nabaz-e-punjab.com

ਤੇਜ਼ ਰਫ਼ਤਾਰ ਟੈਕਸੀ ਕਾਰ ਗੰਦੇ ਨਾਲ ਦੇ ਪੁਲਾਂ ਹੇਠ ਡਿੱਗੀ, ਇੱਕ ਦੀ ਮੌਤ, ਤਿੰਨ ਜ਼ਖ਼ਮੀ, ਕਾਰ ਚਾਲਕ ਮੌਕੇ ਤੋਂ ਫਰਾਰ

ਜ਼ੀਰਕਪੁਰ ਦੇ ਇੱਕ ਮੈਰਿਜ ਪੈਲੇਸ ਵਿੱਚ ਵਿਆਹ ਸਮਾਰੋਹ ’ਚੋਂ ਵਾਪਸ ਸੰਨ੍ਹੀ ਇਨਕਲੇਵ ਆਪਣੇ ਘਰ ਪਰਤ ਰਹੇ ਸੀ ਰਿਸ਼ਤੇਦਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਕਤੂਬਰ:
ਮੁਹਾਲੀ ਏਅਰਪੋਰਟ ਸੜਕ ’ਤੇ ਸਥਿਤ ਟੀਡੀਆਈ ਸਿਟੀ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ ਕਾਰ ਵਿੱਚ ਸਵਾਰ ਤਿੰਨ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਟੈਕਸੀ ਚਾਲਕ ਜ਼ਖ਼ਮੀ ਹਾਲਤ ਵਿੱਚ ਕਾਰ ਵਿੱਚ ਸਵਾਰ ਜ਼ਖ਼ਮੀਆਂ ਨੂੰ ਤੜਫ਼ਦਾ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਬਲੌਂਗੀ ਪੁਲੀਸ ਉਸ ਦੀ ਭਾਲ ਕਰ ਰਹੀ ਹੈ। ਉਂਜ ਪੁਲੀਸ ਨੇ ਹਾਦਸਾ ਗ੍ਰਸਤ ਨੂੰ ਕਾਰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਮ੍ਰਿਤਕ ਦੀ ਪਛਾਣ ਪਾਲ ਚੰਦ (47) ਵਾਸੀ ਲਹਿਰਾਗਾਗਾ (ਸੰਗਰੂਰ) ਵਜੋਂ ਹੋਈ ਹੈ। ਉਹ ਕੱਪੜੇ ਦਾ ਵਪਾਰ ਕਰਦਾ ਸੀ। ਜ਼ਖ਼ਮੀ ਸੁਖਦੇਵ ਰਾਮ ਦੀ ਲੱਤ ਟੁੱਟ ਗਈ ਹੈ ਜਦੋਂਕਿ ਦੂਜੇ ਜ਼ਖ਼ਮੀ ਸੋਮਨਾਥ ਵਾਸੀ ਸੰਨ੍ਹੀ ਇਨਕਲੇਵ (ਖਰੜ) ਦੇ ਚੂਲੇ ਵਿੱਚ ਫੈਕਚਰ ਹੈ। ਉਸ ਨੂੰ ਪੀਜੀਆਈ ਹਸਪਤਾਲ ਚੰਡੀਗੜ੍ਹ ਵਿੱਚ ਰੈਫਰ ਕੀਤਾ ਗਿਆ ਹੈ। ਤੀਜੇ ਜ਼ਖ਼ਮੀ ਬਿੱਟੂ ਸਿੰਘ ਨੂੰ ਮੁੱਢਲੀ ਮੈਡੀਕਲ ਸਹਾਇਤਾ ਤੋਂ ਬਾਅਦ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।
ਗੰਦੇ ਨਾਲ ਦੇ ਪੁਲਾਂ ਹੇਠਾਂ
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਤੇਜ਼ ਰਫ਼ਤਾਰ ਨਾਲ ਵਾਪਰਿਆ ਹੈ। ਏਅਰਪੋਰਟ ਸੜਕ 200 ਫੁੱਟ ਚੌੜੀ ਹੋਣ ਕਾਰਨ ਚਾਲਕ ਬੜੀ ਤੇਜ ਰਫ਼ਤਾਰ ਅਤੇ ਲਾਪਰਵਾਹੀ ਨਾਲ ਚਲਾ ਰਿਹਾ ਸੀ। ਰਸਤੇ ਵਿੱਚ ਬੇਕਾਬੂ ਹੋਈ ਟੈਕਸੀ ਕਾਰ ਟੀਡੀਆਈ ਨੇੜਿਓਂ ਲੰਘਦੇ ਗੰਦੇ ਪਾਣੀ ਦੇ ਨਾਲੇ (ਪਟਿਆਲਾ ਕੀ ਰਾਓ) ਪੁਲ ਦੇ ਹੇਠਾਂ ਖਤਾਨਾਂ ਵਿੱਚ ਜਾ ਡਿੱਗੀ। ਜ਼ਖ਼ਮੀ ਸੋਮ ਨਾਥ ਦੇ ਲੜਕੇ ਕੇਸ਼ਵਜੀਤ ਦਾ ਜ਼ੀਰਕਪੁਰ ਦੇ ਇੱਕ ਮੈਰਿਜ ਪੈਲੇਸ ਵਿੱਚ ਵਿਆਹ ਸੀ। ਵਿਆਹ ਤੋਂ ਬਾਅਦ ਅੱਜ ਤੜਕੇ ਸਵੇਰੇ ਕਰੀਬ 2 ਵਜੇ ਲਾੜੇ ਦਾ ਪਿਤਾ ਸੋਮਨਾਥ ਪ੍ਰਾਈਵੇਟ ਟੈਕਸੀ ਕਰਕੇ ਆਪਣੇ ਰਿਸ਼ਤੇਦਾਰ ਪਾਲ ਚੰਦ, ਸੁਖਦੇਵ ਰਾਮ, ਬਿੱਟੂ ਸਮੇਤ ਵਾਪਸ ਆਪਣੇ ਘਰ ਸੰਨ੍ਹੀ ਇਨਕਲੇਵ ਪਰਤ ਰਹੇ ਸੀ। ਜਦੋਂ ਉਹ ਟੀਡੀਆਈ ਸਿਟੀ ਦੇ ਪੁਲ ਕੋਲ ਪਹੁੰਚੇ ਤਾਂ ਟੈਕਸੀ ਚਾਲਕ ਆਪਣਾ ਸੰਤੁਲਨ ਖੋਹ ਬੈਠਾ ਅਤੇ ਬੇਕਾਬੂ ਹੋਈ ਕਾਰ ਪੁਲ ਤੋਂ ਹੇਠਾਂ ਜਾ ਡਿੱਗੀ।
ਇਸ ਸਬੰਧੀ ਮ੍ਰਿਤਕ ਪਾਲ ਚੰਦ ਦੇ ਲੜਕੇ ਅਰਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਨੇ ਫੋਨ ’ਤੇ ਇਤਲਾਹ ਦਿੱਤੀ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਜਿਸ ਪ੍ਰਾਈਵੇਟ ਟੈਕਸੀ ਵਿੱਚ ਸਵਾਰ ਸਨ। ਉਹ ਕਾਰ ਬਲੌਂਗੀ ਨੇੜੇ ਪੁਲ ਤੋਂ ਹੇਠਾਂ ਡਿੱਗ ਗਈ ਹੈ। ਸੂਚਨਾ ਮਿਲਦੇ ਹੀ ਅਰਸ਼ ਕੁਮਾਰ ਤੁਰੰਤ ਆਪਣੇ ਹੋਰਨਾਂ ਰਿਸਤੇਦਾਰਾਂ ਨਾਲ ਮੌਕੇ ’ਤੇ ਪਹੁੰਚੇ ਅਤੇ ਕਿਸੇ ਤਰ੍ਹਾਂ ਜ਼ਖ਼ਮੀਆਂ ਨੂੰ ਕਾਰ ’ਚੋਂ ਕੱਢਿਆ ਅਤੇ ਐਂਬੂਲੈਂਸ ਦੀ ਮਦਦ ਨਾਲ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਨੇ ਜ਼ਖ਼ਮੀਆਂ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਸੈਕਟਰ-32, ਚੰਡੀਗੜ੍ਹ ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ। ਜਿਥੇ ਡਾਕਟਰਾਂ ਨੇ ਪਾਲ ਚੰਦ ਨੂੰ ਮ੍ਰਿਤਕ ਐਲਾਨ ਦਿੱਤਾ।
ਉਧਰ, ਬਲੌਂਗੀ ਥਾਣਾ ਦੇ ਐਸਐਚਓ ਮਨਫੂਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਹਾਦਸਾ ਗ੍ਰਸ਼ਤ ਪ੍ਰਾਈਵੇਟ ਟੈਕਸੀ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਣਪਛਾਤੇ ਕਾਰ ਚਾਲਕ ਦੇ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਫਰਾਰ ਹੋਏ ਕਾਰ ਚਾਲਕ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਥਾਣਾ ਮੁਖੀ ਨੇ ਦੱਸਿਆ ਕਿ ਭਲਕੇ ਮੰਗਲਵਾਰ ਨੂੰ ਸਰਕਾਰੀ ਹਸਪਤਾਲ ਵਿੱਚ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…