ਤੇਜ਼ ਰਫ਼ਤਾਰ ਮਰਸਡੀਜ਼ ਨੇ ਦੋ ਡਲਿਵਰੀ ਬੁਆਏ ਨੌਜਵਾਨਾਂ ਨੂੰ ਮਾਰੀ ਟੱਕਰ, ਗੰਭੀਰ ਜ਼ਖ਼ਮੀ
ਹਾਦਸੇ ਤੋਂ ਬਾਅਦ ਬੇਕਾਬੂ ਹੋਈ ਮਰਸਡੀਜ ਕਾਰ ਮਾਰਕੀਟ ਦੀ ਪਾਰਕਿੰਗ ਵਿੱਚ ਜਾ ਕੇ ਪਲਟੀ
ਨਬਜ਼-ਏ-ਪੰਜਾਬ, ਮੁਹਾਲੀ, 31 ਦਸੰਬਰ:
ਮੁਹਾਲੀ ਵਿੱਚ ਇੱਕ ਤੇਜ਼ ਰਫ਼ਤਾਰ ਮਰਸਡੀਜ ਕਾਰਨ ਨੇ ਦੋ ਡਲਿਵਰੀ ਬੁਆਏਜ਼ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦੀ ਪਛਾਣ ਸ਼ਰਨਜੀਤ ਸਿੰਘ ਵਾਸੀ ਕਰਮ ਪੱਟੀ (ਸ੍ਰੀ ਮੁਕਤਸਰ ਸਾਹਿਬ) ਅਤੇ ਜਗਜੀਤ ਸਿੰਘ ਵਾਸੀ ਖਰੜ ਵਜੋਂ ਹੋਈ ਹੈ। ਇਹ ਹਾਦਸਾ ਇੱਥੋਂ ਦੇ ਫੇਜ਼-3ਬੀ-2 ਵਿਖੇ ਸੋਮਵਾਰ ਤੜਕੇ ਸਵੇਰੇ ਵਾਪਰਿਆ ਦੱਸਿਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਤੇਜ਼ ਰਫ਼ਤਾਰ ਮਰਸਡੀਜ ਕਾਰ ਫੇਜ਼-7 ਵਾਲੇ ਪਾਸਿਓਂ ਆ ਰਹੀ ਸੀ ਅਤੇ ਕਟਾਣੀ ਢਾਬਾ ਟੀ-ਪੁਆਇੰਟ ਨੇੜੇ ਇਹ ਕਾਰ ਸੜਕ ਵਿਚਕਾਰ ਖੱਡੇ ਕਾਰਨ ਅਚਾਨਕ ਬੇਕਾਬੂ ਹੋ ਗਈ ਅਤੇ ਸਵੇਰੇ ਕਰੀਬ ਚਾਰ ਵਜੇ ਆਪੋ-ਆਪਣੇ ਮੋਟਰ ਸਾਈਕਲਾਂ ’ਤੇ ਜਾ ਰਹੇ ਦੋ ਡਲਿਵਰੀ ਬੁਆਏਜ਼ ਨੂੰ ਆਪਣੇ ਲਪੇਟੇ ਵਿੱਚ ਲੈ ਲਿਆ। ਜਿਸ ਕਾਰਨ ਸ਼ਰਨਜੀਤ ਸਿੰਘ ਅਤੇ ਜਗਜੀਤ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਹਾਦਸੇ ਤੋਂ ਬਾਅਦ ਮਰਸਡੀਜ ਕਾਰ ਗਰੀਨ ਬੈਲਟ ਦੀ ਰੇਲਿੰਗ ਨੂੰ ਤੋੜ ਕੇ ਮਾਰਕੀਟ ਦੀ ਪਾਰਕਿੰਗ ਵਿੱਚ ਪਲਟ ਗਈ। ਕਾਰ ਅਗਲਾ ਹਿੱਸਾ ਬੂਰੀ ਤਰ੍ਹਾਂ ਚਕਨਾਚੂਰ ਹੋ ਗਿਆ। ਮਰਸਡੀਜ ਕਾਰ ਚਾਲਕ ਇੰਦਰਜੀਤ ਸਿੰਘ ਨੂੰ ਵੀ ਸੱਟਾਂ ਲੱਗੀਆਂ ਹਨ ਪ੍ਰੰਤੂ ਉਹ ਜ਼ਖ਼ਮੀ ਹਾਲਤ ਵਿੱਚ ਹੀ ਮੌਕੇ ਤੋਂ ਫ਼ਰਾਰ ਹੋ ਗਿਆ। ਜਦੋਂਕਿ ਦੋਵੇਂ ਜ਼ਖ਼ਮੀ ਡਲਿਵਰੀ ਬੁਆਏਜ਼ ਸ਼ਰਨਜੀਤ ਸਿੰਘ ਅਤੇ ਜਗਜੀਤ ਸਿੰਘ ਨੂੰ ਇਲਾਜ ਲਈ ਤੁਰੰਤ ਸਰਕਾਰੀ ਹਸਪਤਾਲ ਫੇਜ਼-6 ਵਿੱਚ ਪਹੁੰਚਾਇਆ ਗਿਆ ਪ੍ਰੰਤੂ ਡਾਕਟਰਾਂ ਨੇ ਸ਼ਰਨਜੀਤ ਸਿੰਘ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਪੀਜੀਆਈ ਹਸਪਤਾਲ ਚੰਡੀਗੜ੍ਹ ਰੈਫ਼ਰ ਕਰ ਦਿੱਤਾ। ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਉਧਰ, ਮਟੌਰ ਥਾਣਾ ਦੇ ਐਸਐਚਓ ਅਮਨਦੀਪ ਤਰੀਕਾ ਨੇ ਦੱਸਿਆ ਕਿ ਇਸ ਸਬੰਧੀ ਮਰਸਡੀਜ ਕਾਰ ਦੇ ਚਾਲਕ ਇੰਦਰਜੀਤ ਸਿੰਘ ਵਾਸੀ ਸੈਕਟਰ-39, ਚੰਡੀਗੜ੍ਹ ਦੇ ਖ਼ਿਲਾਫ਼ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਚਾਲਕ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲੀਸ ਨੇ ਹਾਦਸਾਗ੍ਰਸਤ ਮਰਸਡੀਜ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।