨਾ ਹੋਣ ਦੀ ਇਲਾਕੇ ਦੇ ਸੈਕੜੇ ਪਿੰਡਾਂ ਦੇ ਲੋਕਾਂ ਦੀ ਚਿਰੋਕਣੀ ਮੰਗ ਨੂੰ ਅੱਜ ਜਗਮੋਹਨ ਸਿੰਘ ਕੰਗ ਸਾਬਕਾ ਕੈਬਨਿਟ ਮੰਤਰੀ ਦੇ ਯਤਨਾਂ ਸਦਕਾ ਉਸ ਸਮੇਂ ਬੂਰ ਪੈਣਾ ਸ਼ੁਰੂ ਹੋ ਗਿਆ ਜਦੋਂ ਇਸ ਸੜਕ ਨੂੰ ਅੱਜ ਸੀਸਵਾਂ ਮਾਰਗ ਨਾਲ ਸਿੱਧੇ ਤੌਰ ’ਤੇ ਜੋੜਨ ਲਈ ਵਿਭਾਗ ਵੱਲੋਂ ਕੱਟ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸੀਸਵਾਂ ਮਾਰਗ ਰਾਹੀਂ ਰਾਜਧਾਨੀ ਚੰਡੀਗੜ੍ਹ ਜਾਣ ਵਾਲੇ ਇਲਾਕੇ ਦੇ ਸੈਕੜੇ ਪਿੰਡਾਂ ਦੇ ਲੋਕਾਂ ਨੂੰ ਇਸ ਸੜਕ ਤੇ ਕੱਟ ਨਾ ਹੋਣ ਕਾਰਨ ਕਰੀਬ ਦਸ ਸੌ ਮੀਟਰ ਦਾ ਸਫ਼ਰ ਪੁੱਠੀ ਸਾਈਡ ਕਰਨਾ ਪੈਂਦਾ ਸੀ, ਜਿਸ ਕਾਰਨ ਇਹ ਇਲਾਕਾ ਹਾਦਸਿਆਂ ਦਾ ਘਰ ਬਣਦਾ ਜਾ ਰਿਹਾ ਸੀ ਅਤੇ ਇਲਾਕੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਦੀ ਇਸ ਸੜਕ ਤੇ ਬੂਥਗੜ੍ਹ ਨੇੜੇ ਇਸ ਪੁਆਇੰਟ ਤੇ ਕੱਟ ਬਣਾਉਣ ਦੀ ਚਿਰਾਂ ਤੋਂ ਮੰਗ ਚੱਲੀ ਆ ਰਹੀ ਸੀ। ਪਿਛਲੇ ਦਿਨੀਂ ਇਲਾਕੇ ਦੇ ਲੋਕਾਂ ਵੱਲੋਂ ਇਸ ਸਬੰਧੀ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਕੋਲ ਇਸ ਸਮੱਸਿਆ ਦਾ ਜਿਕਰ ਕੀਤਾ ਗਿਆ ਸੀ ਅਤੇ ਸ. ਕੰਗ ਵੱਲੋਂ ਹਲਕਾ ਵਾਸੀਆਂ ਨੂੰ ਪੇਸ਼ ਆ ਰਹੀ ਇਸ ਸਮੱਸਿਆ ਦਾ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ।
ਅੱਜ ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ. ਜਗਮੋਹਨ ਸਿੰਘ ਕੰਗ ਸਾਬਕਾ ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਸੜਕ ਤੇ ਕੱਟ ਬਣਾਉਣ ਦਾ ਕੰਮ ਅੱਜ ਸ਼ੁਰੂ ਹੋ ਗਿਆ ਹੈ ਅਤੇ ਆਉਂਦੇ ਦੋ ਤਿੰਨ ਦਿਨਾਂ ਤੱਕ ਇਹ ਕੰਮ ਪੂਰਾ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸੜਕ ਨੂੰ ਸੀਸਵਾਂ ਮਾਰਗ ਨਾਲ ਜੋੜਣ ਲਈ ਹਾਦਸਿਆਂ ਤੋਂ ਬਚਾਅ ਲਈ ਸੀਸਵਾਂ ਮਾਰਗ ਤੇ ਬੂਥਗੜ੍ਹ ਸਕੂਲ ਨੇੜੇ ਸਪੀਡ ਬਰੇਕਰਜ਼ ਬਣਾਏ ਜਾਣਗੇ, ਤਾਂ ਜੋ ਤੇਜ ਰਫ਼ਤਾਰ ਵਾਹਨਾਂ ਦੀ ਸਪੀਡ ਇੱਥੇ ਘੱਟ ਹੋ ਸਕੇ ਅਤੇ ਇਸ ਨਵੀਂ ਸੜਕ ਰਾਹੀਂ ਚੰਡੀਗੜ੍ਹ ਜਾਣ ਵਾਲੇ ਵਾਹਨ ਆਸਾਨੀ ਨਾਲ ਮੁੜ ਸਕਣ। ਸ. ਕੰਗ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਉਹ ਹਲਕੇ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹਨ ਅਤੇ ਹਲਕਾ ਵਾਸੀਆਂ ਦੀਆਂ ਸਮੁੱਚੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਲਈ ਹਰ ਸੰਭਵ ਯਤਨ ਕਰਦੇ ਰਹਿਣਗੇ। ਇਸ ਮੌਕੇ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਮੌਕੇ ਤੇ ਹਾਜਰ ਸਨ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦੋ ਤਿੰਨ ਦਿਨਾਂ ਲਈ ਚੰਡੀਗੜ੍ਹ ਜਾਣ ਵਾਲੀ ਸਮੁੱਚੀ ਟ੍ਰੈਫਿਕ ਨੂੰ ਰੌਂਗ ਸਾਈਡ ਜਾਣਾ ਪਵੇਗਾ ਅਤੇ ਉਹ ਜਲਦੀ ਤੋਂ ਜਲਦੀ ਇਸ ਕੰਮ ਨੂੰ ਨੇਪਰੇ ਚਾੜਣ ਦਾ ਯਤਨ ਕਰਨਗੇ। ਉਨ੍ਹਾਂ ਇਸ ਮਾਰਗ ਰਾਹੀਂ ਗੁਜਰਣ ਵਾਲਿਆਂ ਤੋਂ ਆਉਣ ਵਾਲੇ ਦੋ ਤਿੰਨ ਦਿਨਾਂ ਲਈ ਸਹਿਯੋਗ ਦੀ ਵੀ ਮੰਗ ਕੀਤੀ ਹੈ।